ਜ਼ਮੀਨ ਵਿਵਾਦ: ਪੁਲੀਸ ਦੀ ਢਿੱਲਮੱਠ ਖ਼ਿਲਾਫ਼ ਥਾਣੇ ਦਾ ਘਿਰਾਓ
ਪੱਤਰ ਪ੍ਰੇਰਕ
ਬਰੇਟਾ, 8 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬਰੇਟਾ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਹ ਧਰਨਾ ਸਰਕਾਰ ਅਤੇ ਪੁਲੀਸ ਖ਼ਿਲਾਫ਼ ਪਿੰਡ ਕੁਲਰੀਆਂ ਵਿੱਚ ਚੱਲ ਰਹੇ ਜ਼ਮੀਨੀ ਘੋਲ ਸਬੰਧੀ ਜ਼ਮੀਨ ਦੇ ਕਾਸ਼ਤਕਾਰ ਕਿਸਾਨਾਂ ਵਿਰੁੱਧ ਕਥਿਤ ਝੂਠੇ ਕੇਸ ਦਰਜ ਕਰਨ ਤੇ ਉਨ੍ਹਾਂ ਦੇ ਘਰ ਛਾਪੇ ਮਾਰਨ ਕਾਰਨ ਵਿੱਚ ਦਿੱਤਾ ਗਿਆ। ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਲਗਪਗ ਪਿਛਲੇ 1 ਸਾਲ ਤੋਂ ਜ਼ਮੀਨ ’ਤੇ ਕਾਬਜ਼ ਕਾਸ਼ਤਕਾਰ ਕਿਸਾਨ ਆਪਣੀ ਜ਼ਮੀਨ ਦੀ ਰਾਖੀ ਲਈ ਸੰਘਰਸ਼ ਕਰ ਰਹੇ ਸਨ ਪਰ ਮੌਜੂਦਾ ਸਰਕਾਰ ਵੱਲੋਂ ਪਿਛਲੇ 60 ਸਾਲਾਂ ਤੋਂ ਕਾਸ਼ਤ ਕਰਦੇ ਆ ਰਹੇ ਕਿਸਾਨਾਂ ਨੂੰ ਜ਼ਮੀਨ ਵਿੱਚੋਂ ਬੇਦਖ਼ਲ ਕੀਤਾ ਜਾ ਰਿਹਾ ਹੈ। ਕਿਸਾਨਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਮੱਖਣ ਸਿੰਘ ਭੈਣੀਭਾਗਾ ਨੇ ਕਿਹਾ ਕਿ ਮਹੀਨਾ ਪਹਿਲਾਂ ਇੱਕ ਕਿਸਾਨ ਸੀਤਾ ਸਿੰਘ ’ਤੇ ਹਮਲਾ ਕੀਤੇ ਜਾਣ ਸਬੰਧੀ 307 ਦਾ ਕੇਸ ਦਰਜ ਹੈ ਪਰ ਪੁਲੀਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਸਦਕਾ ਕਿਸਾਨਾਂ ਉਪਰ ਚੌਥੀ ਵਾਰ ਜਾਨਲੇਵਾ ਹਮਲਾ ਹੋਇਆ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਝੂਠੇ ਬਿਆਨ ਦਰਜ ਕਰਵਾਉਣ ਵਾਲਿਆਂ ਵਿਰੁੱਧ 182 ਦਾ ਪਰਚਾ ਦਰਜ ਕੀਤਾ ਜਾਵੇ ਅਤੇ ਕਿਸਾਨਾਂ ਉੱਤੇ ਲਾਈਆਂ ਅਗਵਾ ਕਰਨ ਦੀਆਂ ਧਰਾਵਾਂ ਰੱਦ ਕੀਤੀਆਂ ਜਾਣ, ਕਿਸਾਨਾਂ ਦੇ ਘਰਾਂ ’ਤੇ ਛਾਪੇ ਬੰਦ ਕੀਤੇ ਜਾਣ, ਇਰਾਦਾ ਕਤਲ ਦੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਵੱਲੋਂ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਜਥੇਬੰਦੀ ਵੱਲੋਂ ਅਗਲਾ ਵੱਡਾ ਐਕਸ਼ਨ ਉਲੀਕਿਆ ਜਾਵੇਗਾ। ਇਸ ਦੌਰਾਨ ਪੁਲੀਸ, ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।