ਏਜੰਟ ਦੀ ਠੱਗੀ ਕਾਰਨ ਬਗ਼ਦਾਦ ਵਿੱਚ ਦੁੱਖ ਭੋਗ ਰਹੀ ਹੈ ਲੱਲ੍ਹੇ ਦੀ ਅਰਸ਼ਦੀਪ
ਪ੍ਰਗਟ ਸਿੰਘ ਭੁੱਲਰ
ਤਲਵੰਡੀ ਭਾਈ, 25 ਜੁਲਾਈ
ਨੇੜਲੇ ਪਿੰਡ ਲੱਲ੍ਹੇ ਦੇ ਇੱਕ ਗਰੀਬ ਪਰਿਵਾਰ ਦੀ ਨੌਜਵਾਨ ਲੜਕੀ ਅਰਸ਼ਦੀਪ ਕੌਰ ਨੂੰ ਇੱਕ ਏਜੰਟ ਨੇ ਕਤਰ ਭੇਜਣ ਦੀ ਥਾਂ ਬਗ਼ਦਾਦ ਭੇਜ ਦਿੱਤਾ ਹੈ। ਅਰਸ਼ਦੀਪ ਦੇ ਮਾਤਾ-ਪਿਤਾ ਵੱਲੋਂ ਆਪਣੇ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਪੁਲੀਸ ਕੋਲ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ਦੀਪ ਦੀ ਮਾਤਾ ਬਲਜਿੰਦਰ ਕੌਰ ਪਤਨੀ ਹੀਰਾ ਸਿੰਘ ਵਾਸੀ ਲੱਲ੍ਹੇ ਨੇ ਥਾਣਾ ਤਲਵੰਡੀ ਭਾਈ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਧੀ ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ, ਜਿੱਥੇ ਉਸ ਨਾਲ ਕੰਮ ਕਰਨ ਵਾਲੀ ਮਮਤਾ ਵਾਸੀ ਅੰਮ੍ਰਿਤਸਰ ਕੁਝ ਸਮਾਂ ਪਹਿਲਾਂ ਕਤਰ ਚਲੀ ਗਈ ਸੀ।
ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਮਮਤਾ ਨੇ ਅਰਸ਼ਦੀਪ ਨੂੰ ਸੋਨੀਆ ਨਾਂ ਦੀ ਇੱਕ ਏਜੰਟ ਨਾਲ ਮਿਲਵਾਇਆ ਤੇ ਸੋਨੀਆ ਨੇ 90 ਹਜ਼ਾਰ ਰੁਪਏ ਲੈ ਕੇ ਅਰਸ਼ਦੀਪ ਦਾ ਵੀਜ਼ਾ ਲਗਵਾਇਆ। ਉਪਰੰਤ ਲੰਘੀ 9 ਮਾਰਚ ਨੂੰ ਅਰਸ਼ਦੀਪ ਕਤਰ ਲਈ ਰਵਾਨਾ ਹੋਈ ਸੀ। ਬਲਜਿੰਦਰ ਕੌਰ ਨੇ ਦੱਸਿਆ ਕਿ ਏਜੰਟ ਧੋਖੇ ਨਾਲ ਅਰਸ਼ਦੀਪ ਨੂੰ ਕਤਰ ਦੀ ਥਾਂ ਪਹਿਲਾਂ ਦੁਬਈ ਅਤੇ ਫਿਰ ਇਰਾਕ ਲੈ ਗਈ। ਉਸ ਮਗਰੋਂ ਅਰਸ਼ਦੀਪ ਦਾ ਪਰਿਵਾਰ ਨਾਲ ਸੰਪਰਕ ਟੁੱਟ ਗਿਆ। ਕੁਝ ਦਨਿਾਂ ਬਾਅਦ ਅਰਸ਼ਦੀਪ ਨੇ ਫੋਨ ’ਤੇ ਦੱਸਿਆ ਕਿ ਏਜੰਟ ਨੇ ਉਸ ਨੂੰ ਬਗ਼ਦਾਦ ਪਹੁੰਚਾ ਦਿੱਤਾ ਹੈ। ਉਸ ਤੋਂ ਬਾਅਦ ਅਰਸ਼ਦੀਪ ਨੂੰ ਪਹਿਲਾਂ ਇਰਾਕ ਦੀ ਕਿਸੇ ਕੰਪਨੀ ਵਿੱਚ ਅਤੇ ਮਗਰੋਂ ਬਗ਼ਦਾਦ ਵਿੱਚ ਕਿਸੇ ਦੇ ਘਰ ਕੰਮ ’ਤੇ ਲਾਇਆ ਗਿਆ ਹੈ। ਅਰਸ਼ਦੀਪ ਨੇ ਦੱਸਿਆ ਕਿ ਉਸ ਨੂੰ ਸਿਰਫ਼ ਇੱਕ ਮਹੀਨੇ ਦੀ ਤਨਖ਼ਾਹ ਮਿਲੀ ਹੈ ਤੇ ਉਸ ਦੀ ਕੁੱਟਮਾਰ ਕਰ ਕੇ ਉਸ ਕੋਲੋਂ ਜਬਰੀ ਕੰਮ ਕਰਵਾਇਆ ਜਾ ਰਿਹਾ ਹੈ। ਬਲਜਿੰਦਰ ਕੌਰ ਨੇ ਦੱਸਿਆ ਕਿ ਬਗ਼ਦਾਦ ਵਿੱਚ ਅਰਸ਼ਦੀਪ ਦੀ ਸਰੀਰਕ ਤੇ ਮਾਨਸਿਕ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਮਾਲੀ ਹਾਲਤ ਅਜਿਹੀ ਨਹੀਂ ਕਿ ਉਹ ਆਪਣੀ ਧੀ ਨੂੰ ਵਾਪਸ ਲਿਆ ਸਕਣ। ਉੱਧਰ, ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਸ਼ਿਮਲਾ ਰਾਣੀ ਨੇ ਦੱਸਿਆ ਕਿ ਸ਼ਿਕਾਇਤ ਉਨ੍ਹਾਂ ਨੂੰ ਮਿਲ ਚੁੱਕੀ ਹੈ ਅਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਨੂੰ ਪੰਜਾਬ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ।
