ਲੈਮਕਿਨ ਦਾ ਘਰ ਤੇ ਅੱਜ ਦਾ ਫ਼ਲਸਤੀਨ
ਸਵਰਾਜਬੀਰ
ਲੈਮਕਿਨ ਦਾ ਘਰ’ ਨਾਟਕਕਾਰ ਕੈਥਰੀਨ ਫੀਊ (Catherine Filloux) ਦੇ ਨਾਟਕ ਦਾ ਨਾਂ ਹੈ। ਕੈਥਰੀਨ ਫੀਊ ਅਲਜੀਰੀਅਨ-ਫਰਾਂਸੀਸੀ ਮੂਲ ਦੀ ਅਮਰੀਕੀ ਨਾਟਕਕਾਰ ਹੈ। ਲੈਮਕਿਨ ਦਾ ਪੂਰਾ ਨਾਂ ਰਫਾਲ ਲੈਮਕਿਨ ਸੀ; ਉਹ ਸੰਨ 1900 ਵਿਚ ਬੇਲਾਰੂਸ ਦੇ ਇਕ ਪਿੰਡ ਵਿਚ ਪੋਲੈਂਡ ਨਾਲ ਸਬੰਧ ਰੱਖਣ ਵਾਲੇ ਯਹੂਦੀ ਪਰਿਵਾਰ ਵਿਚ ਪੈਦਾ ਹੋਇਆ; ਵਕੀਲ ਬਣਿਆ ਤੇ ਪੋਲੈਂਡ ਵਿਚ ਨੌਕਰੀ ਕੀਤੀ। ਨਾਜ਼ੀਆਂ ਦੁਆਰਾ ਪੋਲੈਂਡ ਤੇ ਹੋਰ ਦੇਸ਼ਾਂ ਵਿਚ ਕੀਤੇ ਯਹੂਦੀਆਂ ਦੇ ਭਿਆਨਕ ਕਤਲੇਆਮਾਂ, ਜਿਨ੍ਹਾਂ ਨੂੰ ‘ਹੋਲੋਕਾਸਟ (Holocaust-ਸਰਬਨਾਸ਼)’ ਕਿਹਾ ਜਾਂਦਾ ਹੈ, ਵਿਚ ਲੈਮਕਿਨ ਦੇ ਪਰਿਵਾਰ ਦੇ 49 ਜੀਅ ਤੇ ਰਿਸ਼ਤੇਦਾਰ ਮਾਰੇ ਗਏ। 1941 ਵਿਚ ਲੈਮਕਿਨ ਅਮਰੀਕਾ ਪਹੁੰਚਿਆ ਅਤੇ ਉੱਥੇ ਉੱਘੀਆਂ ਯੂਨੀਵਰਸਿਟੀਆਂ ਦੇ ਕਾਨੂੰਨ ਵਿਭਾਗਾਂ ਵਿਚ ਪੜ੍ਹਾਉਣ ਲੱਗਾ। ਉਸ ਨੇ ‘Genocide (Geno- ਯੂਨਾਨੀ ਮੂਲ ਭਾਵ ‘ਨਸਲ’, cide- ਲਾਤੀਨੀ ਮੂਲ ਭਾਵ ‘ਮਾਰਨਾ’; ਅਸੀਂ ਇਸ ਨੂੰ ਨਸਲਕੁਸ਼ੀ ਕਹਿੰਦੇ ਹਾਂ)’ ਸ਼ਬਦ ਘੜਿਆ ਅਤੇ ਇਸ ਵਿਰੁੱਧ ਕੌਮਾਂਤਰੀ ਕਾਨੂੰਨ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ। ਉਸ ਦੇ ਬਣਾਏ ਕਾਨੂੰਨੀ ਖਰੜੇ (ਡਰਾਫਟ) ਦੇ ਆਧਾਰ ’ਤੇ ਸੰਯੁਕਤ ਰਾਸ਼ਟਰ ਨੇ 1948 ਤੇ 1951 ਵਿਚ ਨਸਲਕੁਸ਼ੀ ਨੂੰ ਮਨੁੱਖਤਾ ਵਿਰੁੱਧ ਅਪਰਾਧ ਮੰਨਿਆ; 1959 ਵਿਚ ਉਹ ਗ਼ਰੀਬੀ ਦੀ ਹਾਲਤ ਵਿਚ ਮਰ ਗਿਆ।
ਵੀਹਵੀਂ ਸਦੀ ਦੇ ਜੁਰਮ ਬਹੁਤ ਭਿਆਨਕ ਹਨ; ਇਸ ਸਦੀ ਦੀ ਸ਼ੁਰੂਆਤ ਪਹਿਲੀ ਆਲਮੀ ਜੰਗ (ਜਿਸ ਵਿਚ 1.5-2 ਕਰੋੜ ਲੋਕ ਮਾਰੇ ਗਏ) ਅਤੇ ਅਰਮੀਨੀਅਨ ਮੂਲ ਦੇ ਲੋਕਾਂ ਦੀ ਨਸਲਕੁਸ਼ੀ (ਜਿਸ ਵਿਚ 10 ਲੱਖ ਤੋਂ ਵੱਧ ਲੋਕ ਮਾਰੇ ਗਏ) ਜਿਹੇ ਵੱਡੇ ਜੁਰਮਾਂ ਨਾਲ ਹੋਈ ਅਤੇ ਹਰ ਦਹਾਕੇ ਵਿਚ ਕੋਈ ਨਾ ਕੋਈ ਅਜਿਹਾ ਕਹਿਰ ਭਰਿਆ ਵਰਤਾਰਾ ਵਾਪਰਦਾ ਰਿਹਾ ਜਿਸ ਨੂੰ ਨਸਲਕੁਸ਼ੀ, ਮਨੁੱਖਤਾ ਵਿਰੁੱਧ ਅਪਰਾਧ, ਭਿਅੰਕਰ ਕਤਲੇਆਮ ਜਾਂ ਨਸਲੀ ਸਫ਼ਾਈ (Ethnic Cleansing) ਕਿਹਾ ਜਾ ਸਕਦਾ ਹੈ।
ਨਾਟਕ ‘ਲੈਮਕਿਨ ਦੇ ਘਰ’ ਵਿਚ ਕਾਰਜ-ਸਥਾਨ ਲੈਮਕਿਨ ਦਾ ਘਰ ਹੈ; ਲੈਮਕਿਨ ਮਰ ਚੁੱਕਾ ਹੈ ਪਰ ਉਸ ਦੀ ਆਤਮਾ ਉੱਥੇ ਹਾਜ਼ਰ ਹੈ; ਇਹ ਮਨੁੱਖੀ ਦੁਖਾਂਤਾਂ ਅਤੇ ਉਨ੍ਹਾਂ ਵਿਚਲੇ ਵਿਰੋਧਾਭਾਸਾਂ ’ਤੇ ਵਿਚਾਰ ਕਰਨ ਲਈ ਘੜੀ ਗਈ ਨਾਟਕੀ/ਸਾਹਤਿਕ ਜੁਗਤ ਹੈ। ਇਕ ਵਕੀਲ ਵਜੋਂ ਲੈਮਕਿਨ ਸੋਚਦਾ ਸੀ ਕਿ ਸੰਯੁਕਤ ਰਾਸ਼ਟਰ ਦੁਆਰਾ ਨਸਲਕੁਸ਼ੀ ਨੂੰ ਮਨੁੱਖਤਾ ਵਿਰੁੱਧ ਮਹਾਂ-ਅਪਰਾਧ ਮੰਨਣਾ ਇਕ ਵੱਡੀ ਕਾਨੂੰਨੀ ਪ੍ਰਾਪਤੀ ਸੀ; ਉਸ ਨੂੰ ਦੁੱਖ ਸੀ ਕਿ ਉਹਦੇ ਅਪਣਾਏ ਹੋਏ ਦੇਸ਼ ਅਮਰੀਕਾ ਨੇ ਨਸਲਕੁਸ਼ੀ ਵਿਰੁੱਧ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਦੀ ਤਾਈਦ ਨਹੀਂ ਸੀ ਕੀਤੀ ਅਤੇ ਇਸ ਬਾਰੇ ਕੋਈ ਕਾਨੂੰਨ ਨਹੀਂ ਸੀ ਬਣਾਇਆ।
ਚਾਰ ਨਵੰਬਰ 1988
ਚਾਰ ਨਵੰਬਰ 1988 ਨੂੰ ਅਮਰੀਕੀ ਸੈਨੇਟਰ ਵਿਲੀਅਮ ਪਰੋਕਸਮਾਇਰ ਲੈਮਕਿਨ ਦੇ ਘਰ ਵਿਚ ਆਉਂਦਾ ਤੇ ਉਸ ਦੀ ਆਤਮਾ ਨੂੰ ਦੱਸਦਾ ਹੈ ਕਿ ਅਮਰੀਕੀ ਸੰਸਦ ਨੇ ਨਸਲਕੁਸ਼ੀ ਵਿਰੁੱਧ ਕਾਨੂੰਨ ‘ਨਸਲਕੁਸ਼ੀ ਕਨਵੈਨਸ਼ਨ ਨੂੰ ਲਾਗੂ ਕਰਨ ਵਾਲਾ ਕਾਨੂੰਨ (Genocide Convention Implementation Act)’ ਪਾਸ ਕਰ ਦਿੱਤਾ ਹੈ। ਲੈਮਕਿਨ ਦੀ ਆਤਮਾ ਨੂੰ ਤਸੱਲੀ ਮਿਲਦੀ ਹੈ ਕਿ ਨਸਲਕੁਸ਼ੀ ਨੂੰ ਕੌਮਾਂਤਰੀ ਅਪਰਾਧ ਮੰਨ ਲਿਆ ਗਿਆ ਅਤੇ ਹੁਣ ਕਤਿੇ ਵੀ ਅਜਿਹਾ ਅਪਰਾਧ ਕਰਨ ਵਾਲੇ ਨੂੰ ਸਜ਼ਾ ਮਿਲ ਸਕੇਗੀ। ਵਿਲੀਅਮ ਪਰੋਕਸਮਾਇਰ ਇਹ ਕਾਨੂੰਨ ਪਾਸ ਕਰਵਾਉਣ ਲਈ ਅਮਰੀਕੀ ਸੈਨੇਟ ਵਿਚ 3211 ਵਾਰ ਬੋਲਿਆ ਸੀ।
