ਕਾਮਨਵੈਲਥ ਕਰਾਟੇ ਚੈਂਪੀਅਨਸ਼ਿਪ ’ਚ ਲਕਸ਼ਯ ਨੇ ਸੋਨ ਤਗ਼ਮਾ ਜਿੱਤਿਆ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ/ਮੁੱਲਾਂਪੁਰ ਦਾਖਾ, 3 ਦਸੰਬਰ
ਦੱਖਣੀ ਅਫ਼ਰੀਕਾ ਵਿੱਚ 28 ਨਵੰਬਰ ਤੋਂ 3 ਦਸੰਬਰ ਤੱਕ ਚੱਲੀ 11ਵੀਂ ਕਾਮਨਵੈਲਥ ਕਰਾਟੇ ਚੈਂਪੀਅਨਸ਼ਿਪ ਵਿੱਚ ਮੰਡੀ ਮੁੱਲਾਂਪੁਰ ਦੇ ਲਕਸ਼ਯ ਬਾਂਸਲ ਨੇ ਇਤਿਹਾਸ ਰਚਿਆ ਹੈ। ਕਰਾਟੇ ਇੰਡੀਆ ਆਰਗੇਨਾਈਜੇਸ਼ਨ ਅਧੀਨ ਭਾਰਤ ਦੀ ਕਰਾਟੇ ਟੀਮ ਦੀ ਨੁਮਾਇੰਦਗੀ ਕਰਦਿਆਂ ਲਕਸ਼ਯ ਨੇ ਪੈਰਾ-ਕਾਟਾ ਵਰਗ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ।
ਡਾਕਟਰ ਆਰ.ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਦੇ ਵਿਦਿਆਰਥੀ ਲਕਸ਼ਯ ਨੇ ਵਾਰੀਅਰਜ਼ ਜਰਨੀ ਡੋਜੋ ਕਰਾਟੇ ਅਕੈਡਮੀ ਤੋਂ ਕੋਚ ਰਵੀ ਨਾਗਵੰਸ਼ੀ ਅਤੇ ਤੌਹੀਦ ਅੰਸਾਰੀ ਦੇ ਮਾਰਗਦਰਸ਼ਨ ਹੇਠ ਸਿਖਲਾਈ ਹਾਸਲ ਕੀਤੀ ਸੀ। ਇਸ ਮੌਕੇ ਕੋਚ ਤੌਹੀਦ ਅੰਸਾਰੀ ਨੇ ਲਕਸ਼ਯ ਬਾਂਸਲ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਨੌਜਵਾਨ ਅਥਲੀਟ ਵਿਸ਼ਵ ਕਰਾਟੇ ਫੈੱਡਰੇਸ਼ਨ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਅੱਜ ਲਕਸ਼ਯ ਬਾਂਸਲ ਵੱਲੋਂ ਮੈਡਲ ਜਿੱਤਣ ਦੀ ਸੂਚਨਾ ਮਿਲਦੇ ਸਾਰ ਮੁੱਲਾਂਪੁਰ ਦਾਖਾ ਦੇ ਲੋਕਾਂ ਨੇ ਬਾਂਸਲ ਪਰਿਵਾਰ ਨੂੰ ਵਧਾਈ ਦਿੱਤੀ ਹੈ ਤੇ ਉਸਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।