ਮਸਕਟ ਵਿੱਚ ਫਸੀਆਂ ਦੋ ਔਰਤਾਂ ਵਤਨ ਪਰਤੀਆਂ
ਜਲੰਧਰ (ਪਾਲ ਸਿੰਘ ਨੌਲੀ): ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅੱਜ ਦੋ ਔਰਤਾਂ ਨੂੰ ਮਸਕਟ ਤੋਂ ਸੁਰੱਖਿਅਤ ਪੰਜਾਬ ਲਿਆਂਦਾ ਗਿਆ ਹੈ। ਬਲਬੀਰ ਸਿੰਘ ਸੀਚੇਵਾਲ ਅੱਜ ਸਵੇਰੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਦੋਵੇਂ ਔਰਤਾਂ ਨੂੰ ਲੈਣ ਪਹੁੰਚੇ। ਇਸ ਮੌਕੇ ਉਨ੍ਹਾਂ ਦੋਵੇਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਟਰੈਵਲ ਏਜੰਟਾਂ ਵਿਰੁੱਧ ਢੁੱਕਵੀਂ ਕਾਰਵਾਈ ਕਰਨ ਅਤੇ ਉਨ੍ਹਾਂ ਤੋਂ ਠੱਗੇ ਗਏ ਪੈਸੇ ਵਾਪਸ ਦਿਵਾਉਣ ਦਾ ਭਰੋਸਾ ਦਿੱਤਾ। ਸੰਤ ਸੀਚੇਵਾਲ ਨੇ ਕਿਹਾ ਕਿ ਮਸਕਟ ਤੋਂ ਪਰਤੀਆਂ ਔਰਤਾਂ ਨੇ ਦੱਸਿਆ ਹੈ ਕਿ ਹਾਲੇ ਵੀ ਉੱਥੇ ਵੱਡੀ ਗਿਣਤੀ ਔਰਤਾਂ ਫਸੀਆਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਵਿੱਚੋਂ ਇੱਕ ਮਹਿਲਾ ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦੀ ਵਸਨੀਕ ਹੈ ਜੋ ਕਿ ਤਿੰਨ ਮਹੀਨੇ ਪਹਿਲਾਂ ਮਸਕਟ ਗਈ ਸੀ। ਉਸ ਦੀ ਮਾਸੀ ਨੇ ਹੀ ਧੋਖੇ ਨਾਲ ਉਸ ਨੂੰ ਫਸਾਇਆ ਸੀ। ਇਸ ਮਹਿਲਾ ਦੀ ਮਾਸੀ ਨੇ ਸਿਹਤ ਖ਼ਰਾਬ ਹੋਣ ਦਾ ਬਹਾਨਾ ਲਾ ਕੇ ਉਸ ਨੂੰ ਆਪਣੀ ਥਾਂ ਕੰਮ ਕਰਨ ਲਈ ਮਸਕਟ ਸੱਦਿਆ ਸੀ, ਪਰ ਉੱਥੇ ਪਹੁੰਚਣ ’ਤੇ ਉਸ ਨੂੰ ਸ਼ਰੀਫਾ ਨਾਂ ਦੀ ਇੱਕ ਔਰਤ ਕੋਲ ਭੇਜ ਦਿੱਤਾ ਤੇ ਉਸ ਦਾ ਪਾਸਪੋਰਟ ਵੀ ਖੋਹ ਲਿਆ। ਦੂਜੀ ਮਹਿਲਾ ਫਤਹਿਗੜ੍ਹ ਸਾਹਿਬ ਦੀ ਰਹਿਣ ਵਾਲੀ ਹੈ ਜੋ ਕਿ 14 ਮਈ ਨੂੰ ਮਸਕਟ ਗਈ ਸੀ। ਉਸ ਨੂੰ ਰਿਸ਼ਤੇਦਾਰੀ ਵਿੱਚੋਂ ਇੱਕ ਲੜਕੀ ਨੇ ਦੱਸਿਆ ਸੀ ਕਿ ਘਰਾਂ ਵਿੱਚ ਕੰਮ ਕਰ ਕੇ ਵਧੀਆ ਕਮਾਈ ਹੁੰਦੀ ਹੈ ਪਰ ਹਵਾਈਅੱਡੇ ਤੋਂ ਟਰੈਵਲ ਏਜੰਟ ਉਸ ਨੂੰ ਟਰੇਨਿੰਗ ਦੇਣ ਦੇ ਬਹਾਨੇ ਲੈ ਗਿਆ ਤੇ ਕਮਰੇ ਵਿੱਚ ਬੰਦ ਕਰ ਦਿੱਤਾ। ਉੱਥੇ ਸ਼ੀਆ ਨਾਂ ਦੀ ਔਰਤ ਉਸ ਨਾਲ ਕੁੱਟਮਾਰ ਕਰਦੀ ਸੀ ਤੇ ਭਾਰਤ ਤੋਂ ਪੈਸੇ ਮੰਗਵਾਉਣ ਲਈ ਕਹਿੰਦੀ ਸੀ। ਇਸ ਸਬੰਧੀ ਉਸ ਕੋਲੋਂ ਇੱਕ ਵੀਡੀਓ ਵੀ ਬਣਵਾਈ ਗਈ ਸੀ।