ਚੋਅ ਕੰਢੇ ਬਲਦੇ ਦੀਵੇ
ਵਰਿੰਦਰ ਸਿੰਘ ਨਿਮਾਣਾ
ਹੁਸ਼ਿਆਰਪੁਰ ਦੇ ਕੰਢੀ ਇਲਾਕੇ ’ਚ ਪਹਾੜੀ ਖੱਡਾਂ ਉੱਤੇ ਡੈਮਾਂ ਦਾ ਨਿਰਮਾਣ ਹੋਣ ਤੋਂ ਪਹਿਲਾਂ ਭਰਵੀਆਂ ਬਰਸਾਤਾਂ ਦੇ ਦਿਨੀਂ ਇਨ੍ਹਾਂ ਇਲਾਕਿਆਂ ’ਚ ਮੀਹਾਂ ਦਾ ਪਾਣੀ ਖੱਡਾਂ ਦੇ ਪਾਣੀ ਨਾਲ ਰਲ ਕੇ ਮੈਦਾਨਾਂ ਵੱਲ ਨੂੰ ਹੋ ਤੁਰਦਾ। ਇਹ ਸਥਾਨਕ ਭਾਸ਼ਾ ਵਿੱਚ ‘ਚੋਆਂ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਕਿਸੇ ਵੇਲੇ ਬਰਸਾਤੀ ਪਾਣੀਆਂ ਦੇ ਇਹ ਕੁਦਰਤੀ ਵਹਾਅ ਇਸ ਇਲਾਕੇ ’ਚ ਵੱਸਦੇ ਲੋਕਾਂ ਦੀ ਸਮਾਜਿਕ, ਆਰਥਿਕ ਤੇ ਭੂਗੋਲਿਕ ਜ਼ਿੰਦਗੀ ਨੂੰ ਨਿਰਧਾਰਤ ਕਰਨ ਵਾਲੀ ਕੁਦਰਤ ਦੀ ਵਿਲੱਖਣ ਸ਼ੈਅ ਵਜੋਂ ਆਪਣੀ ਹਸਤੀ ਤਸਦੀਕ ਕਰਾਉਣ ਦਾ ਦਮ ਵੀ ਰੱਖਿਆ ਕਰਦੇ ਸਨ। ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ’ਚੋਂ ਲੰਘਣ ਵਾਲੇ ਇਹ ਬਰਸਾਤੀ ਚੋਅ ਆਪਣੇ ਸੁਭਾਅ, ਇਲਾਕਾਈ ਖਾਸੀਅਤ, ਪਿੰਡ ਨਗਰ ਜਾਂ ਖ਼ਾਸ ਥਾਵਾਂ ਦੇ ਨਾਂ ਨਾਲ ਮਸ਼ਹੂਰ ਹੋਏ ਹੋਣ ਕਰਕੇ ਅਜੇ ਵੀ ਬੀਤੀਆਂ ਕਹਾਣੀਆਂ ਦੇ ਗਵਾਹ ਮੰਨੇ ਜਾਂਦੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਬਹੁਤ ਸਾਰੇ ਲੋਕਾਂ ਦੇ ਚੇਤਿਆਂ ’ਚ ਅਤੀਤ ਦੀਆਂ ਬਰਸਾਤਾਂ ’ਚ ਹੜ੍ਹਾਂ ਦੇ ਪਾਣੀਆਂ ਨਾਲ ਘਿਰਨ ਤੇ ਪਹਾੜਾਂ ਵੱਲੋਂ ਆਉਂਦੇ ਆਪਮੁਹਾਰੇ ਅੱਥਰੇ ਪਾਣੀਆਂ ਦੀ ਮਾਰ ਸਹਿਣ ਦਾ ਕਸ਼ਟ ਅਜੇ ਵੀ ਇੰਨ-ਬਿੰਨ ਵਸਿਆ ਹੋਇਆ ਹੈ। ਇਨ੍ਹਾਂ ਚੋਆਂ ’ਚ ਪਾਣੀ ਚੜ੍ਹਨ ਨਾਲ ਦੂਰ ਦੂਰ ਤੱਕ ਪੈਂਦੀਆਂ ਸ਼ੂਕਾਂ ਵਾਹੀਯੋਗ ਜ਼ਮੀਨਾਂ ਤੇ ਵੱਸੋਂ ਵਾਲੇ ਇਲਾਕਿਆਂ ਦੇ ਲੋਕਾਂ ਦੇ ਮਨਾਂ ’ਚ ਖ਼ੌਫ਼ ਪੈਦਾ ਕਰ ਦਿੰਦੀਆਂ ਸਨ। ਲੋਕਾਂ ਨੂੰ ਚੋਆਂ ਦੇ ਤੇਜ਼ ਪਾਣੀਆਂ ਨਾਲ ਸੜਕਾਂ, ਪੁਲੀਆਂ ਤੇ ਰਾਹ ਰੁੜ੍ਹਨ ਕਰਕੇ ਆਪਸੀ ਸੰਪਰਕ ਟੁੱਟਣ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕਾਂ ਨੂੰ ਬਰਸਾਤੀ ਮੌਸਮ ’ਚ ਹੜ੍ਹਾਂ ਦੇ ਪਾਣੀਆਂ ਦੇ ਅੱਥਰੇ ਸੁਭਾਅ ਤੋਂ ਬਚਾਅ ਲਈ ਕਈ ਵਾਰ ਰਾਤਾਂ ਜਾਗ ਜਾਗ ਵੀ ਲੰਘਾਉਣੀਆਂ ਪੈਂਦੀਆਂ ਸਨ। ਹੜ੍ਹਾਂ ਦੇ ਵਿਕਰਾਲ ਰੂਪ ਕਰਕੇ ਹੀ ਚੋਆਂ ਨੇੜੇ ਵਸਦੇ ਪਿੰਡਾਂ ’ਚ ਖੁਆਜੇ ਬਲੀ ਦੀ ਮਾਰ ਤੋਂ ਬਚਣ ਲਈ ਬਰਸਾਤਾਂ ’ਚ ਐਤਵਾਰ ਦੇ ਦਿਨ ਪਾਣੀ ਦੇ ਰਸਤਿਆਂ ’ਚ ਲੋਕਾਂ ਨੂੰ ਦਲੀਆ ਛਕਾ ਕੇ ਇਲਾਕੇ ਦੀ ਸੁੱਖ ਮੰਗਣ ਦਾ ਲੋਕ ਵਿਸ਼ਵਾਸ ਵੀ ਪ੍ਰਚਲਿਤ ਸੀ। ਅਜਿਹੇ ਭੂਗੋਲਿਕ ਹਾਲਾਤ ’ਚ ਮੇਰੀ ਜੰਮਣ ਭੋਇੰ ਭਾਵ ਮੇਰਾ ਪਿੰਡ ਵੀ ਇੱਕ ਚੋਅ ਦੇ ਕੰਢੇ ਵਸਿਆ ਹੋਇਆ ਸੀ। ਦਸਵੀਂ ਜਮਾਤ ਤੱਕ ਮੈਂ ਜਿਸ ਸਰਕਾਰੀ ਹਾਈ ਸਕੂਲ ’ਚ ਸਿੱਖਿਆ ਹਾਸਲ ਕੀਤੀ, ਉਹ ਵੀ ਇਲਾਕੇ ’ਚੋਂ ਲੰਘਣ ਵਾਲੇ ਇੱਕ ਚੋਅ ਦੇ ਕੰਢੇ ਉਸਰਿਆ ਹੋਇਆ ਸੀ।
ਇਹ ਗੱਲ ਨੌਵੀਂ ਜਮਾਤ ਦੀ ਬਰਸਾਤ ਰੁੱਤ ਦੀ ਹੈ। ਉਸ ਸਾਲ ਪਏ ਭਾਰੀ ਮੀਹਾਂ ਕਾਰਨ ਸਕੂਲ ਨੇੜਿਓਂ ਵਗਣ ਵਾਲਾ ਚੋਅ ਆਪਣੇ ਪੂਰੇ ਜੋਬਨ ’ਤੇ ਸੀ। ਹੜ੍ਹ ਦੇ ਪਾਣੀ ਨੇ ਪਹਿਲਾਂ ਤਾਂ ਸਕੂਲ ਨੇੜੇ ਖੜੀਆਂ ਫ਼ਸਲਾਂ ਆਪਣੀ ਲਪੇਟ ਵਿੱਚ ਲਈਆਂ ਤੇ ਫਿਰ ਸਕੂਲ ਨੇੜੇ ਖੜ੍ਹੇ ਵੱਡੇ ਵੱਡੇ ਦਰੱਖਤ ਜੜ੍ਹਾਂ ਸਮੇਤ ਪੁੱਟ ਕੇ ਵੱਡੀ ਡੈਅ ’ਚ ਉਲੱਦ ਦਿੱਤੇ ਸਨ। ਫ਼ਸਲਾਂ ਤੇ ਦਰੱਖਤਾਂ ਦੀ ਪੁੱਟਦੇ ਹੜ੍ਹ ਦੇ ਪਾਣੀ ਨੇ ਚੋਅ ਕੰਢੇ ਵੱਲ ਨੂੰ ਪੈਂਦੀ ਸਾਡੀ ਨੌਵੀਂ ਜਮਾਤ ਦੇ ਕਮਰੇ ਵੱਲ ਨੂੰ ਵੀ ਰੁਖ਼ ਕਰ ਲਿਆ।
ਲੱਗਦਾ ਇੰਝ ਸੀ ਕਿ ਅਗਲੇ ਕੁਝ ਦਿਨਾਂ ਤੱਕ ਨੌਵੀਂ ਜਮਾਤ ਦਾ ਕਮਰਾ ਪਾਣੀ ਦੀਆਂ ਛੱਲਾਂ ’ਚ ਆਪਣਾ ਨਾਮੋ ਨਿਸ਼ਾਨ ਗੁਆ ਬੈਠੇਗਾ। ਹੜ੍ਹ ਦੇ ਪਾਣੀ ਦੁਆਰਾ ਆਲੇ-ਦੁਆਲੇ ਕੀਤੀ ਤਬਾਹੀ ਦਾ ਮੰਜ਼ਰ ਦੇਖ ਆਪਣੀ ਜਮਾਤ ਦੇ ਕਮਰੇ ’ਚ ਅਧਿਆਪਕਾਂ ਦੇ ਬੈਠਣ ਵਾਲੀ ਕੁਰਸੀ ਮੇਜ਼, ਵਿਦਿਆਰਥੀਆਂ ਦੇ ਫੱਟੇ, ਕੰਧਾਂ ’ਤੇ ਲੱਗੇ ਚਾਰਟ ਤਸਵੀਰਾਂ ਤੇ ਜਮਾਤ ਦਾ ਟਾਈਮ ਟੇਬਲ ਪਾਣੀ ’ਚ ਰੁੜ੍ਹਦੇ ਜਾਂਦੇ ਦਿਸਣ ਲੱਗੇ ਸਨ। ਘਰ ਆਣ ਕੇ ਪਾਣੀ ਨਾਲ ਆਫਰੇ ਖੇਤਾਂ ’ਚੋਂ ਬਾਪੂ ਨਾਲ ਪਸ਼ੂਆਂ ਲਈ ਪੱਠੇ ਵਢਾਉਂਦਿਆਂ ਜਮਾਤ ਦਾ ਕਮਰਾ ਪਾਣੀ ਦੇ ਅੱਥਰੇ ਵੇਗ ’ਚ ਰੁੜ੍ਹਿਆ ਜਾਂਦਾ ਦਿਸ ਰਿਹਾ ਸੀ। ਘਰਦਿਆਂ ਨਾਲ ਕੰਮਕਾਰ ਕਰਾਉਂਦਿਆਂ ਤੇ ਦੇਰ ਸ਼ਾਮ ਤੱਕ ਪਿੰਡ ਨੇੜਿਓਂ ਲੰਘਦੇ ਚੋਅ ਦੇ ਪਾਣੀ ਦੀ ਸ਼ੂਕ ਤੋਂ ਡਰਦਿਆਂ ਪਤਾ ਨਹੀਂ ਕਦੋਂ ਸੋਚਾਂ ਦੀ ਉਧੇੜ-ਬੁਣ ’ਚ ਰਾਤ ਨੂੰ ਨੀਂਦ ਆ ਗਈ ਸੀ।
ਦਿਨ ਚੜ੍ਹਦੇ ਨੂੰ ਮੀਂਹ ਦੇ ਰੁਕਣ ਨਾਲ ਚੋਅ ਦਾ ਪਾਣੀ ਉਤਰਨ ਕਰਕੇ ਹੜ੍ਹ ਦੀ ਡਰਾਵਣੀ ਸ਼ੂਕ ਵੀ ਰਾਤ ਦੇ ਹਨੇਰੇ ’ਚ ਹੀ ਕਿਧਰੇ ਗੁਆਚ ਗਈ ਜਾਪੀ ਸੀ। ਸਕੂਲ ਜਾ ਕੇ ਦੇਖਿਆ ਤਾਂ ਆਪਣੀ ਜਮਾਤ ਦਾ ਕਮਰਾ ਪਹਿਲਾਂ ਵਾਂਗ ਆਪਣੀ ਥਾਂ ’ਤੇ ਸਹੀ ਸਲਾਮਤ ਖੜ੍ਹਾ ਵਿਦਿਆਰਥੀਆਂ ਨੂੰ ਉਡੀਕ ਰਿਹਾ ਜਾਪਦਾ ਸੀ। ਸਕੂਲ ਤੋਂ ਥੋੜ੍ਹੀ ਹੀ ਦੂਰੀ ’ਤੇ ਸਕੂਲ ਦੀ ਢਾਹੀ ਹੱਦ ਨੇੜਿਓਂ ਚੋਅ ਦਾ ਉਤਰਿਆ ਪਾਣੀ ਬੜੀ ਸਹਿਜ ਤੋਰ ਲਹਿੰਦੇ ਵੱਲ ਨੂੰ ਆਪਣੇ ਰਾਹ ਰਵਾਂ-ਰਵੀਂ ਵਗਿਆ ਜਾ ਰਿਹਾ ਸੀ। ਲੱਗਦਾ ਇਉਂ ਸੀ ਕਿ ਹੁਣ ਜਦੋਂ ਅਗਲੀ ਵਾਰੀ ਚੋਅ ਵਿੱਚ ਪਾਣੀ ਆਇਆ ਤਾਂ ਸਾਡੀ ਜਮਾਤ ਵਾਲਾ ਕਮਰਾ ਕਿਸੇ ਵੀ ਕੀਮਤ ’ਤੇ ਨਹੀਂ ਬਚਣਾ ਕਿਉਂਕਿ ਹੁਣ ਚੋਅ ਦਾ ਮੂੰਹ ਬਿਲਕੁਲ ਇਸ ਕਮਰੇ ਵੱਲ ਹੋ ਗਿਆ ਸੀ। ਐਤਵਾਰ ਨੂੰ ਪਿੰਡ ਦੇ ਲੋਕਾਂ ਨੇ ਇਲਾਕਾਈ ਲੋਕ ਵਿਸ਼ਵਾਸ ਮੁਤਾਬਿਕ ਖੁਆਜੇ ਦੀ ਮਾਰ ਤੋਂ ਬਚਣ ਲਈ ਸਕੂਲ ਨੇੜਿਓਂ ਲੰਘਦੇ ਚੋਅ ਕੰਢੇ ਵੀ ਆਟੇ ਦੇ ਦੀਵਿਆਂ ’ਚ ਦੇਸੀ ਘਿਓ ਪਾ ਕੇ ਜਗਾਉਂਦਿਆਂ ਨਿਆਣਿਆਂ ਨੂੰ ਦਲੀਆ ਛਕਾ ਨਗਰ ਖੇੜੇ ਦੀ ਸੁੱਖ ਮੰਗ ਲਈ ਸੀ। ਹੜ੍ਹ ਦੇ ਪਾਣੀ ਤੋਂ ਡਰੇ ਨਿਆਣਿਆਂ ਦੇ ਮਨ ’ਚ ਵੀ ਸ਼ਾਇਦ ਦਲੀਆ ਛਕਦਿਆਂ ਇਹੋ ਅਰਜ਼ੋਈ ਕਰ ਰਹੇ ਸਨ ਕਿ ਰੱਬਾ! ਚੋਅ ਦਾ ਪਾਣੀ ਕਿਸੇ ਵੀ ਤਰ੍ਹਾਂ ਸਾਡੀ ਜਮਾਤ ਦੇ ਕਮਰੇ ਨੂੰ ਬਰਬਾਦ ਨਾ ਕਰੇ।
