ਪਾਪੂਆ ਨਿਊ ਗਿਨੀ ਵਿੱਚ ਢਿੱਗਾਂ ਡਿੱਗੀਆਂ; 670 ਵਿਅਕਤੀਆਂ ਦੀ ਮੌਤ ਦਾ ਖਦਸ਼ਾ
ਮੈਲਬਰਨ: ਕੌਮਾਂਤਰੀ ਪਰਵਾਸ ਸੰਸਥਾ (ਆਈਓਐੱਮ) ਨੇ ਪਾਪੂਆ ਨਿਊ ਗਿਨੀ ਵਿੱਚ ਵੱਡੀ ਪੱਧਰ ’ਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਢਿੱਗਾਂ ਡਿੱਗਣ ਕਾਰਨ 100 ਵਿਅਕਤੀਆਂ ਦੀ ਮੌਤ ਹੋਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਪਰਵਾਸ ਏਜੰਸੀ ਦੇ ਮਿਸ਼ਨ ਮੁਖੀ ਸੇਰਹਾਨ ਐਕਟੋਪ੍ਰਾਕ ਨੇ ਕਿਹਾ ਕਿ ਮੌਤਾਂ ਦਾ ਸੋਧਿਆ ਹੋਇਆ ਅੰਕੜਾ ਯਮਬਲੀ ਪਿੰਡ ਅਤੇ ਐਂਗਾ ਪ੍ਰਾਂਤ ਦੇ ਅਧਿਕਾਰੀਆਂ ਦੀ ਗਿਣਤੀ ’ਤੇ ਆਧਾਰਿਤ ਹੈ। ਸ਼ੁੱਕਰਵਾਰ ਨੂੰ ਢਿੱਗਾਂ ਡਿੱਗਣ ਕਾਰਨ 150 ਤੋਂ ਵੱਧ ਮਕਾਨ ਦੱਬ ਗਏ ਸਨ ਜਦਕਿ ਪਹਿਲਾਂ 60 ਮਕਾਨ ਦੱਬਣ ਦਾ ਅਨੁਮਾਨ ਲਗਾਇਆ ਗਿਆ ਸੀ। ਐਕਟੋਪ੍ਰਾਕ ਨੇ ‘ਐਸੋਸੀਏਟਿਡ ਪ੍ਰੈੱਸ’ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਹ ਅਨੁਮਾਨ ਲਗਾ ਰਹੇ ਹਨ ਕਿ 670 ਤੋਂ ਵੱਧ ਲੋਕ ਮਿੱਟੀ ਹੇਠ ਦੱਬੇ ਹਨ।’’ ਐਤਵਾਰ ਤੱਕ ਸਿਰਫ਼ ਪੰਜ ਲਾਸ਼ਾਂ ਅਤੇ ਇਕ ਹੋਰ ਵਿਅਕਤੀ ਦਾ ਇਕ ਪੈਰ ਬਰਾਮਦ ਹੋਇਆ ਸੀ।
ਪਾਪੂਆ ਨਿਊ ਗਿਨੀ ਵਿੱਚ ਰਾਹਤ ਕਾਰਜ ਜਾਰੀ ਹਨ ਅਤੇ ਬਚਾਅ ਦਲ ਦੇ ਕਰਮਚਾਰੀ ਜਿਊਂਦੇ ਬਚੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਹਾਇਤਾ ਕਰਮੀਆਂ ਨੇ ਛੇ ਤੋਂ ਅੱਠ ਮੀਟਰ (20 ਤੋਂ 26 ਫੁੱਟ) ਡੂੰਘਾਈ ਵਿੱਚ ਜ਼ਮੀਨ ਤੇ ਮਲਬੇ ਹੇਠ ਦੱਬੇ ਲੋਕਾਂ ਦੇ ਜਿਊਂਦੇ ਮਿਲਣ ਦੀ ਆਸ ਛੱਡ ਦਿੱਤੀ ਹੈ। ਇਸ ਵਿਚਾਲੇ, ਦੱਖਣੀ ਪ੍ਰਸ਼ਾਂਤ ਦੀਪ ਦੀ ਸਰਕਾਰ ਇਸ ਗੱਲ ’ਤੇ ਵਿਚਾਰ ਕਰ ਰਹੀ ਹੈ ਕਿ ਕੀ ਉਸ ਨੂੰ ਵਧੇਰੇ ਕੌਮਾਂਤਰੀ ਸਮਰਥਨ ਲਈ ਅਧਿਕਾਰਤ ਤੌਰ ’ਤੇ ਅਪੀਲ ਕਰਨ ਦੀ ਲੋੜ ਹੈ। -ਏਪੀ