For the best experience, open
https://m.punjabitribuneonline.com
on your mobile browser.
Advertisement

ਲੱਖੋਵਾਲ ਧੜੇ ਵੱਲੋਂ ਦਿੱਲੀ ਮਾਰਚ ਵਿੱਚ ਸ਼ਾਮਲ ਹੋਣ ਦਾ ਐਲਾਨ

09:05 AM Dec 11, 2023 IST
ਲੱਖੋਵਾਲ ਧੜੇ ਵੱਲੋਂ ਦਿੱਲੀ ਮਾਰਚ ਵਿੱਚ ਸ਼ਾਮਲ ਹੋਣ ਦਾ ਐਲਾਨ
ਹਰਿੰਦਰ ਸਿੰਘ ਲੱਖੋਵਾਲ ਤੇ ਅਵਤਾਰ ਸਿੰਘ ਮੇਹਲੋਂ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ। -ਫੋਟੋ: ਵਰਮਾ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਦਸੰਬਰ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖ਼ਤਮ ਕਰਨ ਦੀ ਮੰਗ ਸਬੰਧੀ 20 ਦਸੰਬਰ ਨੂੰ ਕੀਤੇ ਜਾ ਰਹੇ ਦਿੱਲੀ ਮਾਰਚ ਮਾਰਚ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਅਵਤਾਰ ਸਿੰਘ ਮੇਹਲੋਂ ਸਰਪਰਸਤ ਸਮੇਤ ਅਹੁਦੇਦਾਰ, ਅਗਜੈਕਟਿਵ ਮੈਂਬਰ ਤੇ ਸਾਰੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਬਲਵੰਤ ਸਿੰਘ ਰਾਜੋਆਣਾ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਕੇਸਾਂ ਉੱਪਰ ਨਰਮੀ ਨਾਲ ਵਿਚਾਰ ਕਰਕੇ ਸਾਰੇ ਸਿੰਘਾਂ ਨੂੰ ਜਲਦੀ ਰਿਹਾਅ ਕੀਤਾ ਜਾਵੇ। ਉਨ੍ਹਾਂ 20 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਲਈ ਦਿੱਲੀ ਵਿੱਚ ਕੀਤੇ ਜਾ ਰਹੇ ਮਾਰਚ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ।
ਪਰਮਿੰਦਰ ਸਿੰਘ ਪਾਲਮਾਜਰਾ ਅਤੇ ਹਰਮਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਯੂਰੀਆ ਖਾਦ ਦੀ ਭਾਰੀ ਮੰਗ ਹੈ ਕਣਕ ਸਮੇਤ ਸਾਰੀਆਂ ਫਸਲਾਂ ਲਈ ਯੂਰੀਆ ਖਾਦ ਦੀ ਲੋੜ ਪੈਂਦੀ ਹੈ ਪਰ ਇਸ ਸਮੇਂ ਯੂਰੀਏ ਦੀ ਭਾਰੀ ਕਮੀ ਹੋਣ ਕਰਕੇ ਪ੍ਰਾਈਵੇਟ ਦੁਕਾਨਦਾਰ ਯੂਰੀਏ ਦੇ ਨਾਲ ਨਾਲ ਹੋਰ ਵਸਤਾਂ ਧੱਕੇ ਨਾਲ ਕਿਸਾਨਾਂ ਨੂੰ ਵੇਚ ਰਹੇ ਹਨ। ਇਸ ਲਈ ਸਰਕਾਰ ਯੂਰੀਏ ਦੀ ਕਾਲਾਬਜ਼ਾਰੀ ਕਰ ਰਹੇ ਦੁਕਾਨਦਾਰਾਂ ਖਿਲਾਫ਼ ਤੁਰੰਤ ਕੇਸ ਦਰਜ ਕਰਕੇ ਕਿਸਾਨਾਂ ਲਈ ਵੱਧ ਤੋਂ ਵੱਧ ਯੂਰੀਆ ਦਾ ਪ੍ਰਬੰਧ ਕਰੇ। ਇਸ ਮੌਕੇ ਸਰੂਪ ਸਿੰਘ ਰਾਮਾ ਤੇ ਨਿਰਮਲ ਸਿੰਘ ਝੰਡੂਕੇ ਨੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਯੁਧਵੀਰ ਸਿੰਘ ਨੂੰ ਦਿੱਲੀ ਏਅਰਪੋਰਟ ’ਤੇ ਰੋਕਣ ਦੀ ਨਿੰਦਾ ਕੀਤੀ ਗਈ। ਇਸ ਮੌਕੇ ਗੁਰਵਿੰਦਰ ਸਿੰਘ ਕੂੰਮ ਕਲਾਂ, ਸੂਰਤ ਸਿੰਘ ਕਾਦਰਵਾਲਾ ਤੇ ਕਿਰਨਪਾਲ ਸਿੰਘ ਸੋਢੀ ਨੇ ਕਿਸਾਨਾਂ ਨਾਲ ਸਬੰਧਤ ਕਈ ਮਸਲੇ ਰੱਖੇ। ਮੀਟਿੰਗ ’ਚ ਮਨਵੀਰ ਕੌਰ ਰਾਹੀ, ਗੁਰਪ੍ਰੀਤ ਸਿੰਘ ਸਾਹਾਬਾਣਾ, ਜਸਵੀਰ ਸਿੰਘ ਖੇੜੀਰਾਜੂ ਤੇ ਮਨਜੀਤ ਸਿੰਘ ਢੀਂਡਸਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement