ਲੱਦਾਖ: ਹੱਕਾਂ ਲਈ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠਾਂਗੇ: ਵਾਂਗਚੁੱਕ
ਨਵੀਂ ਦਿੱਲੀ, 5 ਅਕਤੂਬਰ
ਲੱਦਾਖ ਦੇ ਰਾਜ ਦੇ ਦਰਜੇ ਦੀ ਬਹਾਲੀ ਤੇ ਇਸ ਨੂੰ ਛੇਵੇਂ ਸ਼ਡਿਊਲ ’ਚ ਸ਼ਾਮਲ ਕਰਵਾਉਣ ਲਈ ਸੰਘਰਸ਼ ਦੀ ਅਗਵਾਈ ਕਰ ਰਹੇ ਸੋਨਮ ਵਾਂਗਚੁਕ ਅਤੇ ਕਾਰਗਿਲ ਡੈਮੋਕਰੈਟਿਕ ਅਲਾਇੰਸ ਮੈਂਬਰ ਸੱਜਾਦ ਹੁਸੈਨ ਕਾਰਗਿੱਲੀ ਨੇ ਅੱਜ ਕਿਹਾ ਕਿ ਉਹ ਇੱਥੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠਣਗੇ ਪਰ ਇਸ ਲਈ ਹਾਲੇ ਸਥਾਨ ਤੈਅ ਨਹੀਂ ਹੈ। ਲੱਦਾਖ ਦੇ ਇੱਕ ਹੋਰ ਆਗੂ ਨੇ ਕਿਹਾ ਕਿ ਕੁਝ ਹੋਰ ਲੋਕ ਵੀ ਵਾਂਗਚੁਕ ਅਤੇ ਕਾਰਗਿੱਲੀ ਨਾਲ ਇਸ ਹੜਤਾਲ ਵਿੱਚ ਸ਼ਾਮਲ ਹੋਣਗੇ।
ਵਾਂਗਚੁਕ ਨੇ ਸ਼ੁੱਕਰਵਾਰ ਨੂੰ ਆਖਿਆ ਸੀ ਕਿ ਉਹ ਅਤੇ ਲੱਦਾਖ ਦੇ ਹੋਰ ਪ੍ਰਦਰਸ਼ਨਕਾਰੀ ਸਰਕਾਰ ਵੱਲੋਂ ਉਨ੍ਹਾਂ ਦੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੀ ਮੰਗ ਪ੍ਰਤੀ ਕੋਈ ਹੁੰਗਾਰਾ ਨਾ ਮਿਲਣ ਤੱਕ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠਣਗੇ। ਹਾਲਾਂਕਿ ਅੱਜ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਦਿੱਲੀ ਦੇ ਜੰਤਰ ਮੰਤਰ ’ਤੇ ਬੈਠਣ ਲਈ ਆਗਿਆ ਮੰਗੀ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਆਗਿਆ ਨਹੀਂ ਮਿਲੀ। ਭੁੱਖ ਹੜਤਾਲ ਦਾ ਐਲਾਨ ਕਰਦਿਆਂ ਵਾਂਗਚੁਕ ਨੇ ਸਾਰੇ ਗਰੁੱਪਾਂ, ਪਾਰਟੀਆਂ ਅਤੇ ਸੰਗਠਨਾਂ ਅੱਗੇ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਲਈ ਜਗ੍ਹਾ ਮੁਹੱਈਆ ਕਰਵਾਉਣ ਅਪੀਲ ਕੀਤੀ। ਦੱਸਣਯੋਗ ਹੈ ਕਿ ਵਾਤਾਵਰਨ ਕਾਰਕੁਨ ਵਾਂਗਚੁਕ ਲੱਦਾਖ ਦੇ ਰਾਜ ਦੇ ਦਰਜੇ ਦੀ ਬਹਾਲੀ ‘ਦਿੱਲੀ ਚਲੋ ਪਦਯਾਤਰਾ’ ਦੀ ਅਗਵਾਈ ਕਰ ਰਿਹਾ ਹੈ, ਜਿਹੜੀ ਇੱਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ਸੀ। -ਪੀਟੀਆਈ