ਇੱਥੋਂ ਨਾਟਕ ਵਿਚ ਇਕ ਨਵੀਂ ਸ਼ੁਰੂਆਤ ਹੁੰਦੀ ਹੈ। ਨਾਟਕ ਵਿਚ ਲੈਮਕਿਨ ਦੀ ਮਾਂ ਦੀ ਆਤਮਾ ਵੀ ਆਉਂਦੀ ਹੈ ਅਤੇ ਮਾਂ-ਪੁੱਤ ਯਹੂਦੀਆਂ ਅਤੇ ਆਪਣੇ ਪਰਿਵਾਰ ’ਤੇ ਹੋਏ ਜ਼ੁਲਮ ਬਾਰੇ ਯਾਦਾਂ ਸਾਂਝੀਆਂ ਕਰਦੇ ਹਨ; ਫਿਰ ਆਉਂਦੇ ਹਨ ਉਹ ਲੋਕ ਜਿਨ੍ਹਾਂ ’ਤੇ ਉਪਰੋਕਤ ਕਾਨੂੰਨ ਬਣਨ ਤੋਂ ਬਾਅਦ ਵਿਚ ਵੱਡੇ ਜ਼ੁਲਮ ਹੋਏ। 1994 ਵਿਚ ਅਫਰੀਕੀ ਦੇਸ਼ ਰਵਾਂਡਾ ਵਿਚ ਨਸਲਕੁਸ਼ੀ ਦੇ ਸ਼ਿਕਾਰ ਹੋਏ ਤੁਤਸੀ (Tutsi) ਕਬੀਲੇ ਦੀ ਔਰਤ ਆਉਂਦੀ ਹੈ; ਅਪਰੈਲ-ਜੁਲਾਈ 1994 ਵਿਚ ਹੋਈ ਉਸ ਨਸਲਕੁਸ਼ੀ ਵਿਚ 5-8 ਲੱਖ ਤੁਤਸੀ ਮਾਰੇ ਗਏ ਸਨ ਤੇ 5 ਲੱਖ ਤੁਤਸੀ ਔਰਤਾਂ ਨਾਲ ਜਬਰ-ਜਨਾਹ ਹੋਇਆ ਸੀ; ਉਹ ਦੱਸਦੀ ਹੈ ਕਿ ਤੁਤਸੀ ਔਰਤਾਂ ਦੇ ਚਿਥੜੇ ਰੁੱਖਾਂ ’ਤੇ ਲਟਕ ਰਹੇ ਨੇ ਪਰ ਸੰਯੁਕਤ ਰਾਸ਼ਟਰ ਅਮਰੀਕਾ ਤੇ ਯੂਰੋਪ ਦੇ ਦੇਸ਼ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ; ਬਹਿਸ ਹੋ ਰਹੀ ਹੈ ਕਿ ਇਹ ਭਿਅੰਕਰ ਕਤਲੇਆਮ ਨਸਲਕੁਸ਼ੀ ਹੈ ਜਾਂ ਨਸਲੀ ਸਫ਼ਾਈ (Ethnic cleansing- ਇਕ ਫ਼ਿਰਕੇ, ਕਬੀਲੇ ਜਾਂ ਨਸਲ ਦੁਆਰਾ ਦੂਸਰੇ ਫ਼ਿਰਕੇ, ਕਬੀਲੇ ਜਾਂ ਨਸਲ ਨੂੰ ਇਕ ਖਿੱਤੇ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼।) ਲੈਮਕਿਨ ਦੀ ਆਤਮਾ ਨੂੰ ਪਛਤਾਵਾ ਹੁੰਦਾ ਹੈ ਕਿ ਉਸ ਦੇ ਯਤਨਾਂ ਨਾਲ ਬਣਾਏ ਗਏ ਕਾਨੂੰਨ ਦੀ ਭਾਵਨਾ ਨੂੰ ਪਛਾਣਨ, ਲਾਗੂ ਕਰਨ ਅਤੇ ਜ਼ੁਲਮ ਬੰਦ ਕਰਵਾਉਣ ਦੀ ਥਾਂ ਤਕਨੀਕੀ ਪਹਿਲੂਆਂ ਬਾਰੇ ਗੱਲ ਹੋ ਰਹੀ ਹੈ।
ਫਿਰ ਆਉਂਦੀ ਹੈ ਬੋਸਨੀਆ ਦੇ ਮੁਸਲਿਮ ਭਾਈਚਾਰੇ ਦੀ ਔਰਤ, ਜੋ ਲੈਮਕਿਨ ਦੀ ਆਤਮਾ ਨੂੰ ਆਪਣੇ ਭਾਈਚਾਰੇ ਦੀ ਨਸਲਕੁਸ਼ੀ/ਭਿਅੰਕਰ ਕਤਲੇਆਮ
ਅਤੇ ਹਜ਼ਾਰਾਂ ਔਰਤਾਂ ਨਾਲ ਹੋਏ ਜਬਰ-ਜਨਾਹ ਬਾਰੇ ਦੱਸਦੀ ਹੈ। ਫਿਰ ਅਫਰੀਕੀ ਦੇਸ਼ਾਂ ਲਾਇਬੇਰੀਆ ਅਤੇ ਸੂਡਾਨ ਦੇ ਡਾਰਫਰ ਖਿੱਤੇ ਵਿਚ ਹੋ ਰਹੇ ਜ਼ੁਲਮ ਦੀ ਕਹਾਣੀ ਦੱਸੀ ਜਾਂਦੀ ਹੈ। ਲੈਮਕਿਨ ਦੀ ਆਤਮਾ ਕਹਿੰਦੀ ਹੈ, ‘‘ਸੁਣੋ, ਅਸੀਂ ਹਰ ਉਸ ਦੇਸ਼, ਜਿਹੜਾ ਕਾਨੂੰਨ (ਨਸਲਕੁਸ਼ੀ ਬਾਰੇ ਕਾਨੂੰਨ) ਨੂੰ ਤੋੜੇਗਾ, ਨੂੰ ਸਜ਼ਾ ਦੇਵਾਂਗੇ।’’ ਇਕ ਕਿਰਦਾਰ ਪੁੱਛਦਾ ਹੈ, ‘‘ਕੀ ਤੂੰ ਸਾਰੀ ਦੁਨੀਆ ’ਤੇ ਮੁਕੱਦਮਾ ਚਲਾਏਂਗਾ?’’
ਕੈਥਰੀਨ ਫੀਊ ਦੇ ਇਕ ਹੋਰ ਨਾਟਕ ਵਿਚ ਫ਼ਲਸਤੀਨ ਤੇ ਇਜ਼ਰਾਈਲ ਦਾ ਜ਼ਿਕਰ ਹੈ ਪਰ ਮੈਂ ਹਮੇਸ਼ਾ ਉਪਰੋਕਤ ਨਾਟਕ ਬਾਰੇ ਸੋਚਦਾ ਹਾਂ ਕਿ ਇਸ ਨਾਟਕ ਵਿਚ ਫ਼ਲਸਤੀਨ ਦਾ ਕੋਈ ਕਿਰਦਾਰ ਲੈਮਕਿਨ ਦੀ ਆਤਮਾ ਨੂੰ ਕਿਉਂ ਨਹੀਂ ਦੱਸਦਾ ਕਿ ਇਜ਼ਰਾਈਲੀ ਫ਼ੌਜ ਨੇ ਫ਼ਲਸਤੀਨੀਆਂ ’ਤੇ ਕਿੰਨੇ ਭਿਅੰਕਰ ਜ਼ੁਲਮ ਕੀਤੇ ਹਨ; 1948 ਤੋਂ ਫ਼ਲਸਤੀਨ ਵਿਚ ਇਜ਼ਰਾਈਲ ਦੇ ਬਣਨ ਨਾਲ ਸ਼ੁਰੂ ਹੋਇਆ ਉਜਾੜਾ ਤੇ ਕਤਲੇਆਮ ਅੱਜ ਵੀ ਜਾਰੀ ਹੈ; ਇਸ ਗ਼ੈਰ-ਹਾਜ਼ਰੀ ਦਾ ਕਾਰਨ ਇਹ ਹੋ ਸਕਦਾ ਹੈ ਕਿ ਰਫਾਲ ਲੈਮਕਿਨ ਕੱਟੜਪੰਥੀ ਯਹੂਦੀਵਾਦੀ (ਜ਼ਾਇਨਇਸਟ- Zionist) ਸੀ। ਇਸ ਮੁਕਾਮ ’ਤੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਦੂਸਰਿਆਂ ਵੱਲੋਂ ਆਪਣੇ ’ਤੇ ਕੀਤੇ ਜ਼ੁਲਮਾਂ ਵਿਰੁੱਧ ਤਾਂ ਅਸੀਂ ਲੜ ਲੈਂਦੇ ਹਾਂ ਪਰ ਕੀ ਅਸੀਂ ਆਪਣੇ ਧਰਮ, ਫ਼ਿਰਕੇ, ਕਬੀਲੇ ਜਾਂ ਨਸਲ ਦੇ ਕੱਟੜਪੰਥੀਆਂ ਦੁਆਰਾ ਦੂਸਰੇ ਭਾਈਚਾਰਿਆਂ ਦੇ ਲੋਕਾਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਵਿਰੁੱਧ ਬੋਲ ਸਕਦੇ ਹਾਂ।
ਹਾਂ, ਇਹ ਸੰਭਵ ਹੈ
ਦੁਨੀਆ ਦੇ ਹਰ ਦੇਸ਼ ਵਿਚ ਇਜ਼ਰਾਈਲ ਦੁਆਰਾ ਗਾਜ਼ਾ ਵਿਚ ਢਾਹੀ ਜਾ ਰਹੀ ਤਬਾਹੀ ਵਿਰੁੱਧ ਮੁਜ਼ਾਹਰੇ ਹੋਏ ਹਨ। ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਮੁਜ਼ਾਹਰਾ 18 ਅਕਤੂਬਰ ਨੂੰ ਵਾਸ਼ਿੰਗਟਨ ਵਿਚ ‘ਅਮਨ ਦੇ ਹੱਕ ਵਿਚ ਯਹੂਦੀ ਆਵਾਜ਼ (Jewish Voice for Peace)’ ਜਥੇਬੰਦੀ ਨੇ ਕੀਤਾ ਹੈ। ਇਸ ਜਥੇਬੰਦੀ ਦੇ ਸੱਦੇ ’ਤੇ 500 ਤੋਂ ਵੱਧ ਯਹੂਦੀ ਅਮਰੀਕੀ ਕਾਂਗਰਸ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਇਜ਼ਰਾਈਲ ਦੇ ਗਾਜ਼ਾ ’ਤੇ ਕੀਤੇ ਗਏ ਹਮਲੇ ਦਾ ਵਿਰੋਧ ਕਰਦਿਆਂ ਤੁਰੰਤ ਜੰਗਬੰਦੀ ਦੀ ਮੰਗ ਕੀਤੀ। ਇਹ ਲੋਕ ਕੌਣ ਹਨ? ਇਸ ਜਥੇਬੰਦੀ ਦੇ ਸਲਾਹਕਾਰਾਂ ਵਿਚ ਮਸ਼ਹੂਰ ਚਿੰਤਕ ਨੌਇਮ ਚੌਮਸਕੀ, ਜੂਡਿਥ ਬਟਲਰ ਤੇ ਨੋਇਮੀ ਕਲੀਨ, ਨਾਟਕਕਾਰ ਸਾਰਾ ਸ਼ੁਲਮਨ, ਟੋਨੀ ਕੁਸ਼ਨਰ ਤੇ ਵੈਲਸ ਮਾਈਕਲ ਸ਼ਾਨ ਆਦਿ ਸ਼ਾਮਲ ਹਨ। ਇਹ ਸਾਰੇ ਅਮਰੀਕਾ ਵਿਚ ਰਹਿੰਦੇ ਯਹੂਦੀ ਹਨ ਅਤੇ 1996 ਤੋਂ ਇਜ਼ਰਾਈਲ ਦੁਆਰਾ ਗਾਜ਼ਾ ਤੇ ਵੈਸਟ ਬੈਂਕ ਵਿਚ ਕੀਤੀਆਂ ਜਾ ਰਹੀਆਂ ਜ਼ਾਲਮਾਨਾ ਕਾਰਵਾਈਆਂ ਵਿਰੁੱਧ ਆਵਾਜ਼ ਉਠਾ
