ਭੂਮੀ ਤੇ ਜਲ ਸੰਭਾਲ: ਗੁਰੂ ਨਾਨਕ ਦੇਵ ’ਵਰਸਿਟੀ ਅਤੇ ਆਈਆਈਟੀ ਰੋਪੜ ਵਿਚਾਲੇ ਸਮਝੌਤਾ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 23 ਸਤੰਬਰ
ਵਿਗਿਆਨਕ ਵਿਕਾਸ ਰਾਹੀਂ ਖੇਤੀਬਾੜੀ ਤੇ ਜਲ ਪ੍ਰਬੰਧਨ ਵਿੱਚ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਚੰਗੀ ਤੇ ਸਿਹਤਮੰਦ ਜੀਵਨ-ਜਾਚ ਪੈਦਾ ਕਰਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਰੋਪੜ ਵਿਚਾਲੇ ਸਮਝੌਤਾ ਹੋਇਆ ਹੈ। ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਅਤੇ ਆਈ.ਆਈ.ਟੀ. ਰੋਪੜ ਦੇ ਟੈਕਨਾਲੋਜੀ ਐਂਡ ਇਨੋਵੇਸ਼ਨ ਫਾਊਂਡੇਸ਼ਨ ਵਿਚਾਲੇ ਹੋਇਆ ਇਹ ਸਮਝੌਤਾ ਨਵੀਨਤਾ ਨੂੰ ਉਤਸ਼ਾਹਿਤ ਕਰਨ ਵੱਲ ਅਹਿਮ ਕਦਮ ਸਾਬਤ ਹੋਵੇਗਾ। ਇਸ ਸਮਝੌਤੇ ਅਧੀਨ ਆਈ.ਆਈ.ਟੀ. ਰੋਪੜ ਦਾ ਐਗਰੀਕਲਚਰ ਐਂਡ ਵਾਟਰ ਟੈਕਨਾਲੋਜੀ ਡਿਵੈਲਪਮੈਂਟ ਹੱਬ ਅਤੇ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪਰਿਨਿਉਰਸ਼ਿਪ ਐਂਡ ਇਨੋਵੇਸ਼ਨ ਵੱਲੋਂ ਮਿਲ ਕੇ ਖੋਜ ਤੇ ਅਕਾਦਮਿਤਕਤਾ ’ਚ ਕਾਰਜ ਕੀਤੇ ਜਾਣਗੇ ਤਾਂ ਜੋ ਤਕਨੀਕੀ ਤਰੱਕੀ ਰਾਹੀਂ ਸੂਬੇ ਦੀ ਖੇਤੀਬਾੜੀ ਅਤੇ ਜਲ ਪ੍ਰਬੰਧਨ ਵਿੱਚ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ। ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਹਾਜ਼ਰੀ ਵਿੱਚ, ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ, ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ, ਕੋਆਰਡੀਨੇਟਰ, ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਅਤੇ ਡੀਨ, ਵਿਦਿਆਰਥੀ ਭਲਾਈ ਅਤੇ ਪ੍ਰੋ. (ਡਾ.) ਪ੍ਰਤਾਪ ਕੁਮਾਰ ਪਤੀ, ਕੋਆਰਡੀਨੇਟਰ, ਗੋਲਡਨ ਜੁਬਲੀ ਸੈਂਟਰ ਵੱਲੋਂ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਗਏ। ਆਈ.ਆਈ.ਟੀ. ਰੋਪੜ ਦੀ ਨੁਮਾਇੰਦਗੀ ਕਰ ਰਹੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਰਾਧਿਕਾ ਤਰਿਖਾ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ।