ਭਾਸ਼ਾ ਵਿਭਾਗ ਨੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਲਈ ਦਰਖਾਸਤਾਂ ਮੰਗੀਆਂ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਜਨਵਰੀ
ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰ-2025 ਲਈ ਕਿਤਾਬਾਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ 11 ਪੁਰਸਕਾਰਾਂ ਲਈ 2024 ਵਿਚ ਛਪੀਆਂ ਪੁਸਤਕਾਂ ਵਿਭਾਗ ਦੇ ਮੁੱਖ ਦਫ਼ਤਰ ਸ਼ੇਰਾਂ ਵਾਲਾ ਗੇਟ ਵਿਚ ਡਾਕ ਰਾਹੀਂ ਜਾਂ ਦਸਤੀ 31 ਮਾਰਚ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਵਿਭਾਗ ਵੱਲੋਂ ਵੱਧ ਤੋਂ ਵੱਧ ਲੇਖਕਾਂ ਨੂੰ ਇਨਾਮਾਂ ਦੇ ਘੇਰੇ ਵਿਚ ਲਿਆਉਣ ਲਈ ਨਿਯਮਾਂ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਤਹਿਤ ਅੱਗੇ ਤੋਂ ਹਰ ਸਾਲ ਨਾਵਲ ਤੇ ਕਹਾਣੀ/ਮਿੰਨੀ ਕਹਾਣੀ ਦੀਆਂ ਸਰਵੋਤਮ ਪੁਸਤਕਾਂ ਨੂੰ ਵੱਖ-ਵੱਖ ਪੁਰਸਕਾਰ ਦਿੱਤੇ ਜਾਣਗੇ। ਭਾਸ਼ਾ ਵਿਭਾਗ ਨੇ ਕਿਹਾ ਹੈ ਕਿ ਭਾਰਤੀ ਸਾਹਿਤ ਅਕਾਦਮੀ, ਯੁਵਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੁਸਤਕਾਂ ਨੂੰ ਭਾਸ਼ਾ ਵਿਭਾਗ ਦੇ ਪੁਰਸਕਾਰਾਂ ਲਈ ਵਿਚਾਰਿਆ ਨਹੀਂ ਜਾਵੇਗਾ। ਇੱਕ ਲੇਖਕ ਇੱਕ ਵਿਧਾ ਵਿਚ ਇੱਕ ਵਾਰ ਹੀ ਭਾਸ਼ਾ ਵਿਭਾਗ ਦਾ ਪੁਰਸਕਾਰ ਪ੍ਰਾਪਤ ਕਰ ਸਕਦਾ ਹੈ। ਜ਼ਫ਼ਰ ਨੇ ਦੱਸਿਆ ਕਿ ਪੁਰਸਕਾਰਾਂ ਲਈ ਨਿਯਮ ਅਤੇ ਬਿਨੈ ਪੱਤਰ ਦਾ ਨਮੂਨਾ ਵਿਭਾਗ ਦੀ ਵੈਬਸਾਈਟ ਅਤੇ ਫੇਸਬੁੱਕ ਪੇਜ ’ਤੇ ਉਪਲਬਧ ਹੈ। ਜ਼ਫਰ ਨੇ ਕਿਹਾ ਕਿ ਸਰਵੋਤਮ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ, ਸਵੈ-ਜੀਵਨੀ, ਯਾਦਾਂ ਤੇ ਰੇਖਾ ਚਿੱਤਰ), ਨਾਨਕ ਸਿੰਘ ਪੁਰਸਕਾਰ (ਨਾਵਲ), ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ ਤੇ ਮਿੰਨੀ ਕਹਾਣੀ), ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ, ਸਫ਼ਰਨਾਮਾ ਤੇ ਵਿਅੰਗ), ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ), ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ ਤੇ ਇਕਾਂਗੀ), ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ), ਐੱਮ.ਐਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ ਤੇ ਸੰਪਾਦਨ), ਸ੍ਰੀ ਗੁਰੂ ਹਰਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ), ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ ਤੇ ਖੋਜ) ਅਤੇ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ ਲਈ ਪੁਸਤਕਾਂ ਦੀ ਮੰਗ ਕੀਤੀ ਗਈ ਹੈ।