ਜ਼ਮੀਨੀ ਵਿਵਾਦ: ਸੰਘਰਸ਼ ਕਮੇਟੀ ਵੱਲੋਂ ਰੋਸ ਧਰਨਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਅਗਸਤ
ਪਿੰਡ ਚੁਨਾਗਰਾ ਵਿੱਚ ਸਕੂਲ ਦੇ ਖੇਡ ਗਰਾਊਂਡ ਅਤੇ ਗੁਰਦੁਆਰਾ ਸਾਹਿਬ ਦੀ ਥਾਂ ਨੂੰ ਲੈ ਕੇ ਚੱਲੇ ਆ ਰਹੇ ਵਿਵਾਦ ਹੱਲ ਕਰਵਾਉਣ ਲਈ ਸੰਘਰਸ਼ ਕਮੇਟੀ ਨੇ ਐੱਸਡੀਐੱਮ ਦਫ਼ਤਰ ਪਾਤੜਾਂ ਸਾਹਮਣੇ ਮੁਜ਼ਾਹਰਾ ਕੀਤਾ। ਇਸ ਦੌਰਾਨ ਇਕੱਤਰ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਐੱਸਡੀਐੱਮ ਪਾਤੜਾਂ ਡਾ. ਪਾਲਿਕਾ ਅਰੋੜਾ ਨੇ ਧਰਨਾਕਾਰੀਆਂ ਦੇ ਵਫ਼ਦ ਨਾਲ ਗੱਲਬਾਤ ਕਰ ਕੇ ਮਾਮਲੇ ਦਾ ਹਰ ਸੰਭਵ ਹੱਲ ਕਰਨ ਦਾ ਭਰੋਸਾ ਦਿਵਾਇਆ।
ਧਰਨੇ ਦੀ ਅਗਵਾਈ ਕਰ ਰਹੇ ਸੰਘਰਸ਼ ਕਮੇਟੀ ਦੇ ਆਗੂ ਲੋਕ ਸੰਘਰਸ਼ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਰਮਿੰਦਰ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ, ਜਮਹੂਰੀ ਕਿਸਾਨ ਸਭਾ ਦੇ ਪੂਰਨ ਚੰਦ ਨਨਹੇੜਾ ਅਤੇ ਸੰਘਰਸ਼ ਕਮੇਟੀ ਦੇ ਕਨਵੀਨਰ ਕਾਮਰੇਡ ਰਾਮਚੰਦ ਚੁਨਾਗਰਾ ਨੇ ਕਿਹਾ ਕਿ ਕਰੀਬ ਚਾਰ ਸਾਲ ਪਹਿਲਾਂ ਪ੍ਰਸ਼ਾਸਨ ਦੇ ਦਖ਼ਲ ਨਾਲ ਦੋਵਾਂ ਧਿਰਾਂ ਦਰਮਿਆਨ ਹੋਏ ਸਮਝੌਤੇ ਮਗਰੋਂ ਗੁਰਦੁਆਰਾ ਸਾਹਿਬ ਤੇ ਖੇਡ ਗਰਾਊਂਡ ਨੂੰ ਇੱਕ-ਇੱਕ ਏਕੜ ਜ਼ਮੀਨ ਦਿੱਤੀ ਗਈ ਸੀ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਖੇਡ ਕਰਵਾਉਣ ਦੀ ਜਗ੍ਹਾ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਮਿੱਟੀ ਪਾਈ ਗਈ ਹੈ। ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਇਸ ਦੇ ਹੱਲ ਲਈ ਠੋਸ ਯਤਨ ਨਹੀਂ ਕੀਤੇ ਜਾ ਰਹੇ। ਆਗੂਆਂ ਨੇ ਕਿਹਾ ਕਿ ਕਿ ਮਾਮਲਾ ਸਕੂਲ ਦੀ ਖੇਡ ਗਰਾਊਂਡ ਉੱਤੇ ਨਾਜਾਇਜ਼ ਕਬਜ਼ਾ ਕਰਨ ਦਾ ਹੈ ਪਰ ਕੁਝ ਲੋਕ ਜਾਣਬੁੱਝ ਕੇ ਇਸ ਨੂੰ ਡੇਰਾ ਸਿੱਖ ਵਿਵਾਦ ਦਾ ਰੂਪ ਦੇ ਕੇ ਮਾਮਲੇ ਨੂੰ ਉਲਝਾਉਣਾ ਚਾਹੁੰਦੇ ਹਨ । ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਪਰਲਾਦ ਸਿੰਘ ਨਿਆਲ, ਸਾਹਿਬ ਸਿੰਘ ਦੁਤਾਲ, ਜਗਜੀਤ ਸਿੰਘ ਦੁਗਾਲ ਅਤੇ ਅਮਰਜੀਤ ਸਿੰਘ ਨੇ ਸੰਬੋਧਨ ਕੀਤਾ।
ਗਿਰਦਾਵਰੀ ਮੌਕੇ ਫਰਦ ਬਦਲ ਦੀ ਕਾਰਵਾਈ ਮੁਕੰਮਲ ਕਰਾਂਗੇ: ਐੱਸਡੀਐੱਮ
ਐੱਸਡੀਐੱਮ ਡਾ. ਪਾਲਿਕਾ ਅਰੋੜਾ ਨੇ ਕਿਹਾ ਕਿ ਵਫ਼ਦ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਸ ਦੇ ਹੱਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਕਤੂਬਰ ਵਿੱਚ ਹੋਣ ਵਾਲੀ ਗਿਰਦਾਵਰੀ ਦੌਰਾਨ ਫਰਦ ਬਦਲ ਦੀ ਕਾਰਵਾਈ ਮੁਕੰਮਲ ਕਰ ਦਿੱਤੀ ਜਾਵੇਗੀ।