ਝੋਨੇ ਦੀ ਸੁਸਤ ਰਫ਼ਤਾਰ ਚੁਕਾਈ ਤੋਂ ਭੜਕੇ ਮਜ਼ਦੂਰ
ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 7 ਨਵੰਬਰ
ਕਿਰਤੀ ਕਿਸਾਨ ਯੂਨੀਅਨ ਵਲੋਂ ਦਾਣਾ ਮੰਡੀ ਸਮੁੰਦੜਾ ’ਚੋਂ ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਚੁਕਾਈ ਬਹੁਤ ਧੀਮੀ ਰਫਤਾਰ ਨਾਲ ਹੋਣ ਦੇ ਰੋਸ ਵਜੋਂ ਦਾਣਾ ਮੰਡੀ ਸਮੁੰਦੜਾ ਵਿਖੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਵਲੋਂ ਰੋਸ ਰੈਲੀ ਕੀਤੀ ਕੀਤੀ ਗਈ। ਇਸ ਮੌਕੇ ਐਫਸੀਆਈ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਮੰਗ ਕੀਤੀ ਕਿ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ ਅਤੇ ਕੱਚੀ ਮੰਡੀ ਨੂੰ ਦੇਖਦੇ ਹੋਏ ਝੋਨੇ ਦੀ ਚੁਕਾਈ ਤੁਰੰਤ ਕੀਤੀ ਜਾਵੇ। ਕਿਸਾਨ ਆਗੂਆਂ ਅਤੇ ਆੜ੍ਹਤੀਆਂ ਨੇ ਕਿਹਾ ਕਿ ਜੇਕਰ ਮਸਲਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਕ ਜ਼ਬਰਦਸਤ ਐਕਸ਼ਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਐਫਸੀਆਈ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਹਰਮੇਸ਼ ਢੇਸੀ ਅਤੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੱਚੀ ਮੰਡੀ ਹੋਣ ਕਾਰਨ ਮੰਡੀ ਵਿੱਚ ਹਰ ਸਮੇਂ ਪਾਣੀ ਭਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ ਦੂਸਰੇ ਪਾਸੇ ਮਜ਼ਦੂਰ ਪਿਛਲੇ ਕਈ ਦਿਨਾਂ ਤੋਂ ਵਿਹਲੇ ਬੈਠੇ ਹਨ। ਇਸ ਸਮੇਂ ਆੜ੍ਹਤੀ ਐਸੋਸੀਏਸ਼ਨ ਵਲੋਂ ਮਾਸਟਰ ਅਸ਼ੋਕ ਕੁਮਾਰ ਗੋਰਾ, ਬੰਸਲ ਕਰਨਪੁਰੀ, ਜੁਝਾਰ ਸਿੰਘ, ਸ਼ਮਸ਼ੇਰ ਸਿੰਘ ਚੱਕ ਸਿੰਘਾ, ਬਲਵੀਰ ਸਿੰਘ ਲਾਲੀ, ਅਮਰੀਕ ਸਿੰਘ, ਕੁਲਵਿੰਦਰ ਸਿੰਘ ਚੱਕ ਫੁੱਲੂ, ਕਿਰਪਾਲ ਸਿੰਘ ਅਤੇ ਪੱਲੇਦਾਰ ਯੂਨੀਅਨ ਵਲੋਂ ਚਰਾਕੂ ਸਿੰਘ, ਬੜੂ ਸਿੰਘ ਅਤੇ ਵਿਪਨ ਸਿੰਘ ਹਾਜ਼ਰ ਸਨ।