ਜ਼ਮੀਨੀ ਵਿਵਾਦ: ਸ਼ਮਸ਼ਾਨਘਾਟ ’ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਨਵੰਬਰ
ਇੱਥੋਂ ਨਜ਼ਦੀਕੀ ਪਿੰਡ ਘਲੌੜੀ ਵਿਖੇ ਸ਼ਮਸ਼ਾਨਘਾਟ ਵਿੱਚ ਤੀਹ ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨਵਨੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਉਹ ਇਥੇ ਸਨੌਰੀ ਅੱਡੇ ਵਿਚਲੀ ਮਿਰਚ ਮੰਡੀ ਦਾ ਵਸਨੀਕ ਸੀ। ਮਾਮਲਾ ਜ਼ਮੀਨੀ ਵਿਵਾਦ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਇਸ ਸਮੇਂ ਮੁਹਾਲੀ ਵਿੱਚ ਰਹਿੰਦਾ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੁਗਣ ਦੀ ਰਸਮ ਤਹਿਤ ਇਥੇ ਘਲੌੜੀ ਸਥਿਤ ਸ਼ਮਸ਼ਾਨਘਾਟ ਵਿੱਚ ਆਇਆ ਹੋਇਆ ਸੀ। ਜਦੋਂ ਉਹ ਇੱਥੇ ਹੋਰਨਾਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਸ਼ਮਸ਼ਾਨਘਾਟ ਵਿੱਚ ਮੌਜੂਦ ਸੀ ਤਾਂ ਸਵਿਫਟ ਕਾਰ ਵਿੱਚ ਆਏ ਦੋ ਜਣਿਆਂ ਵਿੱਚੋਂ ਇੱਕ ਨੇ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਥਾਣਾ ਕੋਤਵਾਲੀ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਸੀਆਈਏ ਸਟਾਫ ਦੇ ਇੰਚਾਰਜ ਸ਼ਮਿੰਦਰ ਸਿੰਘ ਘਟਨਾ ਸਥਾਨ ’ਤੇ ਪਹੁੰਚ ਗਏ। ਐੱਸਪੀ (ਸਿਟੀ) ਸਰਫਰਾਜ ਆਲਮ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਇੰਸਪੈਕਟਰ ਹਰਜਿੰਦਰ ਢਿੱਲੋਂ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਦੇ ਬਿਆਨਾਂ ’ਤੇ ਮਿੱਠੂ ਸਿੰਘ ਵਾਸੀ ਪਿੰਡ ਦਿੱਤੂਪੁਰ ਜ਼ਿਲ੍ਹਾ ਪਟਿਆਲਾ ਸਮੇਤ ਦੋ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਨਵਨੀਤ ਸਿੰਘ ਨੂੰ ਨੇੜਲੇ ਪਿੰਡ ਦੇ ਵਸਨੀਕ ਮਰਹੂਮ ਹਰਦੀਪ ਸਿੰਘ ਬਾਵਾ ਨੇ ਗੋਦ ਲਿਆ ਹੋਇਆ ਸੀ। ਉਸ ਦੇ ਨਾਮ ਹੀ ਆਪਣੀ ਜਾਇਦਾਦ ਦੀ ਵਸੀਅਤ ਵੀ ਕਰਵਾਈ ਹੋਈ ਸੀ।