ਚੋਣ ਅਮਲੇ ਨੂੰ ਲੋੜੀਂਦੇ ਸਾਮਾਨ ਦੀ ਘਾਟ ਰੜਕੀ
ਬੀਰਬਲ ਰਿਸ਼ੀ
ਸ਼ੇਰਪੁਰ, ਧੂਰੀ, 15 ਅਕਤੂਬਰ
ਪੰਚਾਇਤੀ ਚੋਣ ਦੇ ਮੱਦੇਨਜ਼ਰ ਅੱਜ ਵੱਖ-ਵੱਖ ਪਿੰਡਾਂ ਤੋਂ ਚੋਣ ਪ੍ਰਕਿਰਿਆ ਦੀ ਸੁਸਤ ਰਫ਼ਤਾਰ ਕਈ ਥਾਂ ਤੋਂ ਲੋਕਾਂ ਨੇ ਚੋਣ ਅਧਿਕਾਰੀਆਂ ਕੋਲ ਸ਼ਿਕਾਇਤਾਂ ਕੀਤੀਆਂ, ਕਈ ਥਾਈਂ ਚੋਣ ਅਮਲੇ ਨੂੰ ਲੋੜੀਦੇ ਸਾਮਾਨ ਦੀ ਘਾਟ ਰੜਕੀ, ਡਿਊਟੀਆਂ ਕੱਟਣ ਅਤੇ ਖਾਣੇ ਦੇ ਪ੍ਰਬੰਧਕਾਂ ’ਚ ਊਣਤਾਈਆਂ ’ਤੇ ਵੀ ਸੁਆਲ ਉੱਠੇ। ਤਹਿਸੀਲਦਾਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕੀਤਾ। ਅੱਜ ਪਿੰਡ ਚਾਂਗਲੀ, ਕਾਲਾਬੂਲਾ, ਬੱਬਨਪੁਰ, ਕੱਕੜਵਾਲ, ਪੁੰਨਾਵਾਲ, ਪੇਧਨੀ, ਬੇਨੜਾ, ਰਣੀਕੇ, ਭੱਦਲਵੜ੍ਹ ਆਦਿ ਪਿੰਡਾਂ ਦੇ ਲੋਕਾਂ ਨੇ ਚੋਣ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਵੋਟ ਪ੍ਰਕਿਰਿਆ ਦੀ ਰਫਤਾਰ ਬਹੁਤ ਸੁਸਤ ਹੋਣ ਕਾਰਨ ਲੰਬੀਆਂ ਲਾਈਨਾਂ ’ਚ ਖੜ੍ਹੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਸ਼ੇਰਪੁਰ ’ਚ ਚੋਣ ਅਮਲੇ ਨੂੰ ਕਈ ਥਾਈਂ ਲੋੜੀਦੇ ਲਿਫਾਫੇ, ਰਬੜਾਂ, ਸਕੇਲ, ਸਟੈਂਪ ਪੈਡ ਨਿਰਧਾਰਤ ਤੋਂ ਬਹੁਤ ਘੱਟ ਦਿੱਤੇ ਹੋਣ ਕਾਰਨ ਅਜਿਹਾ ਸਾਮਾਨ ਮੌਕੇ ’ਤੇ ਆਪਣੇ ਖਰਚੇ ’ਤੇ ਮੰਗਵਾਉਣਾ ਪਿਆ। ਬੀਤੇ ਦਿਨ ਡਿਊਟੀਆਂ ਕੱਟਣ ਦੇ ਮਾਮਲੇ ’ਤੇ ਵੀ ਕਈ ਲੋਕਾਂ ਨੇ ਸਵਾਲ ਖੜ੍ਹੇ ਕੀਤੇ। ਚੋਣ ਅਮਲੇ ਨੂੰ ਸਾਮਾਨ ਦੇ ਕੇ ਪਿੰਡਾਂ ਵਿੱਚ ਰਵਾਨਾ ਕਰਨ ਤੋਂ ਪਹਿਲਾਂ ਦੇਸ਼ ਭਗਤ ਕਾਲਜ ਬਰੜਵਾਲ ਵਿੱਚ ਕੀਤੇ ਖਾਣੇ ਦੇ ਪ੍ਰਬੰਧਾਂ ’ਤੇ ਵੀ ਸਵਾਲ ਚੁੱਕੇ ਗਏ ਕਿਉਂਕਿ ਦਾਲ, ਚਾਵਲ ਤੇ ਹੋਰ ਸਮਾਨ ਦੀ ਘਾਟ ਆਉਣ ਕਾਰਨ ਕਈਆਂ ਨੂੰ ਭੁੱਖੇ ਢਿੱਡ ਹੀ ਰਵਾਨਾ ਹੋਣਾ ਪਿਆ। ਇਸ ਵਾਰ ਪਿੰਡਾਂ ਵਿੱਚ ਚੋਣ ਅਮਲੇ ਦੇ ਖਾਣੇ ਦਾ ਪ੍ਰਸ਼ਾਸਨਿਕ ਪੱਧਰ ’ਤੇ ਪ੍ਰਬੰਧ ਨਾ ਹੋਣ ਕਾਰਨ ਕੁੱਝ ਥਾਵਾਂ ’ਤੇ ਚੋਣ ਅਮਲੇ ਨੂੰ ਰੋਟੀ ਦੇ ਵੀ ਲਾਲੇ ਪਏ ਰਹੇ। ਬਜ਼ੁਰਗਾਂ ਲਈ ਵੀਲ੍ਹਚੇਅਰਾਂ ਦਾ ਪ੍ਰਬੰਧ ਨਾ ਹੋਣ ਕਾਰਨ ਲੋੜਵੰਦਾਂ ਨੂੰ ਵੋਟ ਪਾਉਣ ਵਿੱਚ ਥੋੜੀ ਸਮੱਸਿਆ ਆਈ। ਚੋਣ ਅਧਿਕਾਰੀ ਤੇ ਤਹਸੀਲਦਾਰ ਧੂਰੀ ਸ੍ਰੀ ਕੋਸ਼ਿਕ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਮੰਨਿਆ ਕਿ ਜਿਹੜੇ ਉਕਤ ਪਿੰਡਾਂ ਵਿੱਚ ਸਮੱਸਿਆ ਆ ਰਹੀ ਸੀ ਉੱਥੇ ਹੋਰ ਚੋਣ ਅਮਲਾ ਭੇਜਿਆ ਗਿਆ ਹੈ। ਡਿਊਟੀਆਂ ਸਬੰਧੀ ਕਿਹਾ ਕਿ ਜਿੰਨ੍ਹਾਂ ਦੀਆਂ ਵੀ ਡਿਊਟੀਆਂ ਕੱਟੀਆਂ ਗਈਆਂ ਉਹ ਸਹੀ ਸਨ ਅਤੇ ਬਹੁਤੀਆਂ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਨਾਲ ਕੱਟੀਆਂ ਗਈਆਂ ਸਨ। ਖਾਣੇ ਦੇ ਪ੍ਰਬੰਧਾਂ ਸਬੰਧੀ ਕਿਹਾ ਕਿ ਡਿਊਟੀ ਵਾਲੇ ਤੇ ਪੁਲੀਸ ਨਫ਼ਰੀ ਵਗੈਰਾ ਵਧ ਜਾਣ ਕਾਰਨ ਖਾਣੇ ਦੀ ਥੋੜੀ ਸਮੱਸਿਆ ਆਈ ਸੀ ਪਰ ਬਾਅਦ ਵਿੱਚ ਤੁਰੰਤ ਮੰਗਵਾ ਲਿਆ ਗਿਆ ਸੀ।