ਨਿੱਕੂ ਪਾਰਕ ਵਿਚ ਸਹੂਲਤਾਂ ਦੀ ਘਾਟ
ਪੱਤਰ ਪ੍ਰੇਰਕ
ਜਲੰਧਰ, 26 ਜੂਨ
ਕਰੋਨਾ ਮਹਾਂਮਾਰੀ ਤੋਂ ਬਾਅਦ ਜਦੋਂ ਨਿੱਕੂ ਪਾਰਕ ਦੁਬਾਰਾ ਖੋਲ੍ਹਿਆ ਗਿਆ ਸੀ ਤਾਂ ਉਸ ਵੇਲੇ ਤਾਂ ਬੱਚਿਆਂ ਸਮੇਤ ਹੋਰ ਵਰਗਾਂ ਦੇ ਲੋਕਾਂ ਦੀ ਆਉਣ ਦੀ ਗਿਣਤੀ ਕਾਫ਼ੀ ਘੱਟ ਹੋ ਗਈ ਸੀ ਪਰ ਇਸ ਤੋਂ ਬਾਅਦ ਅਜੇ ਤੱਕ ਇਸ ਦਾ ਕੰਟਰੋਲ ਸਰਕਾਰੀ ਕਮੇਟੀ ਵੱਲੋਂ ਹੀ ਕੀਤਾ ਜਾ ਰਿਹਾ ਹੈ ਪਰ ਇਸ ਦੀ ਸੰਭਾਲ ਦਾ ਕੰਮ ਚੰਗਾ ਨਾ ਹੋਣ ਕਰ ਕੇ ਸ਼ਹਿਰ ਦੇ ਸਭ ਤੋਂ ਪੁਰਾਣੇ ਨਿੱਕੂ ਪਾਰਕ ਦੀ ਆਪਣੀ ਪਛਾਣ ਖਤਮ ਹੁੰਦੀ ਜਾ ਰਹੀ ਹੈੈ। ਲੋਕਾਂ ਨੂੰ ਇਥੇ ਕਈ ਖ਼ਰਾਬ ਪਏ ਝੂਲਿਆਂ ਕਰ ਕੇ ਕਾਫ਼ੀ ਨਿਰਾਸ਼ਾ ਹੁੰਦੀ ਹੈ। ਕਦੇ ਇਹ ਪਾਰਕ ਵੱਡੇ ਸ਼ਹਿਰਾਂ ਦੇ ਪਾਰਕਾਂ ਦਾ ਮੁਕਾਬਲਾ ਕਰਦਾ ਸੀ ਪਰ ਜਿੰਨੀ ਜਗ੍ਹਾ ਵਿਚ ਇਹ ਪਾਰਕ ਹੈ, ਹੋਰ ਕਿਸੇ ਵੀ ਪਾਰਕ ਦੀ ਇੰਨੀ ਜ਼ਿਆਦਾ ਇਲਾਕੇ ਵਿਚ ਜਗ੍ਹਾ ਨਹੀਂ ਹੈ। ਇਸ ਵੇਲੇ ਨਿੱਕੂ ਪਾਰਕ ਵਿਚ ਦਾਖਲ ਹੋਣ ਲਈ ਚਾਹੇ 10 ਰੁਪਏ ਦੀ ਪਰਚੀ ਲੱਗਦੀ ਹੈ ਪਰ ਇਸ ਦੇ ਕਈ ਝੂਲੇ ਦੇਖਣ ਲਈ ਕਾਫ਼ੀ ਫ਼ੀਸ ਲਈ ਜਾਂਦੀ ਹੈ। ਨਿੱਕੂ ਪਾਰਕ ਵਿਚ ਦਾਖਲ ਹੁੰਦੇ ਹੀ ਇੱਕ ਪਾਸੇ ਕੂੜੇ ਦਾ ਢੇਰ ਪਿਆ ਹੈ ਜਿਸ ਨੂੰ ਲੰਬੇ ਸਮੇਂ ਤੋਂ ਸਾਫ਼ ਨਹੀਂ ਕੀਤਾ ਗਿਆ ਹੈ ਜਿਸ ਜਗ੍ਹਾ ‘ਤੇ ਬੱਚਿਆਂ ਦੀ ਗੱਡੀ ਚੱਲਦੀ ਹੈ, ਉਸ ਦੇ ਆਸ-ਪਾਸ ਮੱਖੀਆਂ ਦੀ ਭਰਮਾਰ ਹੈ। ਪਾਰਕ ਦੀ ਸਾਂਭ ਸੰਭਾਲ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਵੀ ਘੱਟ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਪਾਰਕ ਦੀ ਪੁਰਾਣੀ ਖ਼ੂਬਸੂਰਤੀ ਦੁਬਾਰਾ ਬਹਾਲ ਹੋ ਸਕੇ।