ਲੱਖੀ ਜਵੰਧਾ ਬਣੇ ਨਗਰ ਪੰਚਾਇਤ ਭਾਈ ਰੂਪਾ ਦੇ ਪ੍ਰਧਾਨ
ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 22 ਅਕਤੂਬਰ
ਨਗਰ ਪੰਚਾਇਤ ਭਾਈ ਰੂਪਾ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਵਿਚ ਨਗਰ ਦੇ ਨੌਜਵਾਨ ਕੌਂਸਲਰ ਲਖਵੀਰ ਸਿੰਘ ਲੱਖੀ ਜਵੰਧਾ ਨੂੰ ਨਗਰ ਪੰਚਾਇਤ ਦਾ ਪ੍ਰਧਾਨ ਚੁਣਿਆ ਗਿਆ ਜਦਕਿ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਕੌਰ ਤੇ ਜੂਨੀਅਰ ਮੀਤ ਪ੍ਰਧਾਨ ਕੁਲਜੀਤ ਕੌਰ ਚੁਣੇ ਗਏ। ਨਾਇਬ ਤਹਿਸੀਲਦਾਰ ਰਾਮਪੁਰਾ ਫੂਲ ਬੀਰਬਲ ਸਿੰਘ ਦੀ ਦੇਖ-ਰੇਖ ਹੇਠ ਹੋਈ। ਇਸ ਚੋਣ ਮੌਕੇ ਕੌਂਸਲਰ ਲਖਵੀਰ ਸਿੰਘ ਲੱਖੀ ਜਵੰਧਾ, ਸੁਰਿੰਦਰ ਕੌਰ, ਕੁਲਜੀਤ ਕੌਰ, ਚਰਨਜੀਤ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ, ਜੰਗ ਰਾਮ ਤੇ ਸੁਖਜੀਤ ਕੌਰ ਹਾਜ਼ਰ ਸਨ। ਉਕਤ ਸਾਰੇ ਕੌਂਸਲਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਭਾਈ ਰੂਪਾ ਦੇ ਪ੍ਰਧਾਨ ਤੀਰਥ ਸਿੰਘ ਸਿੱਧੂ ਦੀ ਮੌਤ ਉਪਰੰਤ ਇਹ ਅਹੁਦਾ ਖ਼ਾਲੀ ਪਿਆ ਸੀ ਜਿਸ ਕਾਰਨ ਨਗਰ ਭਾਈ ਰੂਪਾ ਵਿਚ ਵਿਕਾਸ ਕਾਰਜ ਠੱਪ ਪਏ ਸਨ। ਅੱਜ ਦੀ ਚੋਣ ਲਈ ਰਾਜਨੀਤਕ ਪਾਰਟੀਆਂ ‘ਚ ਪਿਛਲੇ ਕੁਝ ਦਿਨਾਂ ਤੋਂ ਜੋੜ-ਤੋੜ ਚੱਲ ਰਹੀ ਸੀ। ਨਵੇਂ ਚੁਣੇ ਪ੍ਰਧਾਨ ਲੱਖੀ ਜਵੰਧਾ, ਸੀਨੀਅਰ ਮੀਤ ਪ੍ਰਧਾਨ ਸੁਖਜੀਤ ਕੌਰ ਤੇ ਜੂਨੀਅਰ ਮੀਤ ਪ੍ਰਧਾਨ ਕੁਲਜੀਤ ਕੌਰ ਨੇ ਕਿਹਾ ਕਿ ਉਹ ਨਗਰ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ। ਚੋਣ ਉਪਰੰਤ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਜਥੇਦਾਰ ਸਤਨਾਮ ਸਿੰਘ ਭਾਈ ਰੂਪਾ ਤੇ ਹੋਰ ਆਗੂਆਂ ਨੇ ਨਗਰ ਪੰਚਾਇਤ ਦੀ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ। ਚੋਣ ਉਪਰੰਤ ਸਮਰਥਕਾਂ ਵੱਲੋਂ ਨਗਰ ਵਿਚ ਖੁਸ਼ੀ ਮਨਾਈ ਗਈ।