For the best experience, open
https://m.punjabitribuneonline.com
on your mobile browser.
Advertisement

ਸੁਰੱਖਿਆ ਵਿੱਚ ਸੰਨ੍ਹ: ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਪੜਤਾਲ

06:39 AM Jan 03, 2024 IST
ਸੁਰੱਖਿਆ ਵਿੱਚ ਸੰਨ੍ਹ  ਮੁਲਜ਼ਮਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ
ਨੀਲਮ ਆਜ਼ਾਦ ਨੂੰ ਪੇਸ਼ੀ ਲਈ ਅਦਾਲਤ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 2 ਜਨਵਰੀ
ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਮਾਮਲੇ ’ਚ ਗ੍ਰਿਫ਼ਤਾਰ ਛੇ ਮੁਲਜ਼ਮਾਂ ਤੋਂ ਅੱਜ ਦਿੱਲੀ ਪੁਲੀਸ ਨੇ ਦੂਜੀ ਵਾਰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕੀਤੀ। ਮੁਲਜ਼ਮ ਸਾਗਰ ਸ਼ਰਮਾ, ਮਨੋਰੰਜਨ ਡੀ., ਨੀਲਮ ਆਜ਼ਾਦ, ਅਮੋਲ ਸ਼ਿੰਦੇ, ਲਲਿਤ ਝਾਅ ਤੇ ਮਹੇਸ਼ ਕੁਮਾਵਤ 5 ਜਨਵਰੀ ਤੱਕ ਪੁਲੀਸ ਹਿਰਾਸਤ ਵਿੱਚ ਹਨ। ਸੂਤਰਾਂ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਸੁਰੱਖਿਆ ’ਚ ਸੰਨ੍ਹ ਪਿਛਲੇ ਅਸਲ ਮੰਤਵ ਬਾਰੇ ਸਵਾਲ-ਜਵਾਬ ਕੀਤੇ ਗਏ ਹਨ। ਪੁਲੀਸ ਸੂਤਰ ਮੁਤਾਬਕ ਨੀਲਮ ਤੇ ਮਨੋਰੰਜਨ ਨੂੰ ਇਥੇ ਨਿਊ ਫਰੈਂਡਜ਼ ਕਲੋਨੀ ਵਿਚਲੇ ਸਪੈਸ਼ਲ ਸੈੱਲ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਦਫ਼ਤਰ ਵਿੱਚ ਜਦੋਂਕਿ ਚਾਰ ਹੋਰਨਾਂ ਨੂੰ ਸੈੱਲ ਦੇ ਵੱਖਰੇ ਯੂਨਿਟਾਂ ’ਚ ਰੱਖਿਆ ਗਿਆ ਹੈ। ਸਪੈਸ਼ਲ ਸੈੱਲ ਦੀਆਂ ਵੱਖੋ ਵੱਖਰੀਆਂ ਟੀਮਾਂ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਆਹਮੋ-ਸਾਹਮਣੀ ਪੁੱਛਗਿੱਛ ਲਈ 30 ਤੇ 31 ਦਸੰਬਰ ਨੂੰ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਦਫ਼ਤਰ ਵਿੱਚ ਲਿਆਂਦਾ ਗਿਆ ਸੀ। ਤਫ਼ਤੀਸ਼ਕਾਰ ਸਾਰੀਆਂ ਘਟਨਾਵਾਂ ਨੂੰ ਲੜੀਵਾਰ ਜੋੜਨ ਤੋਂ ਇਲਾਵਾ ਹਰੇਕ ਮੁਲਜ਼ਮ ਦੀ ਭੂਮਿਕਾ ਬਾਰੇ ਪਤਾ ਲਾਉਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ 20 ਦਸੰਬਰ ਨੂੰ ਵੀ ਮੁਲਜ਼ਮਾਂ ਨੂੰ ਇਕ ਦੂਜੇ ਦੇ ਸਾਹਮਣੇ ਬਿਠਾ ਕੇ ਸਵਾਲ ਕੀਤੇ ਗਏ ਸਨ। ਚੇਤੇ ਰਹੇ ਕਿ ਸਾਗਰ ਸ਼ਰਮਾ ਤੇ ਮਨੋਰੰਜਨ ਡੀ. 13 ਦਸੰਬਰ ਨੂੰ ਸੰਸਦ ’ਤੇ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ ਸਿਫਰ ਕਾਲ ਦੌਰਾਨ ਸੰਸਦ ਦੀ ਦਰਸ਼ਕ ਗੈਲਰੀ ’ਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿਚ ਦਾਖ਼ਲ ਹੋ ਗਏ ਸਨ। ਦੋਵਾਂ ਨੇ ਪੀਲੇ ਧੂੰਏਂ ਵਾਲੇ ਕੈਨਿਸਟਰ ਖੋਲ੍ਹ ਕੇ ਨਾਅਰੇਬਾਜ਼ੀ ਕੀਤੀ। ਸੰਸਦ ਮੈਂਬਰਾਂ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕੀਤਾ। ਠੀਕ ਉਸੇ ਵੇਲੇ ਸ਼ਿੰਦੇ ਤੇ ਨੀਲਮ ਨੇ ਵੀ ਸੰਸਦੀ ਅਹਾਤੇ ਦੇ ਬਾਹਰ ਧੂੰਏਂ ਵਾਲੇ ਕੈਨਿਸਟਰ ਖੋਲ੍ਹ ਕੇ ਨਾਅਰੇਬਾਜ਼ੀ ਕੀਤੀ। ਮੁਲਜ਼ਮ, ਜੋ ‘ਭਗਤ ਸਿੰਘ ਫੈਨ ਕਲੱਬ’ ਫੇਸਬੁੱਕ ਦਾ ਹਿੱਸਾ ਸਨ, ਨੇ ਪੁੱਛ-ਪੜਤਾਲ ਦੌਰਾਨ ਖੁਲਾਸਾ ਕੀਤਾ ਸੀ ਕਿ ਸੁਰੱਖਿਆ ’ਚ ਸੰਨ੍ਹ ਦਾ ਮੁੱਖ ਮੰਤਵ ਸਰਕਾਰ ਨੂੰ ਬੇਰੁਜ਼ਗਾਰੀ ਅਤੇ ਮਨੀਪੁਰ ਹਿੰਸਾ ਤੇ ਕਿਸਾਨ ਅੰਦੋਲਨ ਜਿਹੇ ਮਸਲਿਆਂ ’ਤੇ ਸੁਨੇਹਾ ਦੇਣਾ ਸੀ। ਤਫ਼ਤੀਸ਼ਕਾਰਾਂ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੂੰ ਇਸ ਕੰਮ ਲਈ ਪੈਸੇ ਮਿਲੇ ਸਨ ਤੇ ਉਨ੍ਹਾਂ ਅਜਿਹਾ ਕਿਸੇ ਦੇ ਕਹਿਣ ’ਤੇ ਕੀਤਾ ਹੈ। ਦਿੱਲੀ ਪੁਲੀਸ ਵੱਲੋਂ ਮੁਲਜ਼ਮਾਂ ਦਾ ਪੋਲੀਗ੍ਰਾਫ਼ ਟੈਸਟ ਕਰਵਾਏ ਜਾਣ ਦੀ ਵੀ ਯੋਜਨਾ ਹੈ। ਮੁਲਜ਼ਮਾਂ ਖਿਲਾਫ਼ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement