ਜ਼ਮੀਨੀ ਵਿਵਾਦ: ਮੀਤ ਹੇਅਰ ਦੀ ਕੋਠੀ ਅੱਗੇ ਡਟੇ ਕਿਸਾਨ
ਪਰਸ਼ੋਤਮ ਬੱਲੀ
ਬਰਨਾਲਾ, 3 ਅਪਰੈਲ
ਮੀਟਿੰਗ ਦਾ ਸਮਾਂ ਤੈਅ ਕਰਕੇ ਮੁੱਕਰਨ ਤੋਂ ਖਫ਼ਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਥਾਨਕ ਰਿਹਾਇਸ਼ ਨੇੜੇ ਅਣਮਿੱਥੇ ਸਮੇਂ ਲਈ ਮੋਰਚਾ ਆਰੰਭ ਦਿੱਤਾ ਹੈ। ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਪਿੰਡ ਜਹਾਂਗੀਰ ਦੇ ਕਿਸਾਨ ਗੁਰਚਰਨ ਸਿੰਘ ਪੁੱਤਰ ਹਜੂਰਾ ਸਿੰਘ ਦੇ ਇੱਕ ਉਲਝੇ ਜ਼ਮੀਨੀ ਮਸਲੇ ਦੇ ਹੱਲ ਲਈ ਬੀਤੇ ਕੱਲ੍ਹ ਮੰਤਰੀ ਮੀਤ ਹੇਅਰ ਨੇ ਜਥੇਬੰਦੀ ਦੇ ਸੂਬਾਈ ਵਫ਼ਦ ਨਾਲ ਅੱਜ (3 ਅਪਰੈਲ) ਸਵੇਰੇ 9 ਵਜੇ ਮੀਟਿੰਗ ਦਾ ਸਮਾਂ ਦਿੱਤਾ ਸੀ, ਪਰ ਮੀਟਿੰਗ ਨੂੰ ਅਣਗੌਲਿਆਂ ਕਰਕੇ ਬਿਨਾਂ ਸੂਚਿਤ ਕੀਤਿਆਂ ਉਹ ਚੰਡੀਗੜ੍ਹ ਰਵਾਨਾ ਗਏ। ਜਦ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ 5 ਆਗੂ ਸਵੇਰੇ 9 ਵਜੇ ਪਹੁੰਚ ਗਏ ਸਨ। ਅਪਮਾਨ ਮਹਿਸੂਸ ਕਰਦਿਆਂ ਯੂਨੀਅਨ ਆਗੂਆਂ ਨੇ ਰੋਸ ਵਜੋਂ ਅੱਜ ਤੋਂ ਹੀ ਕੈਬਨਿਟ ਮੰਤਰੀ ਮੀਤ ਹੇਅਰ ਦੀ ਸਥਾਨਕ ਕੋਠੀ ਅੱਗੇ ਮੋਰਚਾ ਲਗਾ ਦਿੱਤਾ। ਆਗੂਆਂ ਨੇ ਕਿਹਾ ਕਿ ਇਹ ਮੋਰਚਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਪਿੰਡ ਜਹਾਂਗੀਰ ਦੇ ਕਿਸਾਨ ਦੀ ਜ਼ਮੀਨ ਦਾ ਮਸਲਾ ਹੱਲ ਨਹੀਂ ਹੋ ਜਾਂਦਾ।
ਦੱਸਣਯੋਗ ਹੈ ਕਿ ਗੁਰਚਰਨ ਪੁੱਤਰ ਹਜੂਰਾ ਸਿੰਘ ਨੇ ਇਕ ਸਾਬਕਾ ’ਤੇ ਲੈਣ ਦੇਣ ਦੇ ਇੱਕ ਮਾਮਲੇ ’ਚ ਕਥਿਤ ਗਲਤ ਢੰਗ ਨਾਲ ਉਸ ਦੀ ਜ਼ਮੀਨ ਆਪਣੇ ਨਾਂ ਕਰਵਾਉਣ ਦੇ ਦੋਸ਼ ਲਗਾਏ ਸਨ, ਜਿਸ ਦੇ ਨਿਪਟਾਰੇ ਹਿੱਤ ਮੰਤਰੀ ਨਾਲ ਜਥੇਬੰਦੀ ਨੇ ਮੀਟਿੰਗ ਮੁਕੱਰਰ ਕੀਤੀ ਸੀ। ਆਗੂਆਂ ਨੇ ਸਟੇਜ ਤੋਂ ਐਲਾਨ ਕੀਤਾ ਕਿ ਜਦੋਂ ਤੱਕ ਜਹਾਂਗੀਰ ਦੇ ਕਿਸਾਨ ਗੁਰਚਰਨ ਸਿੰਘ ਦੀ ਜ਼ਮੀਨ ਦਾ ਮਸਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾ ਝਾੜ, ਸੰਗਠਨ ਸਕੱਤਰ ਸ਼ਿਗਾਰਾ ਸਿੰਘ ਮਾਨ, ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਖਜ਼ਾਨਚੀ ਭਗਤ ਸਿੰਘ, ਬਲੌਰ ਸਿੰਘ ਛੰਨਾਂ, ਕ੍ਰਿਸ਼ਨ ਸਿੰਘ ਛੰਨਾ, ਬਲਦੇਵ ਸਿੰਘ, ਜਰਨੈਲ ਸਿੰਘ, ਰਾਮ ਸਿੰਘ, ਦਰਸ਼ਨ ਸਿੰਘ, ਔਰਤ ਆਗੂ ਬਿੰਦਰ ਪਾਲ ਕੌਰ ਭਦੌੜ, ਅਮਰਜੀਤ ਕੌਰ ਬਡਬਰ ਤੇ ਲਖਵੀਰ ਕੌਰ ਧਨੌਲਾ ਆਦਿ ਆਗੂ ਹਾਜ਼ਰ ਸਨ।