ਸਫਾਈ ਦੀ ਅਣਹੋਂਦ: ਪੰਜਾਬ ਸਰਕਾਰ ਵੱਲੋਂ ਮਿਉਂਸਿਪਲ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ੋਅ ਕਾਜ਼ ਨੋਟਿਸ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਮਈ
ਸ਼ਹਿਰ ਵਿੱਚ ਸਾਫ ਸਫਾਈ ਦੇ ਮਾਮਲੇ ਵਿੱਚ ਕੁਤਾਹੀ ਕੀਤੇ ਜਾਣ ਦੇ ਦੋਸ਼ ਹੇਠ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਮਿਉਂਸਿਪਲ ਕਮਿਸ਼ਨਰ ਨੂੰ ਆਪਣੀ ਡਿਊਟੀ ’ਚ ਅਣਗਹਿਲੀ ਵਰਤਣ ਦੇ ਦੋਸ਼ ’ਚ ਸ਼ੋਅਕਾਜ਼ ਨੋਟਿਸ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਅੰਮ੍ਰਿਤਸਰ ਸ਼ਹਿਰ ਦੀ ਸਾਫ-ਸਫਾਈ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਨੇ ਆਪਣੀ ਡਿਊਟੀ ਨਿਭਾਉਣ ’ਚ ਅਣਗਹਿਲੀ ਤੇ ਕੁਤਾਹੀ ਕੀਤੀ ਹੈ, ਜਿਸ ਕਰਕੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀ ਨੂੰ ਸ਼ੋਅ-ਕਾਜ਼ ਨੋਟਿਸ ਜਾਰੀ ਕਰਕੇ 24 ਘੰਟਿਆਂ ’ਚ ਆਪਣਾ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਸ ਸਬੰਧ ਵਿੱਚ ਅੰਮ੍ਰਿਤਸਰ ਵਿੱਚ ਸਫ਼ਾਈ ਸਬੰਧੀ ਨਾਗਰਿਕਾਂ ਅਤੇ ਮੀਡੀਆ ਵੱਲੋਂ ਕਈ ਸ਼ਿਕਾਇਤਾਂ ਮਿਲੀਆਂ ਹਨ, ਇਸ 'ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਹੈ, ਇਸਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਸਮੁੱਚੇ ਪੰਜਾਬ ਦੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਚੇਚੇ ਤੌਰ ‘ਤੇ ਚੰਗੇ ਸਫਾਈ ਪ੍ਰਬੰਧ ਯਕੀਨੀ ਬਣਾਏ ਜਾਣ। ਲੋਕਾਂ ਦੀ ਸਿਹਤ ਉਚੇਚਾ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਗਰਮੀ ਦੇ ਮੌਸਮ ‘ਚ ਮਲੇਰੀਆ, ਡੇਂਗੂ ਤੇ ਗੰਦਗੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸ਼ਹਿਰਾਂ ਦੀ ਮੁਕੰਮਲ ਸਫਾਈ ਯਕੀਨੀ ਬਣਾਉਣ ਲਈ ਕਿਹਾ।