ਜ਼ਮੀਨ ਦਾ ਰੌਲਾ: ਕਤਲ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਗ੍ਰਿਫ਼ਤਾਰ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 6 ਫਰਵਰੀ
ਜ਼ਿਲ੍ਹਾ ਪੁਲੀਸ ਨੇ ਪਹਿਲੀ ਫਰਵਰੀ ਨੂੰ ਪਿੰਡ ਬੁੱਧੋਬਰਕਤ ’ਚ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪਹਿਲੀ ਫਰਵਰੀ ਨੂੰ ਬਲਵਿੰਦਰ ਸਿੰਘ ਵਾਸੀ ਬਾਕਰਪੁਰ ਦਾ ਪਿੰਡ ਬੁੱਧੋਬਰਕਤ ’ਚ ਕਤਲ ਹੋ ਗਿਆ ਸੀ। ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਦੀ ਸ਼ਿਕਾਇਤ ’ਤੇ ਥਾਣਾ ਦਸੂਹਾ ਵਿੱਚ 2 ਫਰਵਰੀ ਨੂੰ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੇਸ ਦੀ ਜਾਂਚ ਲਈ ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਬਲਵਿੰਦਰ ਸਿੰਘ ਜੌੜਾ ਤੇ ਥਾਣਾ ਦਸੂਹਾ ਦੇ ਇੰਸਪੈਕਟਰ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ। ਸੁਰਿੰਦਰ ਕੌਰ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੇ ਪਤੀ ਦਾ ਰਮੇਸ਼ ਕੁਮਾਰ ਤੇ ਨਰਿੰਦਰਪਾਲ ਵਾਸੀ ਪਿੰਡ ਪੱਸੀ ਬੇਟ ਨਾਲ ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪਤੀ 21 ਜਨਵਰੀ ਨੂੰ ਘਰੋਂ ਆਪਣੇ ਮੋਟਰਸਾਈਕਲ ’ਤੇ ਗਿਆ ਪਰ ਵਾਪਿਸ ਨਹੀਂ ਆਇਆ। ਪਹਿਲੀ ਫ਼ਰਵਰੀ ਨੂੰ ਉਸ ਨੂੰ ਸੂਚਨਾ ਮਿਲੀ ਕਿ ਪਿੰਡ ਬੁੱਧੋਬਰਕਤ ਦੇ ਖੇਤਾਂ ’ਚ ਉਸ ਦੇ ਪਤੀ ਦੀ ਲਾਸ਼ ਪਈ ਹੈ। ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ।
ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਰਮੇਸ਼ ਕੁਮਾਰ ਤੇ ਨਰਿੰਦਰ ਪਾਲ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਅੱਜ ਤੀਜੇ ਮੁਲਜ਼ਮ ਜੋਧਾ ਸਿੰਘ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਕੁਹਾੜਾ ਬਰਾਮਦ ਕਰ ਲਿਆ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਹਨ।