‘ਸੰਗਰੂਰ ਵਾਲੀ ਕੋਠੀ’ ਵਿੱਚ ਲੱਗਣੀਆਂ ਰੌਣਕਾਂ
ਹਰਦੀਪ ਸਿੰਘ ਸੋਢੀ
ਧੂਰੀ, 27 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੂਰੀ ਨੂੰ ਸਮਾਰਟ ਸਿਟੀ ਬਣਾਉਣ ਦੀ ਯੋਜਨਾ ਤਹਿਤ ਜਿਥੇ ਸ਼ਹਿਰ ਅੰਦਰ ਕਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਥੇ ਹੀ ਹੁਣ ਸ਼ਹਿਰ ਵਿਚਲੀ ‘ਸੰਗਰੂਰ ਵਾਲੀ ਕੋਠੀ’ ਦੀ ਵੀ ਨੁਹਾਰ ਬਦਲਣ ਜਾ ਰਹੀ ਹੈ। ਇਸੇ ਕੜੀ ਤਹਿਤ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸੰਗਰੂਰ ਵਾਲੀ ਕੋਠੀ ਦਾ ਦੌਰਾ ਕੀਤਾ ਸੀ। ਸੰਗਰੂਰ ਵਾਲੀ ਕੋਠੀ ਦੇ ਨਾਂ ਨਾਲ ਮਸ਼ਹੂਰ ਇਸ ਕੋਠੀ ਦੀ ਨੁਹਾਰ ਬਦਲਣ ਲਈ ਪੰਜਾਬੀ ਟ੍ਰਿਬਿਊਨ ਨੇ ਵੀ ਸਮੇਂ-ਸਮੇਂ ’ਤੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਸਨ। ਦੂਜੇ ਪਾਸੇ ਸ਼ਹਿਰ ਦੇ ਬੁੱਧੀਜੀਵੀ ਕਿਰਪਾਲ ਸਿੰਘ ਰਾਜੋਮਾਜਰਾ, ਜੈ ਦੇਵ ਸ਼ਰਮਾ, ਸਾਧੂ ਸਿੰਘ ਮੀਰਹੇੜੀ, ਹਰਬੰਸ ਸਿੰਘ ਸੋਢੀ ਆਦਿ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਇਮਾਰਤ ਨੂੰ ਵਰਤੋਂ ਵਿੱਚ ਲਿਆਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਇਸ ਕੋਠੀ ਦੀ ਇਮਾਰਤ ਵਿੱਚ ਪਟਵਾਰੀਆਂ ਤੋਂ ਇਲਾਵਾ ਐੱਸਡੀਐੱਮ ਦਫ਼ਤਰ ਤੇ ਹੋਰ ਅਹਿਮ ਦਫ਼ਤਰ ਆਸਾਨੀ ਨਾਲ ਬਣਨ ਦੇ ਨਾਲ-ਨਾਲ ਪਾਰਕਿੰਗ, ਸ਼ੋਅਰੂਮ ਤੇ ਹੋਰ ਸਰਕਾਰੀ ਇਮਾਰਤਾਂ ਬਣ ਸਕਦੀਆਂ ਹਨ। ਇਨ੍ਹਾਂ ਦੇ ਬਣਨ ਨਾਲ ਲੋਕਾਂ ਦੀ ਖੱਜਲਖੁਆਰੀ ਘੱਟ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਇਮਾਰਤ ਵਰਤੋਂ ਵਿੱਚ ਆ ਜਾਂਦੀ ਹੈ ਤਾਂ ਇਸ ਦਾ ਲਾਭ ਧੂਰੀ ਦੇ ਦੁਕਾਨਦਾਰਾਂ ਨੂੰ ਵੀ ਮਿਲੇਗਾ। ਇਸ ਸਬੰਧੀ ਮੁੱਖ ਮੰਤਰੀ ਦੇ ਓਐੱਸਡੀ ਉਂਕਾਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਸ਼ਹਿਰ ਦੀ ਨੁਹਾਰ ਬਦਲਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਹੋਰ ਵੱਡੇ ਪ੍ਰਾਜੈਕਟ ਜਲਦੀ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਨਾਲ ਸ਼ਹਿਰ ਹੋਰ ਖੂਬਸੂਰਤ ਬਣ ਜਾਵੇਗਾ।