ਜ਼ਮੀਨ ਕਬਜ਼ਾ ਮਾਮਲਾ: ਬੀਕੇਯੂ ਉਗਰਾਹਾਂ ਵੱਲੋਂ ਥਾਣੇ ਅੱਗੇ ਧਰਨਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਜੁਲਾਈ
ਇੱਥੋਂ ਨੇੜਲੇ ਪਿੰਡ ਤੁਰੀ ਦੇ ਕਿਸਾਨ ਪਰਿਵਾਰ ਦੀ ਜ਼ਮੀਨ ਨੂੰ ਗੁਆਂਢੀ ਪਿੰਡ ਦੇ ਰਸੂਖ਼ਦਾਰ ਪਰਿਵਾਰ ਵੱਲੋਂ ਕਥਿਤ ਪ੍ਰਸ਼ਾਸਨ ਦੀ ਸ਼ਹਿ ’ਤੇ ਧੱਕੇਸ਼ਾਹੀ ਨਾਲ ਵਾਹੁਣ ਦੇ ਵਿਰੋਧ ਵਿੱਚ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਥਾਣੇ ਅੱਗੇ ਧਰਨਾ ਦਿੱਤਾ ਗਿਆ।
ਇਸ ਮੌਕੇ ਯੂਨੀਅਨ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਾਕ ਆਗੂ ਹਰਜੀਤ ਸਿੰਘ ਮਹਿਲਾਂ, ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ ਨੇ ਦੱਸਿਆ ਕਿ ਪਿੰਡ ਮਾਝੀ ਦੇ ਵਿਅਕਤੀ ਨੇ ਆਪਣੇ ਆਈਏਐਸ ਅਧਿਕਾਰੀ ਪੁੱਤਰ ਦੇ ਕਥਿਤ ਰਸੂਖ਼ ਨਾਲ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਆਪਣੀ ਜ਼ਮੀਨ ਦੀ ਮਿਣਤੀ ਕਰਵਾ ਕੇ ਗੁਆਂਢੀ ਪਿੰਡ ਤੁਰੀ ਦੇ ਕਿਸਾਨ ਬਲਕਾਰ ਸਿੰਘ, ਪੁਸ਼ਪਿੰਦਰ ਸਿੰਘ, ਨੌਨਿਹਾਲ ਸਿੰਘ, ਅਭੀਜੀਤ ਸਿੰਘ ਦੀ ਜ਼ਮੀਨ ਵਿੱਚ ਵੱਟ ਪਵਾ ਕੇ ਕਬਜ਼ਾ ਕਰ ਲਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪੀੜਤ ਕਿਸਾਨ ਇਸ ਧੱਕੇਸ਼ਾਹੀ ਖ਼ਿਲਾਫ਼ ਬੋਲਣ ਲੱਗੇ ਤਾਂ ਉਨ੍ਹਾਂ ਨੂੰ ਕਥਿਤ ਥਾਣੇ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਇਸ ਧੱਕੇਸ਼ਾਹੀ ਦਾ ਡਟਵਾਂ ਵਿਰੋਧ ਕਰਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਸੋਮਵਾਰ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਯੂਨੀਅਨ ਵੱਲੋਂ ਜ਼ਿਲ੍ਹਾ ਕਮੇਟੀ ਨਾਲ ਸੰਪਰਕ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਧਰਨੇ ਵਿੱਚ ਪੀੜਤ ਪਰਿਵਾਰ ਸਣੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵੱਲੋਂ ਵੀ ਮਿਣਤੀ ਕਰਵਾਈ ਸੀ। ਇਸ ਵਿੱਚ ਉਨ੍ਹਾਂ ਦੀ ਜ਼ਮੀਨ ਵਿੱਚ ਕੋਈ ਵਾਧੂ ਜ਼ਮੀਨ ਨਹੀਂ ਨਿਕਲੀ ਸੀ ਅਤੇ ਉਨ੍ਹਾਂ ਦੀ ਜ਼ਮੀਨ ਉੱਤੇ ਸਟੇਅ ਵੀ ਮਿਲੀ ਹੋਈ ਹੈ ਪਰ ਫਿਰ ਵੀ ਧੱਕਾ ਕੀਤਾ ਗਿਆ ਹੈ।
ਬਿਨਾਂ ਪੱਖਪਾਤ ਦੇ ਕੀਤੀ ਜਾ ਰਹੀ ਹੈ ਕਾਰਵਾਈ: ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਜ਼ਮੀਨੀ ਝਗੜੇ ਵਿਚ ਬਿਨਾਂ ਕਿਸੇ ਪੱਖਪਾਤ ਤੋਂ ਕਾਰਵਾਈ ਕੀਤੀ ਗਈ ਹੈ। ਫਿਰ ਵੀ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਧਿਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਸਕਦੀ ਹੈ।