ਹਰਿਆਣਾ ’ਚ ਬੇਜ਼ਮੀਨੇ ਲੋਕਾਂ ਨੂੰ ਛੇਤੀ ਮਿਲਣਗੇ ਸੌ-ਸੌ ਗਜ਼ ਦੇ ਪਲਾਟ
ਆਤਿਸ਼ ਗੁਪਤਾ
ਚੰਡੀਗੜ੍ਹ, 12 ਨਵੰਬਰ
ਹਰਿਆਣਾ ਵਿੱਚ ਨਵੀਂ ਬਣੀ ਨਾਇਬ ਸਿੰਘ ਸੈਣੀ ਦੀ ਸਰਕਾਰ ਨੇ ਚੋਣਾਂ ਦੌਰਾਨ ਗਰੀਬ ਲੋਕਾਂ ਨੂੰ 100-100 ਗਜ਼ ਦੇ ਪਲਾਟ ਦੇਣ ਸਬੰਧੀ ਕੀਤੇ ਵਾਅਦੇ ਨੂੰ ਪੂਰਾ ਕਰਨ ਵੱਲ ਕਦਮ ਪੁੱਟ ਲਿਆ ਹੈ। ਇਸ ਸਬੰਧੀ ਸਰਕਾਰ ਨੇ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦਾ ਖਾਕਾ ਜਲਦ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਅੱਜ ਹਾਊਸਿੰਗ ਫਾਰ ਆਲ ਵਿਭਾਗ ਦੇ ਡਾਇਰੈਕਟਰ ਜੇ. ਗਣੇਸ਼ਨ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਯੋਜਨਾ ਦਾ ਡਰਾਫਟ ਜਲਦ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਅਧੀਨ ਬੇਜ਼ਮੀਨੇ ਤੇ ਗਰੀਬ ਪਰਿਵਾਰਾਂ ਨੂੰ ਘਰ ਬਣਾਉਣ ਲਈ ਪਲਾਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਜੋੜਿਆ ਜਾਵੇਗਾ। ਇਸ ਤਰ੍ਹਾਂ ਗਰੀਬ ਵਿਅਕਤੀ ਨੂੰ ਜ਼ਮੀਨ ਸਰਕਾਰ ਵੱਲੋਂ ਦਿੱਤੀ ਜਾਵੇਗੀ ਅਤੇ ਉਸਾਰੀ ਲਈ ਢਾਈ ਲੱਖ ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਸੂਬੇ ਵਿਚ 5 ਲੱਖ ਲੋਕਾਂ ਨੇ ਪਲਾਟ ਲਈ ਬਿਨੈ ਕੀਤਾ ਸੀ। ਸ਼ੁਰੂਆਤ ਵਿੱਚ ਸਰਕਾਰ ਵੱਲੋਂ 2 ਲੱਖ ਲੋਕਾਂ ਨੂੰ ਪਲਾਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਪਹਿਲੇ ਪੜਾਅ ਵਿੱਚ 8 ਜ਼ਿਲ੍ਹਿਆਂ ’ਚ ਨਿਜੀ ਡਿਵੈਲਪਰ ਵੱਲੋਂ ਈਡਬਲਿਊਐੱਸ ਸ਼੍ਰੇਣੀ ’ਚ ਬਣਾਏ ਗਏ 6618 ਫਲੈਟਸ ਦੀ ਅਲਾਟਮੈਂਟ ਵੀ ਜਲਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ-23 ਜਗਾਧਰੀ ਵਿੱਚ 2000 ਲਾਭਪਾਤਰੀਆਂ ਨੂੰ ਮਕਾਨ ਨਿਰਮਾਣ ਸ਼ੁਰੂ ਕਰਨ ਤਹਿਤ ਪਲਾਟ ਦਾ ਕਬਜ਼ਾ ਦਿੱਤਾ ਜਾਵੇਗਾ।