ਰਹੇ ਹਨ। ਅਜਿਹੀਆਂ ਆਵਾਜ਼ਾਂ ਇਜ਼ਰਾਈਲ ਵਿਚ ਵੀ ਉੱਠਦੀਆਂ ਰਹੀਆਂ ਹਨ ਜਿਨ੍ਹਾਂ ’ਚ ਉੱਘੇ ਲੇਖਕ ਐਮੋਸ ਓਜ਼, ਡੇਵਿਡ ਗਰੌਸਮੈਨ, ਏਬੀ ਯੈਹੋਸ਼ੂਆ ਆਦਿ ਸ਼ਾਮਲ ਹਨ।
ਯਹੂਦੀ ਮੂਲ ਦੇ ਇਨ੍ਹਾਂ ਲੇਖਕਾਂ ਤੇ ਚਿੰਤਕਾਂ ਨੂੰ ਦੋ ਮੁੱਖ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਇਕ ਵਰਗ ਦੇ ਚਿੰਤਕਾਂ ਤੇ ਲੇਖਕਾਂ ਅਨੁਸਾਰ ਫ਼ਲਸਤੀਨ ਵਿਚ ਇਜ਼ਰਾਈਲ ਬਣਾਉਣਾ ਹੀ ਗ਼ਲਤ ਸੀ ਅਤੇ ਇਸ ਖਿੱਤੇ ਵਿਚ ਪਰਵਾਸ ਕਰ ਕੇ ਆਏ ਯਹੂਦੀਆਂ ਤੇ ਪਹਿਲਾਂ ਰਹਿੰਦੇ ਫ਼ਲਸਤੀਨੀਆਂ ਨੂੰ ਸਾਂਝੇ ਦੇਸ਼ ਫ਼ਲਸਤੀਨ ਵਿਚ ਜਮਹੂਰੀ ਤਰੀਕੇ ਨਾਲ ਵੱਸਣਾ ਚਾਹੀਦਾ ਸੀ/ਹੈ। ਦੂਸਰੇ ਵਰਗ ਦੇ ਚਿੰਤਕਾਂ ਤੇ ਲੇਖਕਾਂ ਅਨੁਸਾਰ ਹੁਣ ਇਜ਼ਰਾਈਲ ਬਣ ਚੁੱਕਾ ਹੈ; ਇਹ ਇਕ ਅਜਿਹੀ ਹਕੀਕਤ ਹੈ ਜਿਸ ਨੂੰ ਹੁਣ ਅਣਹੋਇਆ ਨਹੀਂ ਕੀਤਾ ਜਾ ਸਕਦਾ ਪਰ ਉਹ ਚਾਹੁੰਦੇ ਹਨ ਕਿ ਇਜ਼ਰਾਈਲ ਗਾਜ਼ਾ ਤੇ ਵੈਸਟ ਬੈਂਕ ਵਿਚ ਫੈਲਾਅ (Settlements) ਬੰਦ ਕਰੇ ਤੇ ਫ਼ਲਸਤੀਨੀਆਂ ਵਿਰੁੱਧ ਨਿੱਤ ਹੁੰਦਾ ਜਬਰ ਬੰਦ ਹੋਵੇ।
ਏਬੀ ਯੈਹੋਸ਼ੂਆ (1936-2022), ਜੋ ਯੇਰੂਸ਼ਲਮ ਵਿਚ ਜੰਮਿਆ ਤੇ ਸਾਰੀ ਉਮਰ ਇਜ਼ਰਾਈਲ ਵਿਚ ਰਿਹਾ, ਦਾ ਕਥਨ ਹੈ, ‘‘ਮੈਂ ਆਪਣੇ ਆਪ ਨੂੰ ਇਹ ਸਵਾਲ ਪੁੱਛਦਾ ਹਾਂ ਅਤੇ ਇਹ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਿਉਂ ਜਰਮਨ ਲੋਕਾਂ ਨੂੰ ਸਾਡੇ ਨਾਲ ਏਨੀ ਘਿਰਣਾ ਸੀ ਅਤੇ ਕਿਉਂ ਫ਼ਲਸਤੀਨੀ ਸਾਡੇ ਨਾਲ ਘਿਰਣਾ ਕਰ ਰਹੇ ਹਨ?’’ ਆਪਣੇ ਧਰਮ ਜਾਂ ਫ਼ਿਰਕੇ ਦੇ ਕੱਟੜਪੰਥੀਆਂ ਨੂੰ ਇਹੋ ਜਿਹੇ ਸਵਾਲ ਪੁੱਛਣੇ ਸੌਖੇ ਨਹੀਂ ਹੁੰਦੇ ਪਰ ਅਜਿਹੇ ਸਵਾਲ ਪੁੱਛ ਕੇ ਹੀ ਮਨੁੱਖਤਾ ਨੂੰ ਜ਼ਿੰਦਾ ਰੱਖਿਆ ਜਾ ਸਕਦਾ ਹੈ।
