ਜ਼ਮੀਨ ਵਿਵਾਦ: ਕਿਸਾਨ ਜਥੇਬੰਦੀ ਵੱਲੋਂ ਅਮਰਗੜ੍ਹ ਥਾਣੇ ਅੱਗੇ ਧਰਨਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 19 ਦਸੰਬਰ
ਜ਼ਿਲ੍ਹੇ ਦੇ ਪਿੰਡ ਲਾਂਗੜੀਆਂ ਵਿੱਚ ਕਰੀਬ ਦੋ ਵਿੱਘੇ ਜ਼ਮੀਨ ਸਬੰਧੀ ਦੋ ਧਿਰਾਂ ’ਚ ਚੱਲ ਰਹੇ ਵਿਵਾਦ ਦੇ ਸਬੰਧ ’ਚ ਇੱਕ ਧਿਰ ਦੀ ਹਮਾਇਤ ’ਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਧਨੇਰ ਗਰੁੱਪ ਨੇ ਅਮਰਗੜ੍ਹ ਥਾਣੇ ਅੱਗੇ ਧਰਨਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ ਨੇ ਕਿਹਾ ਕਿ ਉਕਤ ਜ਼ਮੀਨ ਦੇ ਸੁਖਾਵੇਂ ਹੱਲ ਲਈ ਪੁਲੀਸ ਤੇ ਸਿਵਲ ਪ੍ਰਸ਼ਾਸਨ ਢੁਕਵਾਂ ਯਤਨ ਕਰੇ। ਉਨ੍ਹਾਂ ਕਿਹਾ ਕਿ ਛੇ ਮਹੀਨੇ ਪਹਿਲਾਂ ਉਕਤ ਜ਼ਮੀਨ ਨੂੰ ਲੈ ਕੇ ਪਿੰਡ ਦੀਆਂ ਦੋ ਧਿਰਾਂ (ਜਨਰਲ ਵਰਗ ਅਤੇ ਦਲਿਤ ਭਾਈਚਾਰੇ) ਦਰਮਿਆਨ ਹੋਏ ਟਕਰਾਅ ਦੌਰਾਨ ਜਿਨ੍ਹਾਂ ਵਿਅਕਤੀਆਂ ’ਤੇ ਨਾਜਾਇਜ਼ ਪਰਚੇ ਦਰਜ ਹੋਏ ਹਨ, ਉਹ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ-ਪਟਿਆਲਾ ਸੜਕ ਨੇੜੇ ਸਥਿਤ ਇਸ ਕਰੀਬ ਦੋ ਵਿੱਘੇ ਜ਼ਮੀਨ ਨੂੰ ਲੈ ਕੇ ਪਿੰਡ ਦੇ ਦੋ ਭਾਈਚਾਰਿਆਂ ’ਚ ਪੈਦਾ ਹੋਇਆ ਵਿਵਾਦ ਮੰਦਭਾਗਾ ਹੈ। ਇਸ ਮਸਲੇ ਦਾ ਕੋਈ ਸੁਖਾਵਾਂ ਹੱਲ ਨਿਕਲਣਾ ਚਾਹੀਦਾ ਹੈ। ਬੂਟਾ ਖਾਂ ਨੇ ਦੱਸਿਆ ਕਿ ਥਾਣਾ ਮੁਖੀ ਗੁਰਪ੍ਰੀਤ ਕੌਰ ਵੱਲੋਂ 30 ਦਸੰਬਰ ਤੱਕ ਮਸਲੇ ਦਾ ਹੱਲ ਕਰਨ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ। ਦੂਜੀ ਧਿਰ ਨਾਲ ਸਬੰਧਤ ਭੁਪਿੰਦਰ ਸਿੰਘ ਲਾਂਗੜੀਆਂ ਨੇ ਦਾਅਵਾ ਕੀਤਾ ਕਿ ਉਕਤ ਜ਼ਮੀਨ ਉਨ੍ਹਾਂ ਦੀ ਮਲਕੀਅਤ ਹੈ। ਪਿੰਡ ਦੇ ਦਲਿਤ ਭਾਈਚਾਰੇ ਦੇ ਕੁਝ ਪਰਿਵਾਰਾਂ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਨਾਲ ਉਕਤ ਜ਼ਮੀਨ ’ਤੇ ਪਾਥੀਆਂ ਅਤੇ ਤੂੜੀ ਦੇ ਕੁੱਪ ਲਾ ਲਏ ਸਨ। ਜਦੋਂ ਉਹ ਕਰੀਬ ਛੇ ਮਹੀਨੇ ਪਹਿਲਾਂ ਉਕਤ ਜ਼ਮੀਨ ਨੂੰ ਖਾਲੀ ਕਰਵਾਉਣ ਗਏ ਤਾਂ ਝਗੜੇ ਦੀ ਸਥਿਤੀ ਪੈਦਾ ਹੋ ਗਈ।
ਉੱਧਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਤੋਲੇਵਾਲ ਨੇ ਦੱਸਿਆ ਕਿ ਉਕਤ ਜ਼ਮੀਨ ਪਿੰਡ ਦੀ ਪੰਚਾਇਤ ਨੇ 1970 ਵਿੱਚ ਮਤਾ ਪਾਸ ਕਰ ਕੇ ਦਲਿਤ ਪਰਿਵਾਰਾਂ ਨੂੰ ਵਰਤਣ ਲਈ ਦਿੱਤੀ ਸੀ ਤੇ ਉਦੋਂ ਤੋਂ ਹੀ ਦਲਿਤ ਭਾਈਚਾਰੇ ਦੇ ਲੋਕ ਉਸ ਜ਼ਮੀਨ ’ਤੇ ਪਾਥੀਆਂ ਪੱਥਦੇ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਧੱਕੇ ਨਾਲ ਦਲਿਤ ਭਾਈਚਾਰੇ ਤੋਂ ਉਕਤ ਜ਼ਮੀਨ ਛੁਡਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰਾ ਇਸ ਮਸਲੇ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਲਈ ਤਿਆਰ ਹੈ। ਇਸ ਮਸਲੇ ’ਤੇ ਦਲਿਤ ਭਾਈਚਾਰੇ ਦਾ ਪੱਖ ਸੁਣ ਕੇ ਦਲਿਤ ਭਾਈਚਾਰੇ ਨਾਲ ਇਨਸਾਫ਼ ਕੀਤਾ ਜਾਵੇ।