ਬਰਸਾਤਾਂ ਖ਼ਤਮ ਹੋਈਆਂ ਤੇ ਮੌਸਮ ਸਾਫ਼ ਹੋ ਗਿਆ ਸੀ। ਪਿਛਲੇ ਮਹੀਨਿਆਂ ’ਚ ਆਪਣੀਆਂ ਸ਼ੂਕਦੀਆਂ ਛੱਲਾਂ ਨਾਲ ਡਰ ਪੈਦਾ ਕਰਨ ਵਾਲੇ ਚੋਅ ਦਾ ਪਾਣੀ ਹੁਣ ਗਿੱਲੇ ਰੇਤਿਆਂ ’ਚੋਂ ਸਿੰਮ ਸਿੰਮ ਕੇ ਸਾਫ਼ ਜਲਧਾਰਾ ਦਾ ਰੂਪ ਅਖਤਿਆਰ ਕਰਦਾ ਲਹਿੰਦੇ ਪਾਸੇ ਵੱਲ ਮਸਤਾਨੀ ਤੋਰ ਤੁਰਨ ਲੱਗਿਆ ਸੀ। ਸਕੂਲ ਦੇ ਅਣਭੋਲ ਨਿਆਣਿਆਂ ਦੀ ਦੁਆ ਰੱਬ ਦੀ ਦਰਗਾਹ ’ਚ ਕਬੂਲ ਹੋ ਗਈ ਜਾਪਦੀ ਸੀ। ਮੌਸਮ ਸਾਫ਼ ਹੋਣ ’ਤੇ ਲੋਕਾਂ ਨੇ ਬਰਸਾਤੀ ਪਾਣੀਆਂ ਨਾਲ ਭੰਨੇ ਰਾਹਾਂ, ਸੜਕਾਂ ਤੇ ਪੁਲੀਆਂ ’ਤੇ ਮਿੱਟੀ ਪਾ ਪਾ ਕੇ ਆਪਣੇ ਲਾਂਘੇ ਸਿੱਧੇ ਕਰ ਲਏ ਸਨ। ਚੋਆਂ ਦੀਆਂ ਕਾਈਆਂ ਨੂੰ ਵੀ ਚਿੱਟੇ ਬੁੱਬਲ ਰੁੱਤ ਬਦਲੀ ਦਾ ਸੁਨੇਹਾ ਲੈ ਕੇ ਖਿੜ ਗਏ ਸਨ।
ਥੋੜ੍ਹੇ ਦਿਨਾਂ ਬਾਅਦ ਨਰਾਤੇ ਆ ਜਾਣ ਕਰਕੇ ਨੇੜਲੇ ਕਸਬੇ ’ਚ ਦੁਸਹਿਰੇ ਤੇ ਦੀਵਾਲੀ ਦੀਆਂ ਰੌਣਕਾਂ ਨੇ ਬਰਸਾਤੀ ਹੜ੍ਹਾਂ ਦੀ ਸ਼ੂਕ ਨਾਲ ਨਿਆਣਿਆਂ ਦੇ ਮਨਾਂ ’ਚ ਪੈਦਾ ਹੋਇਆ ਖ਼ੌਫ਼ ਤਿਉਹਾਰਾਂ ਦੇ ਚਾਅਵਾਂ ਤੇ ਮਲ੍ਹਾਰਾਂ ’ਚ ਤਬਦੀਲ ਕਰ ਦਿੱਤਾ ਸੀ। ਮੌਸਮ ’ਚ ਟਿਕਾਅ ਆਉਣ ਨਾਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਤਿਆਰੀਆਂ ਲਈ ਸਖ਼ਤ ਮਿਹਨਤ ਕਰਾਉਣ ਦਾ ਅਮਲ ਪਹਿਲਾਂ ਨਾਲੋਂ ਜ਼ੋਰ ਫੜ ਗਿਆ ਸੀ।
ਪਿੰਡ ’ਚ ਚੋਅ ਕੰਢੇ ਚੱਲਣ ਵਾਲੇ ਸਰਕਾਰੀ ਸਕੂਲ ਦੀ ਸਮਾਂ ਸਾਰਣੀ ’ਚ ਮੌਸਮਾਂ ਦੀ ਅਦਲਾ-ਬਦਲੀ ਕਾਰਨ ਥੋੜ੍ਹੀ ਬਹੁਤੀ ਤਬਦੀਲੀ ਦੇਖਣ ਨੂੰ ਮਿਲਣੀ ਸੀ, ਪਰ ਸਕੂਲ ਦੇ ਅਧਿਆਪਕਾਂ ਦਾ ਜ਼ਿਆਦਾਤਰ ਸਮਾਂ ਬੱਚਿਆਂ ਨੂੰ ਰਸਮੀ ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਵਿੱਚ ਆਪਣੀ ਮੰਜ਼ਿਲ ਪ੍ਰਾਪਤੀ ਲਈ ਕਰੜੀ ਮਿਹਨਤ ਕਰਨ ਦੇ ਗੁਰ ਸਿਖਾਉਂਦਿਆਂ ਲੰਘਦਾ ਸੀ। ਸਕੂਲ ਦੇ ਹੈੱਡਮਾਸਟਰ ਸਾਹਿਬ ਪਹਿਲਾਂ ਹੁਸ਼ਿਆਰਪੁਰੋਂ ਬੱਸ ਫੜ ਨੇੜਲੇ ਕਸਬੇ ਹਰਿਆਣੇ ਤੱਕ ਪਹੁੰਚਦੇ ਤੇ ਫਿਰ ਤਕਰੀਬਨ ਪੰਜ ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਲੱਗਣ ਤੋਂ ਪਹਿਲਾਂ ਉਹ ਸਕੂਲ ਪਹੁੰਚੇ ਹੁੰਦੇ। ਹਫ਼ਤੇ ’ਚ ਇੱਕ ਦੋ ਵਾਰ ਸਵੇਰ ਦੀ ਸਭਾ ’ਚ ਜ਼ਿੰਦਗੀ ’ਚ ਆਪਣੀ ਮੰਜ਼ਿਲ ਸਰ ਕਰਨ ਲਈ ਸਖ਼ਤ ਮਿਹਨਤ ਕਰਨ ਦੇ ਗੁਰ ਸਮਝਾਉਂਦਿਆਂ ਸਭਾ ਦਾ ਸਮਾਂ ਮਿੱਥੀ ਸੀਮਾ ਨੂੰ ਵੀ ਪਾਰ ਕਰ ਜਾਂਦਾ, ਪਰ ਹੈੱਡਮਾਸਟਰ ਸਾਹਿਬ ਜਿੰਨਾ ਚਿਰ ਆਪਣੀ ਗੱਲਬਾਤ ਕਰਦੇ ਸਾਰੇ ਅਧਿਆਪਕ ਤੇ ਵਿਦਿਆਰਥੀ ਪੂਰੇ ਧਿਆਨ ਨਾਲ ਉਨ੍ਹਾਂ ਦੀ ਇੱਕ ਇੱਕ ਗੱਲ ਨੂੰ ਆਪਣੇ ਚੇਤਿਆਂ ’ਚ ਸੰਭਾਲਣ ਦਾ ਯਤਨ ਕਰ ਰਹੇ ਹੁੰਦੇ। ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਹਰ ਹਵਾਲੇ ਤੇ ਹਰ ਪ੍ਰਸੰਗ ਦਾ ਕੇਂਦਰੀ ਸਾਰ ਇਹੀ ਹੁੰਦਾ ਕਿ ਜ਼ਿੰਦਗੀ ’ਚ ਹਰ ਔਖੇ ਟੀਚੇ ਨੂੰ ਹਾਸਿਲ ਕਰਨ ਲਈ ਇੱਕੋ ਹਥਿਆਰ ਜੋ ਸਭ ਤੋਂ ਕਾਰਗਾਰ ਸਾਬਿਤ ਹੁੰਦਾ ਹੈ ਉਹ ਹੈ: ਕਰੜੀ ਮਿਹਨਤ। ਉਨ੍ਹਾਂ ਦੀਆਂ ਦੱਸੀਆਂ ਨੌਵੀਂ ਦਸਵੀਂ ਜਮਾਤ ਵਿੱਚ ਅੰਗਰੇਜ਼ੀ ਦੇ ਵਰਤਮਾਨ, ਅਤੀਤ ਤੇ ਭਵਿੱਖ ਨਾਲ ਸਬੰਧਿਤ ਵਾਕ ਬਣਾਉਣ ਤੇ ਪਛਾਣਨ ਦੀਆਂ ਜੁਗਤਾਂ ਨੇ ਪਿੰਡਾਂ ਦੇ ਸਕੂਲ ’ਚ ਪੜ੍ਹੇ ਹੋਣ ਦੇ ਬਾਵਜੂਦ ਕਾਲਜ ਸਮੇਂ ਅੰਗਰੇਜ਼ੀ ਵਰਗੇ ਔਖੇ ਸਮਝੇ ਜਾਂਦੇ ਵਿਸ਼ੇ ਨੂੰ ਪੜ੍ਹਨ ਲਿਖਣ ਤੇ ਸਮਝਣ ’ਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਉਣ ਦਿੱਤੀ। ਸਰੀਰਕ ਸਿੱਖਿਆ ਵਾਲੇ ਪੀ.ਟੀ.