ਕੌਮੀ ਰਾਜਧਾਨੀ ’ਚ ਪਲਾਜ਼ਮਾ ਦਾਨੀਆਂ ਦੀ ਤੋਟ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਦਿੱਲੀ ਵਿੱਚ ਕੋਵਿਡ-19 ਮਹਾਮਾਰੀ ਦੇ ਟਾਕਰੇ ਲਈ ਪਲਾਜ਼ਮਾ ਥੈਰੇਪੀ ਨਾਲ ਇਲਾਜ ਕਰਨ ਦੀ ਦੇਸ਼ ਵਿੱਚ ਪਹਿਲੀ ਵਾਰ ਸ਼ੁਰੂਆਤ ਹੋਈ ਤੇ ਪਹਿਲਾ ਪਲਾਜ਼ਮਾ ਬੈਂਕ ਵੀ ਦਿੱਲੀ ਵਿੱਚ ਬਣਿਆ ਹੈ।
ਹੁਣ ਦੋ ਪਲਾਜ਼ਮਾ ਬੈਂਕ ਕੰਮ ਕਰ ਰਹੇ ਹਨ ਤੇ ਤੀਜਾ ਤਿਆਰ ਹੋਣ ਵਾਲਾ ਹੈ, ਫਿਰ ਵੀ ਦਿੱਲੀ ’ਚ ਪਲਾਜ਼ਮਾ ਦਾਨੀਆਂ ਦੀ ਤੋਟ ਹੈ। ਹੁਣ ਤਕ ਕਰੀਬ 350 ਲੋਕਾਂ ਵੱਲੋਂ ਪਲਾਜ਼ਮਾ ਦਾਨ ਕੀਤਾ ਗਿਆ ਹੈ। ਹਾਲਾਂਕਿ ਦਿੱਲੀ ਸਰਕਾਰ ਨੇ ਕਰੋਨਾ ਪੀੜਤਾਂ ਨੂੰ ਮੁਫ਼ਤ ਪਲਾਜ਼ਮਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਅਧਿਕਾਰੀਆਂ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਹੁਤੇ ਪਲਾਜ਼ਮਾ ਦਾਨੀ ਅੱਗੇ ਨਹੀਂ ਆਏ।
ਦੋ ਜੁਲਾਈ ਨੂੰ ਆਈਐੱਲਬੀਐੱਸ ਵਿੱਚ ਪਲਾਜ਼ਮਾ ਬੈਂਕ ਸ਼ੁਰੂ ਹੋਣ ਵੇਲੇ ਦਸ ਦਾਨੀਆਂ ਨੇ ਪਲਾਜ਼ਮਾ ਦਿੱਤਾ ਤੇ ਹੁਣ ਕਰੀਬ ਡੇਢ ਦਰਜਨ ਲੋਕ ਹੀ ਰੋਜ਼ਾਨਾ ਆ ਰਹੇ ਹਨ। ਲੋਕਨਾਇਕ ਹਸਪਤਾਲ ਦੇ ਦੂਜੇ ਬੈਂਕ ਵਿੱਚ ਵੀ ਪਲਾਜ਼ਮਾ ਦਾਨੀਆਂ ਦੀ ਕਮੀ ਦੇਖੀ ਗਈ ਹੈ। ਮਾਹਿਰਾਂ ਮੁਤਾਬਕ ਇਸ ਦਾ ਕਾਰਨ ਲੋਕਾਂ ਵੱਲੋਂ ਇਹਤਿਆਤ ਵਰਤਣਾ ਹੈ ਕਿਉਂਕਿ ਉਨ੍ਹਾਂ ਵਿੱਚ ਪਰਿਵਾਰ ਦੇ ਹੋਰ ਲੋਕਾਂ ਦੇ ਕਰੋਨਾ ਦੀ ਜ਼ੱਦ ਵਿੱਚ ਆਉਣ ਦਾ ਖੌਫ਼ ਹੈ ਜਿਸ ਕਰਕੇ ਉਹ ਪਲਾਜ਼ਮਾ ਸਾਂਭ ਕੇ ਰੱਖਣਾ ਚਾਹੁੰਦੇ ਹਨ।
ਗੁਰੂਗ੍ਰਾਮ ਦੇ ਹਸਪਤਾਲ ਖ਼ਿਲਾਫ਼ ਮਾਮਲਾ ਦਰਜ
ਨਵੀਂ ਦਿੱਲੀ (ਪੱਤਰ ਪ੍ਰੇਰਕ): ਹਰਿਆਣਾ ਦੇ ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਦੇ ਸਿਗਨੇਚਰ ਹਸਪਤਾਲ ਖ਼ਿਲਾਫ਼ ਕਰੋਨਾ ਪੀੜਤ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ’ਤੇ ਲਾਪ੍ਰਵਾਹੀ ਨਾਲ ਜਾਨ ਲੈਣ ਦਾ ਮਾਮਲਾ ਦਰਜ ਕੀਤਾ ਹੈ। ਉਕਤ ਹਸਪਤਾਲ ’ਚ ਕਰੋਨਾ ਮਰੀਜ਼ ਸੀਮਾ ਅਰੋੜਾ ਦੀ ਹਾਲਤ ਵਿਗੜ ਗਈ ਸੀ, ਜਿਸ ਮਗਰੋਂ ਉਸ ਨੂੰ ਝੱਜਰ ਦੇ ਏਮਸ ਵਿੱਚ ਭਰਤੀ ਲਈ ਭੇਜਿਆ, ਪਰ ਉਹ ਰਾਹ ਵਿੱਚ ਦਮ ਤੋੜ ਗਈ ਸੀ। ਪਤੀ ਨੇ ਦੋਸ਼ ਲਾਇਆ ਕਿ ਇਲਾਜ ਵਿੱਚ ਲਾਪ੍ਰਵਾਹੀ ਵਰਤੀ ਗਈ ਤੇ ਐਂਬੂਲੈਂਸ ’ਚ ਆਕਸੀਜਨ ਦੀ ਮਾਤਰਾ ਘੱਟ ਹੋਣ ਕਰਕੇ ਮਰੀਜ਼ ਦੀ ਮੌਤ ਰਾਹ ਵਿੱਚ ਹੀ ਹੋ ਗਈ।
ਹਾਰਡ ਐਂਟੀਬਾਡੀਜ਼ ਵਿਕਸਤ ਹੋਣ ਲੱਗੀਆਂ: ਕੇਜਰੀਵਾਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਮੁਤਾਬਕ ਦਿੱਲੀ ਦੇ ਕਰੀਬ ਇਕ ਤਿਹਾਈ ਲੋਕਾਂ ਦੇ ਸਰੀਰ ‘ਚ ਕਰੋਨਾ ਨੂੰ ਲੈ ਕੇ ਐਂਟੀਬਾਡੀਜ਼ ਬਣ ਚੁੱਕੀਆਂ ਹਨ। ਉਨ੍ਹਾਂ ਅਨੁਮਾਨ ਨਾਲ ਦੱਸਿਆ ਕਿ ਦਿੱਲੀ ਹੁਣ ‘ਹਾਰਡ ਇਮਿਊਨਿਟੀ’ ਵੱਲ ਵਧਣ ਲੱਗੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਕਰੀਬ ਇਕ ਤਿਹਾਈ ਲੋਕ ‘ਇਮਿਊਨਿਟੀ’ ਹਾਸਲ ਕਰ ਚੁੱਕੇ ਹਨ। ਸਿਹਤ ਮਾਹਿਰਾਂ ਮੁਤਾਬਕ ਹਾਰਡ ਇਮਿਊਨਿਟੀ ਉਹ ਪੜਾਅ ਹੈ ਜਿੱਥੇ ਜ਼ਿਆਦਾਤਰ ਆਬਾਦੀ (60-70 ਫ਼ੀਸਦੀ) ਲਾਗ ਦੀ ਜਕੜ ਵਿੱਚ ਆ ਜਾਂਦੀ ਹੈ ਤੇ ਉਸ ਦੇ ਸਰੀਰਾਂ ਵਿੱਚ ਬਿਮਾਰੀ ਨਾਲ ਲੜਨ ਲਈ ਐਂਟੀਬਾਡੀਜ਼ ਤਿਆਰ ਹੋ ਜਾਂਦੀਆਂ ਹਨ। ਉਨ੍ਹਾਂ ਸੀਰੋ ਸਰਵੇਖਣ ਦੇ ਹਵਾਲੇ ਨਾਲ ਇਹ ਅਨੁਮਾਨ ਪੇਸ਼ ਕੀਤਾ।
ਫਰੀਦਾਬਾਦ ’ਚ 72 ਵੱਲੋਂ ਪਲਾਜ਼ਮਾ ਦਾਨ
ਫਰੀਦਾਬਾਦ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਯਸ਼ਪਾਲ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਕਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਕਾਰਗਰ ਸਾਬਤ ਹੋ ਰਹੀ ਹੈ। ਹੁਣ ਤੱਕ ਜ਼ਿਲ੍ਹੇ ਦੇ ਤਕਰੀਬਨ 72 ਵਿਅਕਤੀਆਂ ਨੇ ਕਰੋਨਾ ਦੇ ਇਲਾਜ਼ ਮਗਰੋਂ ਪਲਾਜ਼ਮਾ ਦਾਨ ਕੀਤਾ ਹੈ। ਇਸ ਨਾਲ ਕਈ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਅੱਜ ਮਿੰਨੀ ਸਕੱਤਰੇਤ ਕੰਪਲੈਕਸ ਵਿਚ ਪਲਾਜ਼ਮਾ ਦਾਨ ਕੈਂਪ ਦੇ ਉਦਘਾਟਨ ਦੌਰਾਨ ਮੌਜੂਦ ਪਲਾਜ਼ਮਾ ਦਾਨੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਲਾਜ਼ਮਾ ਦਾਨ ਕਰਨਾ ਖੂਨਦਾਨ ਕਰਨ ਵਾਂਗ ਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਦਫਤਰਾਂ ਵਿਚ ਕੰਮ ਕਰਦੇ ਕਰਮਚਾਰੀ, ਅਧਿਕਾਰੀ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ ਵਿਚ ਅੱਗੇ ਆ ਰਹੇ ਹਨ। ਕੌਮੀ ਪੱਧਰ ’ਤੇ ਕੀਤੀ ਗਈ ਖੋਜ ਤੋਂ ਪਤਾ ਚੱਲਿਆ ਹੈ ਕਿ ਜੇ ਇਲਾਜ਼ ਮਰੀਜ਼ ਦੀ ਸਥਿਤੀ ਅਨੁਸਾਰ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਂਦਾ ਹੈ ਤਾਂ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਦੇ ਹਨ। ਅਜਿਹੀ ਸਥਿਤੀ ਵਿੱਚ ਸਰਕਾਰ ਨੇ ਇਸ ਪਲਾਜ਼ਮਾ ਥੈਰੇਪੀ ਨਾਲ ਇਲਾਜ ਦੀ ਆਗਿਆ ਦੇ ਦਿੱਤੀ ਹੈ। ਪਲਾਜ਼ਮਾ ਦਾਨ ਦਾ ਕੰਮ ਫਰੀਦਾਬਾਦ ਈਐੱਸਆਈ ਵਿੱਚ ਡਾ. ਨਿੰਮੀਸ਼ਾ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ।