ਲੰਗਾਹ ਨੇ ‘ਸ਼ਕਤੀ ਪ੍ਰਦਰਸ਼ਨ’ ਕਰ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਲਾਏ ਰਗੜੇ
ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 22 ਮਈ
ਸ਼੍ਰੋਮਣੀ ਅਕਾਲੀ ਦਲ ਤੋਂ ਕਰੀਬ ਸੱਤ ਸਾਲ ਪਹਿਲਾਂ ਕੱਢੇ ਗਏ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਕਲਾਨੌਰ ’ਚ ਇੱਕ ਭਰਵਾਂ ਇਕੱਠ ਕਰ ਕੇ ਆਪਣੀ ਹੀ ਪਾਰਟੀ ਦੇ ਸੀਨੀਅਰ ਲੀਡਰਾਂ ਅਤੇ ਕੁਝ ਹਲਕਾ ਇੰਚਾਰਜਾਂ ਨੂੰ ਰਗੜੇ ਲਗਾਏ। ਉਨ੍ਹਾਂ ਦੱਸਿਆ ਕਿ ਉਹ 32 ਸਾਲ ਜ਼ਿਲ੍ਹਾ ਪ੍ਰਧਾਨ ਰਹੇ, ਪਰ ਲੰਘੇ ਸੱਤ ਸਾਲਾਂ ਤੋਂ ਹਾਸ਼ੀਏ ’ਤੇ ਧੱਕ ਦਿੱਤਾ ਗਿਆ। ਇਸ ਇਕੱਠ ’ਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਨੌਂ ਹਲਕਿਆਂ ਤੋਂ ਲੋਕ ਪਹੁੰਚੇ ਸਨ। ਇਸ ਮੌਕੇ ਸ੍ਰੀ ਲੰਗਾਹ ਨੇ ਇੱਕ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ’ਚ ਹਲਕਾ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਹਮਾਇਤ ਕਰਨ। ਸ੍ਰੀ ਲੰਗਾਹ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਕੁਝ ਲੀਡਰ ਉਨ੍ਹਾਂ ਨੂੰ ਇਹ ਕਹਿੰਦਿਆਂ ਭੰਡਦੇ ਹਨ ਕਿ ਲੰਗਾਹ ਪਰਿਵਾਰ ਦੇ ਪੱਲੇ ਕੁਝ ਨਹੀਂ ਹੈ। ਇਸੇ ਕਾਰਨ ਉਸ ਨੂੰ ਆਪਣੀ ‘ਸ਼ਕਤੀ ਦਾ ਮੁਜ਼ਾਹਰਾ’ ਕਰਨਾ ਪਿਆ। ਉਨ੍ਹਾਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਰਹੇ ਗੁਰਬਚਨ ਸਿੰਘ ਬੱਬੇਹਾਲੀ ਅਤੇ ਦੋ ਹਲਕਾ ਇੰਚਾਰਜਾਂ ’ਤੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਉਹ ਪਾਰਟੀ ਪ੍ਰਤੀ ਗੰਭੀਰ ਨਹੀਂ ਹਨ ਸਗੋਂ ਪਾਰਟੀ ਨੂੰ ਅੰਦਰੋਂ-ਅੰਦਰ ਖੋਖਲਾ ਕਰ ਰਹੇ ਹਨ। ਇਸ ਮੌਕੇ ਸੁੱਚਾ ਸਿੰਘ ਲੰਗਾਹ ਦੇ ਪੁੱਤ ਸੁਖਜਿੰਦਰ ਸਿੰਘ ਲੰਗਾਹ ਨੇ ਕੁਝ ਦਿਨ ਪਹਿਲਾਂ ਪਾਰਟੀ ਛੱਡਕੇ ਭਾਜਪਾ ’ਚ ਗਏ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ।