ਮੁੱਖ ਮੰਤਰੀ ਦੀ ਕੋਠੀ ਅੱਗੇ ਗਰਜੇ ਮਜ਼ਦੂਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਦਸੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਸੈਂਕੜੇ ਮਜ਼ਦੂਰਾਂ ਵੱਲੋਂ ਖਰਾਬ ਮੌਸਮ ਦੇ ਬਾਵਜੂਦ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇੱਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੌਮੀ ਹਾਈਵੇਅ-7 ਦੇ ਪਟਿਆਲਾ-ਸੰਗਰੂਰ ਬਾਈਪਾਸ ਦੇ ਓਵਰਬ੍ਰਿਜ ਹੇਠ ਰੈਲੀ ਕਰਨ ਤੋਂ ਬਾਅਦ ਮੁੱਖ ਮੰਤਰੀ ਦੀ ਕੋਠੀ ਤੱਕ ਮਾਰਚ ਕੀਤਾ ਗਿਆ। ਮਾਰਚ ਦੀ ਅਗਵਾਈ ਮਹਿਲਾ ਮਜ਼ਦੂਰਾਂ ਵੱਲੋਂ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 8 ਜਨਵਰੀ ਦੀ ਕੈਬਨਿਟ ਸਬ ਕਮੇਟੀ ਨਾਲ ਅਤੇ ਮੰਗਾਂ ਸਬੰਧੀ 27 ਦਸੰਬਰ ਨੂੰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਨਿਸ਼ਚਿਤ ਕਰਵਾਉਣ ਮਗਰੋਂ ਪ੍ਰਦਰਸ਼ਨ ਸਮਾਪਤ ਕੀਤਾ ਗਿਆ।
ਰੈਲੀ ਤੋਂ ਬਾਅਦ ਜਿਉਂ ਹੀ ਮਜ਼ਦੂਰ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ ਤਾਂ ਪੁਲੀਸ ਨੇ ਨਾਕਾ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਜਨਰਲ ਸਕੱਤਰ ਧਰਮਵੀਰ ਹਰੀਗੜ੍ਹ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮਨੂੰਵਾਦੀ ਵਿਚਾਰਧਾਰਾ ਦਲਿਤ ਵਿਰੋਧੀ ਹੈ ਅਤੇ ਬਦਲਾਅ ਦੇ ਨਾਅਰੇ ਹੇਠ ਸੱਤਾ ’ਚ ਆਈ ‘ਆਪ’ ਸਰਕਾਰ ਵੀ ਦਲਿਤਾਂ ਤੇ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਬਿੱਕਰ ਸਿੰਘ ਹਥੋਆ, ਗੁਰਵਿੰਦਰ ਬੌੜਾਂ ਅਤੇ ਜਗਤਾਰ ਤੋਲੇਵਾਲ ਨੇ ਮੰਗ ਕੀਤੀ ਕਿ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਦਲਿਤਾਂ ਨੂੰ ਪੱਕੇ ਤੌਰ ’ਤੇ ਦਿੱਤਾ ਜਾਵੇ, ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਅਲਾਟ ਹੋਏ ਪਾਲਟਾਂ ਦੇ ਕਬਜ਼ੇ ਦਿੱਤੇ ਜਾਣ, ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕੀ ਲਈ ਰਜਿਸਟਰੀਆਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਦਲਿਤ ਮਜ਼ਦੂਰਾਂ ਨਾਲ ਹੁੰਦਾ ਜਾਤੀ ਵਿਤਕਰਾ ਖ਼ਤਮ ਕੀਤਾ ਜਾਵੇ। ਇਸ ਮੌਕੇ ਗੁਰਚਰਨ ਸਿੰਘ ਘਰਾਚੋਂ, ਗੁਰਦਾਸ ਸਿੰਘ ਜਲੂਰ , ਸੁਖਵਿੰਦਰ ਸਿੰਘ ਮਾਨਸਾ, ਸਿੰਗਾਰਾ ਸਿੰਘ ਹੇੜੀਕੇ, ਗੁਰਵਿੰਦਰ ਸ਼ਾਦੀਹਰੀ, ਧਰਮਪਾਲ ਨੂਰਖੇੜੀਆਂ, ਮਹਿਲਾ ਆਗੂ ਅਮਨ ਦਿਓਲ ਤੇ ਪੰਜਾਬ ਸਟੂਡੈਂਟ ਯੂਨੀਅਨ ਤੋਂ ਕਮਲ ਬਾਘਾਪੁਰਾਣਾ ਆਦਿ ਨੇ ਵੀ ਸੰਬੋਧਨ ਕੀਤਾ।