ਲਾਲੜੂ: ਐਮਰਜੈਂਸੀ ਸਥਿਤੀ ਨੂੰ ਸਾਂਭਣ ਲਈ ਫੌਜ ਬੁਲਾਈ
ਸਰਬਜੀਤ ਸਿੰਘ ਭੱਟੀ
ਲਾਲੜੂ, 10 ਜੁਲਾਈ
ਲਾਲੜੂ ਨੇੜਲੇ ਪਿੰਡ ਟਿਵਾਣਾ ਸਮੇਤ ਅੱਧੀ ਦਰਜਨ ਹੋਰ ਪਿੰਡਾਂ ਵਿੱਚ ਘੱਗਰ ਦਰਿਆ ਦਾ ਪਾਣੀ ਭਰਨਕਾਰਨ ਸਥਿਤੀ ਗੰਭੀਰ ਹੋ ਗਈ ਹੈ , ਜਿਸ ਕਾਰਨ ਪ੍ਰਸ਼ਾਸਨ ਨੇ ਫੌਜ ਦੀ ਮੱਦਦ ਲੈ ਲਈ ਹੈ। ਖਬਰ ਲਿਖੇ ਜਾਣ ਤਕ ਫੌਜ ਨੇ ਪਿੰਡਾਂ ਵਿੱਚ ਪਹੁੰਚ ਕੇ ਮੋਰਚੇ ਸੰਭਾਲ ਲਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ, ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਰਾਘਵ ਚੱਡਾ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਖੇਤਰ ਦਾ ਤੂਫਾਨੀ ਦੌਰਾ ਕੀਤਾ। ਇਸ ਮੌਕੇ ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਹਲਕੇ ਵਿਚ ਪਾਣੀ ਦੀ ਨਿਕਾਸੀ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਹਟਾਉਣ ਲਈ ਕਾਰਜ ਜਾਰੀ ਹਨ। ਘੱਗਰ ਅਤੇ ਨਦੀਆਂ ਦੇ ਨਾਜ਼ੁਕ ਪੁਆਇੰਟਾਂ ਨੂੰ ਮਜ਼ਬੂਤ ਕਰਨ ਲਈ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਪਾਣੀ ਦਾ ਪੱਧਰ ਵਧਣ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਟਿਵਾਣਾ ਪਿੰਡ ਵਿੱਚ ਐਮਰਜੈਂਸੀ ਸਥਿਤੀ ਨੂੰ ਸਾਂਭਣ ਲਈ ਫੌਜ ਦੀ ਮੱਦਦ ਲੈ ਲਈ ਗਈ ਹੈ।
ਵਿਧਾਇਕ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ
ਹਲਕਾ ਲਾਲੜੂ ਖੇਤਰ ਵਿੱਚੋਂ ਲੰਘਦੀ ਘੱਗਰ, ਟਾਂਗਰੀ, ਝਰਮਲ ਨਦੀਆਂ ਸਮੇਤ ਬਰਸਾਤੀ ਚੋਆ ਵਿੱਚ ਅੱਜ ਤੀਜੇ ਦਨਿ ਵੀ ਲਗਾਤਾਰ ਬਰਸਾਤੀ ਪਾਣੀ ਦੀ ਮਾਤਰਾ ਵਧਣ ਕਾਰਨ ਸਮੁੱਚੇ ਖੇਤਰ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੇ ਚਲਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਪਿੰਡਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੂੰ ਲੈ ਕੇ ਦੌਰਾ ਕਰ ਰਹੇ ਹਨ। ਲੋਕਾਂ ਨੂੰ ਦਰਿਆਵਾਂ ਤੋਂ ਦੂਰ ਰਹਿਣ, ਬਨਿਾਂ ਵਜ੍ਹਾ ਘਰਾਂ ’ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਐੱਨਡੀਆਰਐੱਫ ਦੀਆਂ ਟੀਮਾਂ ਨੇ ਪਿੰਡ ਟਿਵਾਣਾ ਵਿੱਚ ਪਹੁੰਚ ਕੇ ਮੋਰਚਾ ਸੰਭਾਲ ਲਿਆ ਹੈ।