ਲਾਡੋਵਾਲ ਟੌਲ ਪਲਾਜ਼ਾ: ਕਿਸਾਨਾਂ ਤੇ ਐੱਨਐੱਚਏਆਈ ਅਧਿਕਾਰੀਆਂ ਵਿਚਾਲੇ ਮੀਟਿੰਗ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੁਲਾਈ
ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ੇ ਸਬੰਧੀ ਕਿਸਾਨਾਂ ਅਤੇ ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ’ਚ ਵਿਵਾਦ ਵਧਦਾ ਰਿਹਾ ਹੈ। ਕਿਸਾਨ ਟੌਲ ਪਲਾਜ਼ਾ ਖਾਲੀ ਕਰਨ ਦੇ ਮੂਡ ’ਚ ਨਹੀਂ ਹਨ ਜਦਕਿ ਐੱਨਐੱਚਏਆਈ ਟੌਲ ਪਲਾਜ਼ਾ ਖੁੱਲ੍ਹਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਗਈ ਹੈ। ਇਸ ਮਾਮਲੇ ਵਿੱਚ ਕਿਸਾਨਾਂ ਵੱਲੋਂ ਵੀ ਵਕੀਲ ਪੇਸ਼ ਹੋਇਆ ਸੀ। ਹਾਲਾਂਕਿ ਹਾਈ ਕੋਰਟ ਨੇ ਇਸ ਮਾਮਲੇ ’ਚ ਤਰੀਕ ਅੱਗੇ ਪਾ ਦਿੱਤੀ ਹੈ। ਇਸ ਤੋਂ ਬਾਅਦ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਅਤੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਮੀਟਿੰਗ ਲਈ ਸੱਦਿਆ ਹੈ। ਕਿਸਾਨ ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਟੌਲ ਦਰ ਘਟਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਟੌਲ ਬੰਦ ਰੱਖਿਆ ਜਾਵੇਗਾ। ਦੂਜੇ ਪਾਸੇ ਐੱਨਐੱਚਏਆਈ ਅਧਿਕਾਰੀ ਦਰਾਂ ਘੱਟ ਨਹੀਂ ਕਰਨੀਆਂ ਚਾਹੁੰਦੇ। ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਨੇ ਦੱਸਿਆ ਕਿ ਹਾਈ ਕੋਰਟ ’ਚ ਅੱਜ ਇਸ ਕੇਸ ਸਬੰਧੀ ਤਰੀਕ ਸੀ, ਜਿਸ ਵਿੱਚ ਕਿਸਾਨਾਂ ਵੱਲੋਂ ਵੀ ਵਕੀਲ ਪੇਸ਼ ਹੋਇਆ। ਅਦਾਲਤ ਨੇ ਇਸ ਦੀ ਤਰੀਕ ਅੱਗੇ ਪਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਵੀਰਵਾਰ ਸ਼ਾਮ 4 ਵਜੇ ਮੁੜ ਮੀਟਿੰਗ ਸੱਦੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮੰਨੀਆਂ ਜਾਣ ਤੱਕ ਉਹ ਟੌਲ ਪਲਾਜ਼ੇ ਤੋਂ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਟੌਲ ਪਲਾਜ਼ਾ ਕੰਪਨੀਆਂ ਦੀ ਮਨਮਰਜ਼ੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ।