Landmine Explosion near LoC: ਰਾਜੌਰੀ ਵਿੱਚ LoC ਨੇੜੇ ਬਾਰੂਦੀ ਸੁਰੰਗ ਫਟਣ ਕਾਰਨ ਛੇ ਜਵਾਨ ਜ਼ਖ਼ਮੀ
ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਕੰਟਰੋਲ ਲਕੀਰ ਦੇ ਭਾਰਤ ਵਾਲੇ ਪਾਸੇ ਘੁਸਪੈਠ ਤੇ ਦਹਿਸ਼ਤਗਰਦੀ ਰੋਕਣ ਲਈ ਬੀੜੀਆਂ ਜਾਂਦੀਆਂ ਨੇ ਇਹ ਬਾਰੂਦੀ ਸੁਰੰਗਾਂ; ਕਈ ਵਾਰ ਮੀਂਹ ਆਦਿ ਕਾਰਨ ਆਪਣੇ ਅਸਲ ਟਿਕਾਣੇ ਤੋਂ ਖਿਸਕ ਜਾਣ ਕਰ ਕੇ ਬਣਦੀਆਂ ਨੇ ਅਜਿਹੇ ਹਾਦਸਿਆਂ ਦਾ ਕਾਰਨ
ਜੰਮੂ, 14 ਜਨਵਰੀ
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (LoC) ਨੇੜੇ ਇੱਕ ਬਾਰੂਦੀ ਸੁਰੰਗ ਧਮਾਕੇ ਵਿੱਚ ਛੇ ਸੈਨਿਕ ਜ਼ਖ਼ਮੀ ਹੋ ਗਏ। ਇਹ ਧਮਾਕਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਧਮਾਕਾ ਹੋਇਆ।
ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ, "ਇਹ ਘਟਨਾ ਸਵੇਰੇ 10.45 ਵਜੇ ਦੇ ਕਰੀਬ ਵਾਪਰੀ ਜਦੋਂ ਕੰਟਰੋਲ ਰੇਖਾ ਦੇ ਨੌਸ਼ਹਿਰਾ ਸੈਕਟਰ ਵਿੱਚ ਗਸ਼ਤ ਕਰ ਰਹੇ ਇੱਕ ਫ਼ੌਜੀ ਜਵਾਨ ਨੇ ਗਲਤੀ ਨਾਲ ਇੱਕ ਬਾਰੂਦੀ ਸੁਰੰਗ 'ਤੇ ਪੈਰ ਰੱਖ ਦਿੱਤਾ, ਜਿਸ ਕਾਰਨ ਛੇ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਫੌਜੀ ਜਵਾਨਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ।"
ਗ਼ੌਰਤਲਬ ਹੈ ਕਿ ਭਾਰਤ ਵਾਲੇ ਪਾਸੇ ਐਲਓਸੀ ਦੇ ਨੇੜਲੇ ਖੇਤਰਾਂ ਨੂੰ ਬਾਰੂਦੀ ਸੁਰੰਗਾਂ ਲਗਾ ਕੇ ਸੁਰੱਖਿਅਤ ਕੀਤਾ ਗਿਆ ਹੈ ਤਾਂ ਜੋ ਕੰਟਰੋਲ ਰੇਖਾ ਦੇ ਭਾਰਤ ਵਾਲੇ ਪਾਸੇ ਘੁਸਪੈਠ ਅਤੇ ਦਹਿਸ਼ਤਗਰਦੀ ਸਰਗਰਮੀਆਂ ਨੂੰ ਠੱਲ੍ਹ ਪਾਈ ਜਾ ਸਕੇ।
ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ, "ਸਾਡੇ ਪਾਸੇ ਕੰਟਰੋਲ ਰੇਖਾ ਦੇ ਨੇੜੇ ਲਗਾਈਆਂ ਗਈਆਂ ਕੁਝ ਬਾਰੂਦੀ ਸੁਰੰਗਾਂ ਮੀਂਹ ਆਦਿ ਕਾਰਨ ਆਪਣੀ ਉਸ ਅਸਲ ਜਗ੍ਹਾ ਤੋਂ ਹਿੱਲ ਜਾਂਦੀਆਂ ਹਨ, ਜਿੱਥੇ ਉਨ੍ਹਾਂ ਨੂੰ ਗਸ਼ਤ ਦੇ ਨਕਸ਼ੇ 'ਤੇ ਦਰਸਾਇਆ ਗਿਆ ਹੁੰਦਾ ਹੈ। ਅੱਜ ਵਰਗੇ ਦੁਖਾਂਤ ਇਨ੍ਹਾਂ ਬਾਰੂਦੀ ਸੁਰੰਗਾਂ ਕਾਰਨ ਹੀ ਵਾਪਰਦੇ ਹਨ, ਜਿਨ੍ਹਾਂ ਨੂੰ ਡ੍ਰਿਫਟ ਮਾਈਨਜ਼ (drift mines ਭਾਵ ਅਸਲ ਥਾਂ ਤੋਂ ਹਿੱਲੀਆਂ ਹੋਈਆਂ ਬਾਰੂਦੀ ਸੁਰੰਗਾਂ) ਕਿਹਾ ਜਾਂਦਾ ਹੈ।’’ -ਆਈਏਐਨਐਸ