7 ਅਕਤੂਬਰ ਨੂੰ ਹਮਾਸ ਦੁਆਰਾ ਕੀਤੀ ਗਈ ਕਾਰਵਾਈ ਦਹਿਸ਼ਤਗਰਦ ਕਾਰਵਾਈ ਸੀ; ਇਸ ਵਿਚ ਨਿਹੱਥੇ ਲੋਕਾਂ, ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਦਹਿਸ਼ਤਗਰਦ ਕਾਰਵਾਈ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਘੱਟ ਹੈ। ਹਥਿਆਰਬੰਦ ਹੋ ਕੇ ਜਬਰ ਕਰਨ ਵਾਲਿਆਂ ਦਾ ਵਿਰੋਧ ਕਰਨਾ ਤੇ ਉਨ੍ਹਾਂ ਵਿਰੁੱਧ ਸੰਘਰਸ਼ ਕਰਨਾ ਮਨੁੱਖ ਦਾ ਅਧਿਕਾਰ ਹੈ ਪਰ ਬੇਗੁਨਾਹ ਲੋਕਾਂ, ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਉਣਾ ਗ਼ਲਤ ਹੈ। ਇੱਥੇ ਇਹ ਸਵਾਲ ਉੱਠਦਾ ਹੈ ਕਿ ਕੀ ਹਮਾਸ ਵਿਰੁੱਧ ਇਜ਼ਰਾਈਲ ਦੀ ਫ਼ੌਜੀ ਕਾਰਵਾਈ ਗ਼ਲਤ ਹੈ। ਇਜ਼ਰਾਈਲ ਨੂੰ ਹਮਾਸ ਵਿਰੁੱਧ ਫ਼ੌਜੀ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ ਪਰ ਸਵਾਲ ਇਹ ਹੈ ਕਿ ਜੋ ਇਜ਼ਰਾਈਲ ਕਰ ਰਿਹਾ ਹੈ ਜਾਂ 1948 ਤੋਂ ਕਰਦਾ ਆ ਰਿਹਾ ਹੈ, ਕੀ ਉਹ ਸਿਰਫ਼ ਫ਼ੌਜੀ ਕਾਰਵਾਈ ਹੈ? ਲੱਖਾਂ ਲੋਕਾਂ ਦੇ ਉਜਾੜੇ, ਉਨ੍ਹਾਂ ਨੂੰ ਬੇਘਰ, ਬੇਵਤਨੇ ਤੇ ਮਨੁੱਖੀ ਅਧਿਕਾਰਾਂ ਤੋਂ ਮਹਿਰੂਮ ਕਰਨ, ਲੱਖਾਂ ਲੋਕਾਂ ਨੂੰ ਆਪਣੀ ਜਨਮ-ਭੋਇੰ ਛੱਡ ਕੇ ਜਲਾਵਤਨ ਹੋਣ ਲਈ ਮਜਬੂਰ ਕਰਨ ਤੇ ਮੌਜੂਦਾ ਜੰਗ ਵਿਚ ਹਸਪਤਾਲਾਂ, ਸਕੂਲਾਂ ਤੇ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਨੂੰ ਕੀ ਕਿਹਾ ਜਾਵੇਗਾ? ਅਸੀਂ ਸ਼ਬਦਾਂ ਦਾ ਸਹਾਰਾ ਲੈ ਕੇ ਚੱਲਦੇ ਹਾਂ; ਇਸ ਭਿਅੰਕਰ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਵੇ?
ਉਪਰੋਕਤ ਨਾਟਕ ਵਿਚ ਲੈਮਕਿਨ ਦਾ ਘਰ ਇਕ ਪ੍ਰਤੀਕ ਹੈ; ਲੈਮਕਿਨ ਦੀ ਆਤਮਾ ਸੰਯੁਕਤ ਰਾਸ਼ਟਰ ਦੀਆਂ ਨਸਲਕੁਸ਼ੀ ਵਿਰੁੱਧ ਕਨਵੈਨਸ਼ਨਾਂ ਅਤੇ ਵੱਖ ਵੱਖ ਦੇਸ਼ਾਂ ਦੇ ਨਸਲਕੁਸ਼ੀ ਵਿਰੁੱਧ ਕਾਨੂੰਨਾਂ ਵਿਚ ਵੱਸਦੀ ਹੈ ਅਤੇ ਇਨ੍ਹਾਂ ਕਨਵੈਨਸ਼ਨਾਂ ਅਤੇ ਕਾਨੂੰਨਾਂ ਅਨੁਸਾਰ ਇਜ਼ਰਾਈਲ ਦੀਆਂ ਕਾਰਵਾਈਆਂ ਨਸਲਕੁਸ਼ੀ ਕਰਨ ਵਾਲੀਆਂ ਜਾਂ ਨਸਲਕੁਸ਼ੀ-ਨੁਮਾ ਹਨ। ਇਤਿਹਾਸ ਦਾ ਇਹ ਅਜੀਬ ਵਿਰੋਧਾਭਾਸ ਹੈ ਕਿ ਯਹੂਦੀ ਲੋਕ ਜੋ ਖ਼ੁਦ ਵੀਹਵੀਂ ਸਦੀ ਦੀ ਸਭ ਤੋਂ ਵੱਡੀ ਨਸਲਕੁਸ਼ੀ ਦਾ ਸ਼ਿਕਾਰ ਹੋਏ, ਨੇ ਬਾਅਦ ਵਿਚ ਅਜਿਹੀਆਂ ਕਾਰਵਾਈਆਂ ਕੀਤੀਆਂ ਜੋ ਰਫਾਲ ਲੈਮਕਿਨ (ਜੋ ਖ਼ੁਦ ਯਹੂਦੀ ਸੀ) ਦੀ ਦਿੱਤੀ ਨਸਲਕੁਸ਼ੀ ਦੀ ਪਰਿਭਾਸ਼ਾ ਅਨੁਸਾਰ ਅਜਿਹੇ ਅਪਰਾਧ ਹਨ ਜਿਨ੍ਹਾਂ ਨੂੰ ਨਸਲਕੁਸ਼ੀ (Genocide) ਹੀ ਕਿਹਾ ਜਾਵੇਗਾ। ਅੱਜ ਗਾਜ਼ਾ ਦੇ ਫ਼ਲਸਤੀਨੀ (ਪ੍ਰਤੀਕਾਤਮਕ ਰੂਪ ਵਿਚ) ਲੈਮਕਿਨ ਦੇ ਘਰ (ਕਾਨੂੰਨ) ਦੇ ਦਰਵਾਜ਼ੇ ’ਤੇ ਦਸਤਕ ਦਿੰਦੇ ਹੋਏ ਰੋ-ਕੁਰਲਾ ਰਹੇ ਹਨ।
‘ਅਮਨ ਲਈ ਯਹੂਦੀ ਆਵਾਜ਼ (Jewish Voice for Peace)’ ਦੀ ਸਲਾਹਕਾਰ ਜੂਡਿਥ ਬਟਲਰ 20-21ਵੀਂ ਸਦੀ ਪ੍ਰਮੁੱਖ ਨਾਰੀਵਾਦੀ ਚਿੰਤਕ ਹੈ; ਉਹ ਯਹੂਦੀ ਹੈ; 13 ਅਕਤੂਬਰ 2023 ਨੂੰ ਲਿਖੇ ਲੇਖ ਵਿਚ ਉਸ ਨੇ ਲਿਖਿਆ ਹੈ, ‘‘ਮੈਂ ਸਪੱਸ਼ਟ ਰੂਪ ਵਿਚ ਹਿੰਸਾ ਦੀ ਨਿੰਦਾ ਕਰਦੀ ਹਾਂ ਅਤੇ ਬਰਾਬਰੀ ਤੇ ਨਿਆਂ ਲਈ ਸੰਘਰਸ਼ ਕਰਦੇ ਲੋਕਾਂ ਦਾ ਹਿੱਸਾ ਬਣਨਾ ਚਾਹੁੰਦੀ ਹਾਂ, ਉਹ ਲੋਕ ਜਿਨ੍ਹਾਂ ਦੇ ਸੰਘਰਸ਼ ਦੇ ਟੀਚੇ ਇਹ ਹਨ ਕਿ ਹਮਾਸ ਵਰਗੀਆਂ ਜਥੇਬੰਦੀਆਂ ਖ਼ਤਮ ਹੋ ਜਾਣ, ਕਬਜ਼ਾ (ਇਜ਼ਰਾਈਲ ਦੁਆਰਾ ਗਾਜ਼ਾ ਤੇ ਵੈਸਟ ਬੈਂਕ ’ਤੇ ਕੀਤਾ ਕਬਜ਼ਾ) ਖ਼ਤਮ ਹੋ ਜਾਏ ਅਤੇ ਸਿਆਸੀ ਆਜ਼ਾਦੀ ਤੇ ਨਿਆਂ ਵਧਣ ਫੁੱਲਣ।... ਮੈਂ ਅਜਿਹਾ ਸੰਸਾਰ ਚਾਹੁੰਦੀ ਹਾਂ ਜਿਹੜਾ ਫ਼ਲਸਤੀਨੀਆਂ ਦੇ ਸ੍ਵੈ-ਨਿਰਣੇ ਦੇ ਅਧਿਕਾਰ ਦੀ ਹਮਾਇਤ ਕਰੇ ਤੇ ਉਨ੍ਹਾਂ ਧਰਤੀਆਂ (ਭਾਵ ਇਜ਼ਰਾਈਲ ਤੇ ਫ਼ਲਸਤੀਨ) ਦੇ ਲੋਕਾਂ ਦੇ ਆਜ਼ਾਦੀ, ਸ਼ਾਂਤਮਈ, ਬਰਾਬਰੀ ਤੇ ਨਿਆਂਪੂਰਵਕ ਤਰੀਕਿਆਂ ਨਾਲ ਇਕੱਠੇ ਰਹਿਣ ਦੀਆਂ ਇੱਛਾਵਾਂ ਨੂੰ ਹਕੀਕਤ ਵਿਚ ਬਦਲ ਸਕੇ।’’
