ਕਿਰਾਏਦਾਰਾਂ ਵੱਲੋਂ ਮਕਾਨ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ
ਜੋਗਿੰਦਰ ਸਿੰਘ ਮਾਨ/ਸੱਤ ਪ੍ਰਕਾਸ਼ ਸਿੰਗਲਾ
ਮਾਨਸਾ/ਬਰੇਟਾ, 25 ਜੂਨ
ਜ਼ਿਲ੍ਹੇ ਦੇ ਕਸਬਾ ਬਰੇਟਾ ਦੀ ਟੋਹਾਣਾ ਬਸਤੀ ਵਿੱਚ ਘਰ ਖਾਲੀ ਕਰਵਾਉਣ ਕਾਰਨ ਦੋ ਕਿਰਾਏਦਾਰਾਂ ਨੇ ਆਪਣੇ ਕੁਝ ਸਾਥੀਆਂ ਨਾਲ ਰਲ ਕੇ ਮਕਾਨ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ (62) ਵਜੋਂ ਹੋਈ ਹੈ। ਮੁਲਜ਼ਮਾਂ ਵੱਲੋਂ ਘਰ ਵਿੱਚ ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਸਾਰਾ ਪਰਿਵਾਰ ਰਾਤ ਦੀ ਰੋਟੀ ਖਾ ਰਿਹਾ ਸੀ। ਜਾਣਕਾਰੀ ਅਨੁਸਾਰ ਪ੍ਰੇਮ ਚੰਦ ਸੇਵਾਮੁਕਤ ਮੁਲਾਜ਼ਮ ਸੀ, ਜਿਸ ਕੋਲ ਕੁਝ ਸਮਾਂ ਪਹਿਲਾਂ ਦੋ ਵਿਅਕਤੀ ਕਿਰਾਏ ‘ਤੇ ਰਹਿੰਦੇ ਸਨ। ਪ੍ਰੇਮ ਚੰਦ ਵੱਲੋਂ ਕਮਰਾ ਖਾਲੀ ਕਰਵਾਉਣ ‘ਤੇ ਇਨ੍ਹਾਂ ਵਿੱਚ ਤਕਰਾਰ ਹੋ ਗਈ, ਜਿਸ ਦੀ ਰੰਜਿਸ਼ ਤਹਿਤ ਬੀਤੀ ਰਾਤ ਉਨ੍ਹਾਂ ਨੇ ਪ੍ਰੇਮ ਚੰਦ ਦੇ ਘਰ ਆ ਕੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਦੂਜੇ ਪਾਸੇ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਮੁਲਜ਼ਮਾਂ ਦੀ ਪਛਾਣ ਕਰ ਲੈਣ ਦਾ ਦਾਅਵਾ ਕੀਤਾ ਹੈ। ਪੁਲੀਸ ਮੁਖੀ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਫੜਨ ਲਈ ਪੁਲੀਸ ਦੀਆਂ ਟੀਮਾਂ ਨੂੰ ਭੇਜਿਆ ਗਿਆ ਹੈ ਅਤੇ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਬਰੇਟਾ ਪੁਲੀਸ ਨੇ ਇਸ ਮਾਮਲੇ ‘ਚ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਚਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਇਸ ਸਬੰਧੀ ਹੋਰ ਦੱਸਿਆ ਕਿ ਬਰੇਟਾ ਦੇ ਵਾਰਡ ਨੰਬਰ ਤਿੰਨ ‘ਚ ਸਰਕਾਰੀ ਗਰਲਜ਼ ਸਕੂਲ ਬਰੇਟਾ ਦੇ ਸੇਵਾਮੁਕਤ ਸੇਵਾਦਾਰ ਪ੍ਰੇਮ ਕੁਮਾਰ ਰਹਿੰਦਾ ਸੀ ਅਤੇ ਉਸ ਦਾ ਇਕ ਮਕਾਨ ਬੱਸ ਸਟੈਂਡ ਨਜ਼ਦੀਕ ਸੀ। ਉਸ ਨੇ ਤਿੰਨ ਕੁ ਮਹੀਨੇ ਪਹਿਲਾਂ ਕਿਰਾਏ ‘ਤੇ ਦੋ ਵਿਅਕਤੀਆਂ ਨੂੰ ਇਹ ਮਕਾਨ ਦਿੱਤਾ ਸੀ, ਪਰ ਹੁਣ ਕੁੱਝ ਦਿਨ ਪਹਿਲਾਂ ਪ੍ਰੇਮ ਕੁਮਾਰ ਨੇ ਇਹ ਘਰ ਖਾਲੀ ਕਰਵਾ ਲਿਆ ਸੀ। ਪੁਲੀਸ ਅਧਿਕਾਰੀ ਅਨੁਸਾਰ ਮ੍ਰਿਤਕ ਪ੍ਰੇਮ ਕੁਮਾਰ ਦੀ ਪਤਨੀ ਚੀਨਾ ਦੇਵੀ ਵੱਲੋਂ ਪੁਲੀਸ ਨੂੰ ਲਿਖਾਏ ਬਿਆਨਾਂ ਮੁਤਾਬਕ ਪੂਰਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਵਿੱਚ ਖਾਣਾ ਖਾ ਰਹੇ ਸਨ, ਅਚਾਨਕ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋਕੇ ਚਾਰ ਜਾਣਿਆਂ ਨੇ ਘਰ ਦਾ ਦਰਵਾਜ਼ਾ ਖੁੱਲ੍ਹਵਾਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪ੍ਰੇਮ ਕੁਮਾਰ ਦੇ ਮੋਢੇ ‘ਚ ਗੋਲੀ ਲੱਗਣ ਕਾਰਨ ਉਹ ਡਿੱਗ ਗਏ ਅਤੇ ਉਕਤ ਵਿਅਕਤੀ ਫਰਾਰ ਹੋ ਗਈ। ਉਨ੍ਹਾਂ ਕਿਹਾ ਕਿ ਪ੍ਰੇਮ ਕੁਮਾਰ ਨੂੰ ਜਖ਼ਮੀ ਹਾਲਤ ‘ਚ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਡਕਾਟਰਾਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਲਈ ਰੈਫ਼ਰ ਕੀਤਾ, ਜਿਸ ਦੀ ਉਥੇ ਜਾਕੇ ਮੌਤ ਹੋ ਗਈ।
ਪੁਲੀਸ ਅਧਿਕਾਰੀ ਅਨੁਸਾਰ ਇਸ ਮਾਮਲੇ ਵਿੱਚ ਕਸੂਰਵਾਰ ਕਿਰਾਏਦਾਰ ਸੁਰੇਸ਼ ਕੁਮਾਰ, ਮਕੈਨਿਕ ਜਗਦੀਸ਼ ਅਤੇ ਦੋ ਹੋਰ ਅਣਪਛਾਤਿਆਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਭੇਜ ਦਿੱਤਾ ਹੈ।
ਪ੍ਰੇਮ ਕੁਮਾਰ ਦੀ ਲੜਕੀ ਦੀ ਅੱਜ ਸੀ ਮੰਗਣੀ
ਮ੍ਰਿਤਕ ਪ੍ਰੇਮ ਕੁਮਾਰ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਹਨ, ਜਿਨ੍ਹਾਂ ‘ਚੋਂ ਪੰਜ ਦਾ ਵਿਆਹ ਹੋ ਚੁੱਕਾ ਹੈ, ਜਦੋਂ ਕਿ ਸਭ ਤੋਂ ਛੋਟੀ ਲੜਕੀ ਦਾ ਅੱਜ ਐਤਵਾਰ ਨੂੰ ਸੰਗਰੂਰ ਵਿੱਚ ਮੰਗਣੀ ਹੋਣੀ ਸੀ।