ਮਾਨਸਾ ਵਿੱਚ ਭਾਸ਼ਾ ਵਿਭਾਗ ਨੇ ਜ਼ਿਲ੍ਹਾ ਪੱਧਰੀ ਕੁਇਜ਼ ਕਰਵਾਏ
ਪੱਤਰ ਪ੍ਰੇਰਕ
ਮਾਨਸਾ, 20 ਅਕਤੂਬਰ
ਭਾਸ਼ਾ ਦਫ਼ਤਰ ਮਾਨਸਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਕਰਵਾਏ ਗਏ, ਜਿਸ ਦੌਰਾਨ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗਾਂ ਦੇ ਜ਼ਿਲ੍ਹੇ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਮੁਕਾਬਲੇ ਲਈ ਆਏ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਭਾਸ਼ਾ ਵਿਭਾਗ ਦੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਤਿੰਨੇ ਵਰਗਾਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1000 ਰੁਪਏ, 750 ਰੁਪਏ, 500 ਰੁਪਏ ਨਕਦ ਇਨਾਮ ਤੇ ਸਰਟੀਫਿਕੇਟ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪਹਿਲੇ ਵਰਗ ‘ੳ’ ਵਿੱਚ ਪਹਿਲਾ ਸਥਾਨ ਕੰਵਲਜੋਤ ਕੌਰ ਮਾਨਸਾ, ਦੂਜਾ ਸਥਾਨ ਸੰਚਪ੍ਰੀਤ ਕੌਰ ਜਮਾਤ ਮਾਨਸਾ ਅਤੇ ਤੀਜਾ ਸਥਾਨ ਅਭਿਨੰਦਨ ਜਮਾਤ ਸੱਦਾ ਸਿੰਘ ਵਾਲਾ ਨੇ ਪ੍ਰਾਪਤ ਕੀਤਾ। ਵਰਗ ‘ਅ’ ’ਚ ਪਹਿਲਾ ਸਥਾਨ ਅਕਾਸ਼ਦੀਪ ਸਿੰਘ ਰਾਏਪੁਰ, ਦੂਜਾ ਸਥਾਨ ਭਿੰਦਰ ਸਿੰਘ ਮੀਆਂ ਅਤੇ ਤੀਜਾ ਸਥਾਨ ਨਵਜੋਤ ਕੌਰ ਜਮਾਤ ਨੰਗਲ ਕਲਾਂ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਰਗ ‘ੲ’ ਵਿੱਚ ਪਹਿਲਾ ਸਥਾਨ ਰਿੰਪੀ ਕੌਰ ਮਾਨਸਾ, ਦੂਜਾ ਸਥਾਨ ਸੁਖਮਨ ਕੌਰ ਚਹਿਲ ਮਾਨਸਾ ਅਤੇ ਇਸੇ ਕਾਲਜ ਦੇ ਸਿਮਰਜੀਤ ਕੌਰ ਬੀ.ਏ. ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕਿੱਤਾ। ਉਨ੍ਹਾਂ ਦੱਸਿਆ ਕਿ ਤਿੰਨੇ ਵਰਗਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹੁਣ ਰਾਜ ਪੱਧਰ ’ਤੇ ਹੋਣ ਵਾਲੇ ਮੁਕਾਬਲੇ ਵਿੱਚ ਹਿੱਸਾ ਲੈਣਗੇ।