ਲੱਦਾਖ਼: ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਵੱਲੋਂ ਭੁੱਖ ਹੜਤਾਲ ਖ਼ਤਮ
* ਪ੍ਰਧਾਨ ਮੰਤਰੀ ਨੂੰ ਲੱਦਾਖ਼ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਅਪੀਲ
* ਲੱਦਾਖ਼ ਨੂੰ ਰਾਜ ਦਾ ਦਰਜਾ ਦੇਣ ਦੀ ਕਰ ਰਹੇ ਨੇ ਮੰਗ
ਲੇਹ, 26 ਮਾਰਚ
ਲੱਦਾਖ਼ ਦਾ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕਰਨ ਅਤੇ ਇਸ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਸਮੇਤ ਹੋਰ ਮੰਗਾਂ ਲਈ ਸੰਘਰਸ਼ ਕਰ ਰਹੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਅੱਜ ਸ਼ਾਮ ਨੂੰ ਆਪਣੀ 21 ਰੋਜ਼ਾ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਇੱਕ ਛੋਟੀ ਲੜਕੀ ਹੱਥੋਂ ਜੂਸ ਦਾ ਗਲਾਸ ਲੈ ਕੇ ਪੀਣ ਮਗਰੋਂ ਵਾਂਗਚੁਕ ਨੇ ਕਿਹਾ, ‘‘ਪਹਿਲੇ ਗੇੜ ਦੀ ਭੁੱਖ ਹੜਤਾਲ ਅੱਜ ਸਮਾਪਤ ਹੋ ਗਈ ਹੈ ਪਰ ਸੰਘਰਸ਼ ਖ਼ਤਮ ਨਹੀਂ ਹੋਇਆ।’’ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੌਜੂਦਾ ਅੰਦੋਲਨ ਨਵੇਂ ਦੌਰ ਵਿੱਚ ਦਾਖ਼ਲ ਹੋ ਗਿਆ ਹੈ। ਉੱਘੇ ਸਿੱਖਿਆ ਸੁਧਾਰਕ ਵਾਂਗਚੁਕ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਥਾਨਕ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਨਵੇਂ ਸਿਰੇ ਤੋਂ ਅਪੀਲ ਕੀਤੀ। ਵਾਂਗਚੁਕ ਦੀ ‘ਭੁੱਖ ਹੜਤਾਲ’ ਅੱਜ 21ਵੇਂ ਦਿਨ ਵਿੱਚ ਦਾਖ਼ਲ ਹੋ ਗਈ ਸੀ। ‘ਐਕਸ’ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਉਨ੍ਹਾਂ ਲੱਦਾਖ਼ ਵਾਸੀਆਂ ਨੂੰ ਇਸ ਸਮੇਂ ਆਪਣੀ ਵੋਟ ਦੀ ਵਰਤੋਂ ‘ਬਹੁਤ ਹੀ ਧਿਆਨ’ ਨਾਲ ਦੇਸ਼ ਹਿੱਤ ਵਿੱਚ ਕਰਨ ਦਾ ਸੱਦਾ ਦਿੱਤਾ।
ਵਾਂਗਚੁਕ ਲੇਹ ਵਿੱਚ ਸਥਿਤ ਅਪੈਕਸ ਬਾਡੀ ਤੇ ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇਡੀਏ) ਦੇ ਸਾਂਝੇ ਨੁਮਾਇੰਦਿਆਂ ਦਰਮਿਆਨ ਗੱਲਬਾਤ ਤੋਂ ਇੱਕ ਦਿਨ ਮਗਰੋਂ 6 ਮਾਰਚ ਤੋਂ ਮਨਫੀ ਤਾਪਮਾਨ ਵਿੱਚ ‘ਭੁੱਖ ਹੜਤਾਲ ’ਤੇ ਬੈਠੇ ਸਨ। ਭਾਜਪਾ ਵੱਲੋਂ ਆਪਣੇ ਚੋਣ ਮਨੋਰਥ ਵਿੱਚ ਕੀਤੇ ਵਾਅਦੇ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਉਂਦਿਆਂ ਵਾਂਗਚੁਕ ਨੇ ਕਿਹਾ ਕਿ ਮੋਦੀ ਭਗਵਾਨ ਰਾਮ ਦੇ ਭਗਤ ਹਨ ਅਤੇ ਉਨ੍ਹਾਂ ਨੂੰ ‘ਪ੍ਰਾਣ ਜਾਏ ਪਰ ਵਚਨ ਨਾ ਜਾਏ’ ਦੀ ਸਿੱਖਿਆ ਦਾ ਪਾਲਣ ਕਰਨਾ ਚਾਹੀਦਾ ਹੈ। -ਪੀਟੀਆਈ
ਅਦਾਕਾਰ ਪ੍ਰਕਾਸ਼ ਰਾਜ ਵੱਲੋਂ ਸੰਘਰਸ਼ ਦੀ ਹਮਾਇਤ
ਲੇਹ: ਅਦਾਕਾਰ ਪ੍ਰਕਾਸ਼ ਰਾਜ ਨੇ ਇੱਥੇ ਲਗਪਗ ਤਿੰਨ ਹਫ਼ਤਿਆਂ ਤੋਂ ਭੁੱਖ ਹੜਤਾਲ ’ਤੇ ਬੈਠੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨਾਲ ਅੱਜ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ। ਸੱਤਾਧਾਰੀ ਭਾਜਪਾ ਦੇ ਕੱਟੜ ਆਲੋਚਕ ਪ੍ਰਕਾਸ਼ ਰਾਜ ਨੇ ਕਿਹਾ ਕਿ ਜਦੋਂ ਸਰਕਾਰਾਂ ਆਪਣੇ ਵਾਅਦੇ ਪੂਰੇ ਨਹੀਂ ਕਰਦੀਆਂ ਤਾਂ ਲੋਕਾਂ ਕੋਲ ਸੰਵਿਧਾਨ ਮੁਤਾਬਕ ਇਕੱਠੇ ਹੋਣ ਅਤੇ ਆਵਾਜ਼ ਬੁਲੰਦ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ ਬਚਦਾ। ਅਦਾਕਾਰ ਨੇ ‘ਐਕਸ’ ’ਤੇ ਲਿਖਿਆ, ‘‘ਅੱਜ ਮੇਰਾ ਜਨਮ ਦਿਨ ਹੈ ਅਤੇ ਮੈਂ ਵਾਂਗਚੁਕ (66) ਅਤੇ ਲੱਦਾਖ਼ ਵਾਸੀਆਂ ਨਾਲ ਇਕਜੁੱਟਤਾ ਵਿਖਾ ਕੇ ਮਨਾ ਰਿਹਾ ਹਾਂ ਜੋ ਸਾਡੇ ਲਈ, ਸਾਡੇ ਦੇਸ਼ ਲਈ, ਸਾਡੇ ਵਾਤਾਵਰਨ ਅਤੇ ਸਾਡੇ ਭਵਿੱਖ ਲਈ ਲੜ ਰਹੇ ਹਨ। ਆਓ ਉਨ੍ਹਾਂ ਨਾਲ ਖੜ੍ਹੀਏ।’’ -ਪੀਟੀਆਈ