ਨਾਟਕ ਵੱਲ ਪਰਤਦਿਆਂ ਮੈਂ ਫਿਰ ਦੁਹਰਾਉਂਦਾ ਹਾਂ ਕਿ ਲੈਮਕਿਨ ਦਾ ਘਰ ਇਕ ਪ੍ਰਤੀਕਾਤਮਕ ਥਾਂ ਹੈ, ਉਹ ਘਰ ਇਹ ਦੁਨੀਆ ਹੈ ਜਿੱਥੇ ਅਨਿਆਂ ਤੇ ਹਿੰਸਾ ਵਿਰੁੱਧ ਆਵਾਜ਼ਾਂ ਹਮੇਸ਼ਾਂ ਗੂੰਜਦੀਆਂ ਰਹਿਣਗੀਆਂ। ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਹਿੰਸਾ ਵਿਰੁੱਧ ਯਹੂਦੀ ਵਿਦਵਾਨਾਂ ਤੇ ਲੋਕਾਂ ਦੀ ਆਵਾਜ਼ ਬੇਸ਼ਕੀਮਤੀ ਹੈ; ਇਹ ਇਜ਼ਰਾਈਲ-ਹਮਾਸ ਜੰਗ ਵਿਚ ਹੋ ਰਹੀ ਮਨੁੱਖਤਾ-ਮਾਰੂ ਹਿੰਸਾ ਵਿਰੁੱਧ ਉੱਠ ਰਹੀਆਂ ਹੋਰ ਆਵਾਜ਼ਾਂ ਦਾ ਹਿੱਸਾ ਹੈ; ਇਹ ਆਵਾਜ਼ਾਂ ਹੋਰ ਬੁਲੰਦ ਹੋਣੀਆਂ ਚਾਹੀਦੀਆਂ ਹਨ; ਹਿੰਸਾ ਦਾ ਜਵਾਬ ਸਿਰਫ਼ ਤੇ ਸਿਰਫ਼ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੀ ਨੈਤਿਕਤਾ ’ਤੇ ਆਧਾਰਤਿ ਸਮੂਹਿਕ ਲੋਕ-ਆਵਾਜ਼ ਨਾਲ ਹੀ ਦਿੱਤਾ ਜਾ ਸਕਦਾ ਹੈ।
ਇਜ਼ਰਾਈਲੀ ਲੋਕਾਂ ਦੀ ਹੋਣੀ ਤੇ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ? ਕਿਸ ਤਰ੍ਹਾਂ ਦੀ ਹੈ? ਇਜ਼ਰਾਈਲੀ (ਯਹੂਦੀ) ਨਾਟਕਕਾਰ ਯੋਸਿਫਾ ਈਵਨ-ਸ਼ੋਸ਼ਨ (Yosefa Even-Shoshan) ਦੇ ਨਾਟਕ ‘ਲੁਦਮੀਰ ਦੀ ਕੁਆਰੀ ਕੁੜੀ’ ਵਿਚ ਇਕ ਇਜ਼ਰਾਈਲੀ ਆਪਣੀ ਹੋਣੀ ਇੰਝ ਚਤਿਵਦਾ ਹੈ:
ਓ ਮੇਰੇ ਪ੍ਰਭੂ
ਏਥੇ ਇਕ ਬੰਦਾ ਏ
ਜਿਸ ਦੀ ਆਤਮਾ ਪਵਿੱਤਰ ਏ
ਤੇ ਕੰਮ ਪਾਪੀਆਂ ਵਾਲੇ।
ਸੁਪਨਿਆਂ ’ਚ, ਉਹ
ਮੇਰੇ ’ਤੇ ਹਮਲਾ ਕਰਦਾ ਏ
ਮੇਰੀਆਂ ਅੱਖਾਂ ਤੋਂ
ਨੀਂਦ ਖੋਹ ਲੈਂਦਾ ਏ।
ਕਦੇ ਉਹ ਫ਼ਰਿਸ਼ਤਾ ਸੀ
ਹੁਣ ਉਹ ਸ਼ੈਤਾਨ ਬਣ ਗਿਆ ਏ
ਉਸ ਨੇ ਮੈਨੂੰ
ਮੇਰੇ ਤੋਂ ਚੋਰੀ ਕਰ ਲਿਆ ਏ।
ਉਹਦੀਆਂ ਅੱਖਾਂ ਚੋਂ
ਲਹੂ ਦੇ ਕੰਡੇ ਡਿੱਗਦੇ
ਤੇ ਜੀਉਂਦੇ ਮਾਸ ਨੂੰ ਚੀਰਦੇ ਜਾਂਦੇ ਨੇ
ਇਹ ਮਾਸ ਮੇਰਾ ਏ।
ਪ੍ਰਭੂ, ਉਹਨੂੰ ਮੇਰੀਆਂ ਸੋਚਾਂ ਚੋਂ
ਬਾਹਰ ਕੱਢ ਦੇ
ਤੇ ਮੈਨੂੰ ਸਕੂਨ ਬਖ਼ਸ਼...
ਓ ਪ੍ਰਭੂ ਮੇਰੇ... ...
ਇਜ਼ਰਾਈਲੀ ਅਜਿਹੀ ਹੀ ਵੰਡੀ ਹੋਈ ਬੇਗ਼ਾਨਗੀ ਵਾਲੀ ਜ਼ਿੰਦਗੀ ਜੀ ਰਹੇ ਹਨ, ਅਜਿਹੇ ਮਨੁੱਖਾਂ ਦੀ ਜ਼ਿੰਦਗੀ ਜਿਨ੍ਹਾਂ ਦੀ ਆਤਮਾ ਚੋਰੀ ਹੋ ਗਈ ਹੋਵੇ (ਯਹੂਦੀ-ਇਸਾਈ ਮਿਥਿਹਾਸਕ ਸੋਚ ਵਿਚ ਸ਼ੈਤਾਨ ਮਨੁੱਖ ਤੋਂ ਉਸ ਦੀ ਆਤਮਾ ਖੋ ਸਕਦਾ ਹੈ- ਦੇਖੋ ਕ੍ਰਿਸਟੋਫਰ ਮਾਰਲੋ ਦਾ ਨਾਟਕ ‘ਡਾਕਟਰ ਫਾਸਟਸ’ ਤੇ ਇਸ ਮਿੱਥ ਨਾਲ ਜੁੜੇ ਹੋਰ ਨਾਟਕ)।