ਜ਼ਮੀਨ ਦੱਬਣ ਦਾ ਮਾਮਲਾ: ਕਿਸਾਨਾਂ ਵੱਲੋਂ ਡੀਐੱਸਪੀ ਦਫ਼ਤਰ ਅੱਗੇ ਧਰਨੇ ਦਾ ਐਲਾਨ
ਪੱਤਰ ਪ੍ਰੇਰਕ
ਭਵਾਨੀਗੜ੍ਹ, 12 ਜੂਨ
ਭਾਰਤੀ ਕਿਸਾਨ ਯੂਨੀਅਨ ਵੱਲੋਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਡੀਐਸਪੀ ਭਵਾਨੀਗੜ੍ਹ ਨਾਲ ਜਥੇਬੰਦੀ ਦੇ ਲਟਕਦੇ ਮਸਲਿਆ ਨੂੰ ਲੈ ਕੇ ਮੀਟਿੰਗ ਹੋਈ। ਮੀਟਿੰਗ ਵਿੱਚ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਜੌਲੀਆਂ ਪਿੰਡ ਦੇ ਕਿਸਾਨ ਅਵਤਾਰ ਸਿੰਘ ਦੀ ਜ਼ਮੀਨ ਭੋਂ ਮਾਫੀਆ ਅਤੇ ਸੂਦਖੋਰ ਆੜ੍ਹਤੀਏ ਵੱਲੋਂ ਕਥਿਤ ਦੱਬਣ ਦੇ ਮਸਲੇ ਨੂੰ ਲੈ ਕੇ ਜਥੇਬੰਦੀ ਵੱਲੋਂ ਜ਼ਿਲ੍ਹਾ ਕਮੇਟੀ ਅਤੇ ਸੂਬਾ ਆਗੂਆਂ ਦੀ ਪਹਿਲਾਂ ਕਈ ਵਾਰ ਡੀਐੱਸਪੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਸਮੇਤ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੋਈ ਮਸਲਾ ਹੱਲ ਨਹੀ ਹੋਇਆ। ਬਲਾਕ ਆਗੂਆਂ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਦੀ ਟਾਲਮਟੋਲ ਨੀਤੀ ਖਿਲਾਫ਼ 16 ਜੂਨ ਨੂੰ ਡੀਐੱਸਪੀ ਦਫਤਰ ਭਵਾਨੀਗੜ੍ਹ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਉਧਰ, ਡੀਐੱਸਪੀ ਭਵਾਨੀਗੜ੍ਹ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਮਸਲਾ ਹੱਲ ਕਰਨ ਦਾ ਯਤਨ ਕਰ ਰਿਹਾ ਹੈ, ਜੇਕਰ ਫਿਰ ਕੋਈ ਮੁਸ਼ਕਲ ਹੈ ਤਾਂ ਇਸ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।