ਲਾਡਵਾ ਨੂੰ ਸੂਬੇ ਦਾ ਨੰਬਰ ਇਕ ਹਲਕਾ ਬਣਾਇਆ ਜਾਵੇਗਾ: ਮੇਵਾ ਸਿੰਘ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਜੁਲਾਈ
ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਹਲਕੇ ਦੇ ਪਿੰਡ ਢੰਗਾਲੀ ਵਿੱਚ 14 ਲੱਖ 77 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਜਨਤਕ ਚੌਪਾਲ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਮੁੱਖ ਸੜਕ ਤੋਂ ਨਸੀਬ ਸਿੰਘ ਦੇ ਖੇਤ ਤੱਕ 12 ਲੱਖ 84 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ ਸੜਕ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਲਕਾ ਲਾਡਵਾ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਨਾਂ ਕਿਹਾ ਕਿ ਜੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਹਲਕਾ ਲਾਡਵਾ ਨੂੰ ਸੂਬੇ ਦਾ ਨੰਬਰ ਇੱਕ ਹਲਕਾ ਬਣਾਉਣਗੇ। ਮੇਵਾ ਸਿੰਘ ਨੇ ਪਾਰਟੀ ਕਾਰਕੁਨਾਂ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਹਨ ਤੇ ਉਹ ਆਪੋ-ਆਪਣੇ ਪਿੰਡਾਂ ਵਿੱਚ ਬੂਥ ਮਜ਼ਬੂਤ ਕਰਨ ਲਈ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕਰਨ ਤੇ ਕਾਂਗਰਸ ਸਰਕਾਰ ਦੀਆਂ ਸਕੀਮਾਂ ਤੇ ਭਾਜਪਾ ਦੀਆਂ ਅਸਫ਼ਲਤਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਾਉਣ। ਉਨ੍ਹਾਂ ਕਿਹਾ ਕਿ ਬੂਥ ਪੱਧਰ ’ਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਨਾਲ ਜੋੜਿਆ ਜਾਵੇ ਤਾਂ ਜੋ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇ ਪਿੰਡ ਵਿੱਚ ਪਾਰਟੀ ਵਰਕਰ ਦਾ ਬੂਥ ਮਜ਼ਬੂਤ ਹੋਵੇਗਾ ਤਾਂ ਉਸ ਪਿੰਡ ਵਿੱਚ ਨਿਸ਼ਚਤ ਤੌਰ ’ਤੇ ਜਿੱਤ ਕਾਂਗਰਸ ਦੀ ਹੀ ਹੋਵੇਗੀ। ਮੇਵਾ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੇ ਕਾਂਗਰਸ ਦੇ ਗਰਾਫ ਕਾਰਨ ਵਰਕਰਾਂ ਵਿੱਚ ਕਾਫੀ ਉਤਸ਼ਾਹ ਹੈ ਤੇ ਭਾਜਪਾ ਪੂਰੀ ਤਰ੍ਹਾਂ ਘਬਰਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕਾਰਕੁਨਾਂ ਨੂੰ ਪਿਛਲੀ ਹੁੱਡਾ ਸਰਕਾਰ ਦੀਆਂ ਨੀਤੀਆਂ ਨੂੰ ਹਰ ਨਾਗਰਿਕ ਤੱਕ ਪਹੁੰਚਾਉਣ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸਰਪੰਚ ਸਤਨਾਮ ਸਿੰਘ, ਨਿਰਮਲ ਸਿੰਘ, ਨਰਸੀ ਰਾਮ, ਸੁਭਾਸ਼ ਚੰਦ ਆਦਿ ਮੌਜੂਦ ਸਨ।