ਆਈ. ਭੈਣ ਜੀ ਭਾਵੇਂ ਸਕੂਲ ’ਚ ਅਨੁਸ਼ਾਸਨ ਬਣਾਈ ਰੱਖਣ ਲਈ ਆਪਣੇ ਹੱਥ ’ਚ ਛੋਟਾ ਜਿਹਾ ਡੰਡਾ ਵੀ ਰੱਖਦੇ, ਪਰ ਉਨ੍ਹਾਂ ਦੇ ਸ਼ਾਂਤ ਤੇ ਦਿਆਲੂ ਸੁਭਾਅ ਨੇ ਕਦੇ ਵੀ ਉਨ੍ਹਾਂ ਦੇ ਨਿਰਦਈ ਹੋਣ ਦਾ ਸਬੂਤ ਨਹੀਂ ਸੀ ਦਿੱਤਾ। ਉਹ ਸਕੂਲ ਦੀ ਬਾਲ ਸਭਾ ’ਚ ਬੱਚਿਆਂ ਤੋਂ ਗੀਤ, ਕਵਿਤਾ ਜਾਂ ਹੋਰ ਕੋਈ ਕਲਾਤਮਿਕ ਵੰਨਗੀ ਉਚੇਚ ਨਾਲ ਸੁਣਦੇ ਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਦੀ ਪਿੱਠ ਵੀ ਥਾਪੜਦੇ ਸਨ। ਪਿੰਡ ਦੇ ਸਰਕਾਰੀ ਸਕੂਲ ’ਚ ਟਾਹਲੀਆਂ ਕਿੱਕਰਾਂ ਹੇਠ ਲੱਗਦੀਆਂ ਬਾਲ ਸਭਾਵਾਂ ’ਚ ਗੀਤ, ਕਵਿਤਾਵਾਂ ਸੁਣਾਉਂਦਿਆਂ ਮਿਲਦੀ ਹੌਸਲਾ ਅਫਜ਼ਾਈ ਦਾ ਹੀ ਅਸਰ ਸੀ ਕਿ ਆਉਣ ਵਾਲੀ ਕਾਲਜ ਜ਼ਿੰਦਗੀ ਦੇ ਖੇਤਰੀ ਯੁਵਕ ਮੇਲਿਆਂ ਤੇ ਹੋਰ ਸਾਹਿਤਕ ਸਰਗਰਮੀਆਂ ’ਚ ਮੇਰਾ ਨਾਂ ਮੂਹਰਲੀ ਕਤਾਰ ਦੇ ਵਿਦਿਆਰਥੀਆਂ ’ਚ ਸ਼ੁਮਾਰ ਹੁੰਦਾ ਰਿਹਾ। ਸ਼ਹਿਰ ਵੱਲੋਂ ਆਉਂਦੀਆਂ ਸਾਇੰਸ ਅਧਿਆਪਕਾਵਾਂ ਭਾਵੇਂ ਦਿੱਖ ਤੇ ਰਹਿਣ ਸਹਿਣ ਪੱਖੋਂ ਪੂਰੀ ਤਰ੍ਹਾਂ ਸ਼ਹਿਰੀ ਦਿਸਦੀਆਂ ਸਨ, ਪਰ ਉਨ੍ਹਾਂ ਦੇ ਵਿਹਾਰ ਤੇ ਪੜ੍ਹਾਉਣ ਦੇ ਤਰੀਕਿਆਂ ’ਚ ਏਨੀ ਹਲੀਮੀ ਤੇ ਹਮਦਰਦੀ ਹੁੰਦੀ ਕਿ ਬੱਚਿਆਂ ਨੂੰ ਭੌਤਿਕ ਤੇ ਜੀਵ ਵਿਗਿਆਨ ਦੇ ਔਖੇ ਸੰਕਲਪ ਬੜੇ ਸਹਿਜ ਨਾਲ ਸਮਝ ਆ ਜਾਂਦੇ। ਉਨ੍ਹਾਂ ਪਿੰਡਾਂ ਦੇ ਗੁਰਬਤ ਮਾਰੇ ਬੱਚਿਆਂ ਦਾ ਕਦੇ ਮਜ਼ਾਹ ਨਹੀਂ ਸੀ ਉਡਾਇਆ ਸਗੋਂ ਰਾਹੇ ਬਗਾਹੇ ਲੋੜਵੰਦ ਬੱਚੇ ਦੀ ਮਦਦ ਕਰ ਕੇ ਇਨਸਾਨੀਅਤ ਦਾ ਦਰਦ ਰੱਖਣ ਵਾਲੀਆ ਰੂਹਾਂ ਹੋਣ ਦਾ ਸਬੂਤ ਦਿੱਤਾ ਸੀ। ਹਿੰਦੀ ਪੜ੍ਹਾਉਣ ਵਾਲੀ ਅਧਿਆਪਕਾ ਦਾ ਪੜ੍ਹਾਉਣ ਦਾ ਤਰੀਕਾ ਏਨਾ ਸਰਲ, ਰੌਚਕ ਤੇ ਅਪਣੱਤ ਭਰਪੂਰ ਹੁੰਦਾ ਸੀ ਕਿ ਪਿੰਡਾਂ ’ਚ ਘੱਟ ਵਰਤੋਂ ਵਿੱਚ ਆਉਣ ਵਾਲੀ ਹਿੰਦੀ ਭਾਸ਼ਾ ਦੇ ਸ਼ਬਦ ਜੋੜ ਲਿਖਣ ’ਚ ਬੱਚਿਆਂ ਨੇ ਕਦੇ ਮਾਰ ਨਹੀਂ ਖਾਧੀ। ਨਾਲ ਦੇ ਪਿੰਡ ਤੋਂ ਕੁਝ ਸਮਾਂ ਪਹਿਲਾਂ ਸਕੂਲ ’ਚ ਨਵ-ਨਿਯੁਕਤ ਹੋਈ ਗਣਿਤ ਅਧਿਆਪਿਕਾ ਬੱਚਿਆਂ ਨੂੰ ਗਣਿਤ ਦੇ ਸੁਆਲ ਸਮਝਾਉਣ ਲੱਗਿਆਂ ਔਖੇ ਔਖੇ ਫਾਰਮੂਲੇ ਆਪ ਜ਼ੋਰ ਲਾ ਲਾ ਕੇ ਏਦਾਂ ਰਟਾਉਂਦੀ ਕਿ ਗਣਿਤ ਦੇ ਔਖੇ ਸੁਆਲਾਂ ਦੀਆਂ ਘੁੰਡੀਆਂ ਆਪਣੇ ਆਪ ਖੁੱਲ੍ਹਦੀਆਂ ਜਾਂਦੀਆਂ। ਸਕੂਲ ਵਿੱਚ ਕਰੀਬ ਛੇ ਫੁੱਟ ਲੰਮਾ ਨਵਾਂ ਆਇਆ ਡੀ.ਪੀ.ਈ. ਹਰ ਸਾਲ ਆਪਣੀ ਜੇਬ੍ਹ ’ਚੋਂ ਪੈਸੇ ਖਰਚ ਕੇ ਸ਼ਹਿਰ ਦੀ ਨਰਸਰੀ ’ਚੋਂ ਬਹੁਤ ਹੀ ਉੱਚ ਕੁਆਲਟੀ ਦੇ ਫੁੱਲਦਾਰ ਪੌਦੇ ਸਰਦੀਆਂ ਦੇ ਸ਼ੁਰੂ ’ਚ ਬੱਚਿਆਂ ਨੂੰ ਨਾਲ ਲੈ ਕੇ ਹੱਥੀਂ ਲੁਆਉਂਦਾ। ਫਿਰ ਜਦੋਂ ਇਹ ਫੁੱਲ ਫਰਵਰੀ ਮਾਰਚ ਵਿੱਚ ਖਿੜਦੇ ਤਾਂ ਬਸੰਤ ਬਹਾਰ ਦੀਆਂ ਰੌਣਕਾਂ ਤੇ ਖੁਸ਼ਬੂਆਂ ਸਕੂਲ ਦੇ ਵਿਹੜੇ ’ਚ ਉਤਰ ਆਈਆਂ ਜਾਪਦੀਆਂ। ਪਿੰਡਾਂ ਦੇ ਹਮਾਤੜ ਬੱਚਿਆਂ ਨੂੰ ਗੇਂਦਾ, ਗੁਲਦਾਉਦੀ, ਸਵੀਟ ਸੁਲਤਾਨ, ਡੇਲੀਆ ਤੇ ਸਵੀਟ ਵਿਲੀਅਮ ਵਰਗੇ ਉੱਚ ਕੁਆਲਟੀ ਦੇ ਫੁੱਲਾਂ ਦੇ ਨਾਵਾਂ ਦੀ ਜਾਣਕਾਰੀ ਡੀ.ਪੀ.ਈ. ਸਰ ਦੀ ਬਦੌਲਤ ਹੀ ਮਿਲੀ ਸੀ। ਇਸ ਤਰ੍ਹਾਂ ਪੇਂਡੂ ਜ਼ਿੰਦਗੀ ਦੇ ਆਪਮੁਹਾਰੇ ਰੰਗ ਹੰਢਾਉਂਦਿਆਂ ਜੀਵਨ ਦੀਆਂ ਅਗਲੀਆਂ ਵਾਟਾਂ ਨੂੰ ਮੁਕੰਮਲ ਕਰਨ ਲਈ ਬੁਨਿਆਦੀ ਸਿੱਖਿਆ ਤੇ ਸਮਝ ਹਾਸਿਲ ਕਰਨ ਦਾ ਇੱਕ ਨਵਿੇਕਲਾ ਪੜਾਅ ਮੁਕੰਮਲ ਹੋ ਗਿਆ ਸੀ। ਇਸ ਪੜਾਅ ’ਚ ਬਚਪਨ ਦੇ ਕਈ ਅਣਭੋਲ ਕਿੱਸੇ, ਹਾਸੇ, ਸ਼ਰਾਰਤਾਂ ਤੇ ਫਿਰ ਬਚਪਨਾ ਛੱਡ ਹੜ੍ਹਾਂ ਦੇ ਅੱਥਰੇ ਪਾਣੀਆਂ ਵਾਂਗ ਹੀ ਸ਼ੂਕਣ ਵਾਲੀ ਜਵਾਨੀ ਦੇ ਦੌਰ ਦੇ ਰੰਗ ਗੂੜ੍ਹੇ ਹੋਣੇ ਲੱਗੇ ਸਨ। ਚੋਅ ਦੇ ਕੰਢੇ ਉਸਰੇ ਸਕੂਲ ਦੀਆਂ ਕਿੱਕਰਾਂ ਤੇ ਟਾਹਲੀਆਂ ਦੀ ਛਾਵੇਂ ਜਮਾਤਾਂ ਤੇ ਬਾਲ ਸਭਾਵਾਂ ਲਾਉਂਦੇ, ਹਾਲੀਆਂ-ਪਾਲੀਆਂ ਦੇ ਅੰਗ ਸੰਗ ਵਿਚਰਦਿਆਂ ਕਈ ਵਿਦਿਆਰਥੀ ਉਸ ਸਕੂਲ ਤੋਂ ਪੜ੍ਹਾਈਆਂ ਕਰ ਅਧਿਆਪਕ ਬਣ ਗਏ, ਕਈ ਫ਼ੌਜ ਜਾਂ ਪੁਲੀਸ ’ਚ ਭਰਤੀ ਹੋ ਗਏ, ਕੋਈ ਰੋਡਵੇਜ਼ ’ਚ ਚਲਾ ਗਿਆ, ਕਿਸੇ ਨੂੰ ਬੈਂਕ ਦੀ ਨੌਕਰੀ ਮਿਲ ਗਈ, ਕੋਈ ਬਿਜਲੀ ਬੋਰਡ ’ਚ ਚਲਾ ਗਿਆ, ਕੋਈ ਉਚੇਰੀ ਸਿੱਖਿਆ ਹਾਸਿਲ ਕਰ ਚੰਗਾ ਰਿਸ਼ਤਾ ਕਰਾ ਕੈਨੇਡਾ ਅਮਰੀਕਾ ਜਾ ਕੇ ਸੈੱਟ ਹੋ ਗਿਆ। ਜਿਹੜਾ ਵਿਦਿਆਰਥੀ ਜਿੱਥੇ ਵੀ ਗਿਆ, ਸਾਧਾਰਨ ਤੇ ਕੁਦਰਤ ਦੀ ਗੋਦ ’ਚ ਵੱਸੇ ਉਸ ਸਕੂਲ ਦੀਆਂ ਯਾਦਾਂ ਆਪਣੇ ਚੇਤਿਆਂ ’ਚ ਵਸਾ ਜ਼ਿੰਦਗੀ ਦੀਆਂ ਵਾਟਾਂ ਮੁਕਾਉਣ ਲਈ ਆਪਣੇ ਹਿੱਸੇ ਦੇ ਸਫ਼ਰ ਲਈ ਅਗਾਂਹ ਤੁਰ ਗਿਆ ਸੀ। ਬੀਤੇ ਸਮਿਆਂ ’ਚ ਬਰਸਾਤਾਂ ਦੇ ਦਿਨਾਂ ਨੂੰ ਭਾਵੇਂ ਲੋਕ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਚੋਆਂ ਦੇ ਕੰਢਿਆਂ ’ਤੇ ਦੀਵੇ ਜਗਾ ਤੇ ਦਲੀਏ ਛਕਾ ਜ਼ਿੰਦਗੀ ਦੀ ਸਲਾਮਤੀ ਲਈ ਦੁਆਵਾਂ ਕਰਦੇ ਰਹੇ ਸਨ, ਪਰ ਨਾਲ ਹੀ ਉਸ ਦੌਰ ’ਚ ਇਨ੍ਹਾਂ ਇਲਾਕਿਆਂ ’ਚ ਕਰੜੀ ਮਿਹਨਤ ਤੇ ਸਮਰਪਣ ਭਾਵਨਾ ਨਾਲ ਬੱਚਿਆਂ ਨੂੰ ਰਸਮੀ ਸਿੱਖਿਆ ਦੇ ਕੇ ਜ਼ਿੰਦਗੀ ਦੀਆਂ ਰਾਹਾਂ ਰੁਸ਼ਨਾਉਣ ਤੇ ਕਾਮਯਾਬੀ ਦੀਆਂ ਪੈੜਾਂ ਲੱਭਣ ਦੇ ਸਮਰੱਥ ਬਣਾਉਣ ਵਾਲੇ ਮਿਹਨਤੀ ਅਧਿਆਪਕਾਂ ਦੀ ਹਸਤੀ ਵੀ ਚੋਆਂ ਕੰਢੇ ਲਟ ਲਟ ਜਗਣ ਵਾਲੇ ਦੀਵਿਆਂ ਤੋਂ ਘੱਟ ਨਹੀਂ ਮੰਨੀ ਜਾ ਸਕਦੀ। ਇਨ੍ਹਾਂ ਅਧਿਆਪਕਾਂ ਵੱਲੋਂ ਪੇਂਡੂ ਸਕੂਲਾਂ ਦੇ ਬੱਚਿਆਂ ਦੀ ਜ਼ਿੰਦਗੀ ਦੇ ਹਨੇਰੇ ਰਾਹ ਰੁੁਸ਼ਨਾਉਣ ਤੇ ਜ਼ਿੰਦਗੀ ਸੰਵਾਰਨ ਲਈ ਕੀਤੀ ਗਈ ਸਖ਼ਤ ਮਿਹਨਤ ਤੇ ਪਰਉਪਕਾਰੀ ਵਿਹਾਰ ਸੈਂਕੜੇ ਵਿਦਿਆਰਥੀਆਂ ਲਈ ਰੱਬ ਦੀ ਇਬਾਦਤ ਵਰਗਾ ਸੱਚਾ-ਸੁੱਚਾ ਕਾਰਜ ਹੋ ਨਬਿੜਿਆ ਸੀ ਜਿਸ ਦੀ ਬਦੌਲਤ ਸੈਂਕੜੇ ਮਾਸੂਮ ਜ਼ਿੰਦਗੀਆਂ ਦੇ ਨਖ਼ਸ਼ ਸੰਵਾਰੇ ਗਏ ਤੇ ਸੈਆਂ ਜਿੰਦੜੀਆਂ ਵਕਤ ਦੇ ਖ਼ੂਬਸੂਰਤ ਰੰਗ ਮਾਣਨ ਦੇ ਯੋਗ ਹੋ ਗਈਆਂ ਸਨ।
ਸੰਪਰਕ: 70877-87700