ਜ਼ਮੀਨੀ ਸੰਗਰਾਮ ਕਾਨਫਰੰਸ: ਕਿਸਾਨਾਂ ਤੋਂ ਜ਼ਮੀਨੀ ਹੱਕ ਖੋਹਣ ਦਾ ਵਿਰੋਧ
ਸ਼ਗਨ ਕਟਾਰੀਆ/ਰਮਨਦੀਪ ਸਿੰਘ
ਬਠਿੰਡਾ/ਰਾਮਪੁਰਾ ਫੂਲ, 13 ਫਰਵਰੀ
ਜ਼ਿਲ੍ਹੇ ਦੇ ਪਿੰਡ ਜਿਉਂਦ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ‘ਜ਼ਮੀਨੀ ਸੰਗਰਾਮ’ ਕਾਨਫਰੰਸ ਕੀਤੀ ਗਈ। ਕਾਨਫਰੰਸ ’ਚ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਬੁਲਾਰਿਆਂ ਨੇ ਜੱਦੀ ਪੁਸ਼ਤੀ ਕਬਜ਼ੇ ਹੇਠਲੀਆਂ ਜ਼ਮੀਨਾਂ ਦੇ ਮਾਲਕੀ ਹੱਕ ਮੁਜਾਰੇ ਕਿਸਾਨਾਂ ਤੋਂ ਖੋਹਣ ’ਤੇ ਵਿਰੋਧ ਜਤਾਇਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਿਉਂਦ ਜ਼ਮੀਨੀ ਘੋਲ ਸਿਰਫ਼ ਜਿਉਂਦ ਦੇ ਮੁਜਾਰੇ ਕਿਸਾਨਾਂ ਦਾ ਹੀ ਨਹੀਂ, ਬਲਕਿ ਪੰਜਾਬ ਪੱਧਰ ਦਾ ਸੰਘਰਸ਼ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਹੁਕਮਾਂ ਦੇ ਓਹਲੇ ਹਕੂਮਤਾਂ ਵੱਲੋਂ ਧਾੜਵੀ ਬਣ ਕੇ ਜਿਉਂਦ ਦੀ ਕਰੀਬ ਸੱਤ ਸੌ ਏਕੜ ਜ਼ਮੀਨ ’ਤੇ ਧਾਵਾ ਬੋਲਿਆ ਗਿਆ। ਉਨ੍ਹਾਂ ਆਖਿਆ ਭਾਵੇਂ ਇਹ ਹਮਲਾ ਡਟਵਾਂ ਜਥੇਬੰਦਕ ਵਿਰੋਧ ਕਰਕੇ ਮੌਕੇ ’ਤੇ ਹੀ ਰੋਕ ਲਿਆ ਗਿਆ, ਪਰ ਪੰਜਾਬ ਦੇ 800 ਦੇ ਕਰੀਬ ਪਿੰਡਾਂ ਦੀਆਂ ਜੱਦੀ ਪੁਸ਼ਤੀ ਕਬਜ਼ੇ ਹੇਠਲੀਆਂ ਅਜਿਹੀਆਂ ਇੱਕ ਲੱਖ ਏਕੜ ਤੋਂ ਵੱਧ ਜ਼ਮੀਨਾਂ ਖ਼ਤਰੇ ਹੇਠਾਂ ਹਨ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਮੰਡੀ ਨੀਤੀ ਖਰੜੇ ਦਾ ਨਿਸ਼ਾਨਾ ਫ਼ਸਲਾਂ ਦੀ ਅੰਨ੍ਹੀ ਲੁੱਟ ਜ਼ਰੀਏ ਜ਼ਮੀਨਾਂ ਹਥਿਆ ਕੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਵੱਲ ਸੇਧਿਤ ਹੈ। ਕਾਨਫਰੰਸ ਰਾਹੀਂ ਮੰਗ ਕੀਤੀ ਗਈ ਕਿ 1948 ਦੇ ਨੋਟੀਫਿਕੇਸ਼ਨ ਤਹਿਤ 117 ਸਾਲ ਤੋਂ ਵੱਧ ਸਮੇਂ ਤੋਂ ਜ਼ਮੀਨਾਂ ’ਤੇ ਕਾਬਜ਼ ਜਿਉਂਦ ਦੇ ਮੁਜਾਰੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਤੇ 20 ਜਨਵਰੀ ਨੂੰ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ’ਤੇ ਮੜ੍ਹੇ ਝੂਠੇ ਕੇਸ ਰੱਦ ਕੀਤੇ ਜਾਣ। ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਅਜਿਹੇ ਮੁਜ਼ਾਰੇ ਕਿਸਾਨਾਂ, ਆਬਾਦਕਾਰ ਕਿਸਾਨਾਂ ਅਤੇ ਸਰਕਾਰੀ ਨਜ਼ੂਲ ਜ਼ਮੀਨਾਂ ਉੱਤੇ ਕਾਸ਼ਤ ਤੇ ਰਿਹਾਇਸ਼ ਕਰ ਰਹੇ ਕਿਸਾਨਾਂ, ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਖੇਤੀ ਮੰਡੀ ਨੀਤੀ ਖਰੜਾ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਕਾਨਫਰੰਸ ਨੂੰ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਡਾ. ਨਵਸ਼ਰਨ, ਡਾ. ਪ੍ਰਮਿੰਦਰ ਸਿੰਘ, ਕੰਵਲਜੀਤ ਸਿੰਘ ਹਰਿਆਣਾ, ਸਾਬਕਾ ਸੈਨਿਕਾਂ ਦੇ ਆਗੂ ਪ੍ਰਗਟ ਸਿੰਘ, ਠੇਕਾ ਮੁਲਾਜ਼ਮਾਂ ਵੱਲੋਂ ਵਰਿੰਦਰ ਸਿੰਘ ਮੋਮੀ, ਲਛਮਣ ਸਿੰਘ ਸੇਵੇਵਾਲਾ, ਮਨਜੀਤ ਸਿੰਘ ਧਨੇਰ, ਨਿਰਭੈ ਸਿੰਘ ਢੁੱਡੀਕੇ ਤੇ ਰੂਲਦੂ ਸਿੰਘ ਮਾਨਸਾ ਆਦਿ ਨੇ ਸੰਬੋਧਨ ਕੀਤਾ।