For the best experience, open
https://m.punjabitribuneonline.com
on your mobile browser.
Advertisement

ਸ਼ਾਇਰੀ ਦੇ ਝਰੋਖੇ ’ਚੋਂ ਕਿਰਤੀ ਮਜ਼ਦੂਰ

06:55 AM May 05, 2024 IST
ਸ਼ਾਇਰੀ ਦੇ ਝਰੋਖੇ ’ਚੋਂ ਕਿਰਤੀ ਮਜ਼ਦੂਰ
Advertisement

ਮੁਹੰਮਦ ਅੱਬਾਸ ਧਾਲੀਵਾਲ

Advertisement

ਹਰ ਸਾਲ ਪਹਿਲੀ ਮਈ ਨੂੰ ਪੂਰੀ ਦੁਨੀਆ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਪਹਿਲੀ ਮਈ 1886 ਤੋਂ ਉਸ ਸਮੇਂ ਤੋਂ ਮੰਨੀ ਜਾਂਦੀ ਹੈ, ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ ਅੱਠ ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ। ਇਸ ਦੌਰਾਨ ਸ਼ਿਕਾਗੋ ਦੀ ਹੇਅ ਮਾਰਕਿਟ ਵਿਖੇ ਬੰਬ ਧਮਾਕਾ ਹੋਇਆ। ਇਹ ਬੰਬ ਕਿਸ ਨੇ ਚਲਾਇਆ, ਉਸ ਸਮੇਂ ਇਸ ਦਾ ਕੋਈ ਪਤਾ ਨਹੀਂ ਸੀ ਲੱਗਿਆ, ਪਰ ਪੁਲੀਸ ਨੇ ਮਜ਼ਦੂਰਾਂ ’ਤੇ ਬੇਤਹਾਸ਼ਾ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਸਿੱਟੇ ਵਜੋਂ ਸੱਤ ਮਜ਼ਦੂਰ ਮਾਰੇ ਗਏ। ਉਕਤ ਘਟਨਾਵਾਂ ਸਬੰਧੀ ਕੋਈ ਫੌਰੀ ਰੱਦੋ-ਅਮਲ ਵੇਖਣ ਨੂੰ ਨਹੀਂ ਮਿਲਿਆ, ਪਰ ਸਮਾਂ ਬੀਤਣ ਬਾਅਦ ਅਮਰੀਕਾ ਵਿਖੇ ਕੰਮ ਕਰਨ ਦਾ ਵਕਤ 8 ਘੰਟੇ ਨਿਸ਼ਚਿਤ ਕਰ ਦਿੱਤਾ ਗਿਆ। ਇਸ ਪ੍ਰਕਾਰ ਇਹ ਇੱਕ ਤਰ੍ਹਾਂ ਨਾਲ ਮਜ਼ਦੂਰਾਂ ਦੇ ਸੰਘਰਸ਼ ਦੀ ਪਹਿਲੀ ਵੱਡੀ ਜਿੱਤ ਸੀ।
ਅੱਜ ਜਦੋਂ ਅਸੀਂ ਮਜ਼ਦੂਰਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਕਤ ਅਧਿਕਾਰਾਂ ਵੱਲ ਅੱਜ ਤੋਂ ਤਕਰੀਬਨ 1450 ਸਾਲ ਪਹਿਲਾਂ ਇਸਲਾਮ ਧਰਮ ਦੇ ਆਖ਼ਰੀ ਪੈਗੰਬਰ ਹਜ਼ਰਤ ਮੁਹੰਮਦ (ਸ) ਨੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕੀਤੀ। ਉਨ੍ਹਾਂ ਨੇ ਦੁਨੀਆ ਦੇ ਤਮਾਮ ਲੋਕਾਂ ਨੂੰ ਇਹ ਦਿਸ਼ਾ ਨਿਰਦੇਸ਼ ਵੀ ਦਿੱਤੇ ਕਿ ਮਜ਼ਦੂਰ ਦੀ ਮਜ਼ਦੂਰੀ ਉਸ ਦੇ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਅਦਾ ਕਰ ਦਿਓ। ਉਨ੍ਹਾਂ ਨੇ ਹੱਜ-ਤੁਲ-ਵਿਦਾ ਮੌਕੇ ਆਪਣੇ ਆਖ਼ਰੀ ਸੰਬੋਧਨ ਦੌਰਾਨ ਪੂਰੇ ਵਿਸ਼ਵ ਦੇ ਸਰਮਾਏਦਾਰ ਜਾਂ ਕਹਿ ਲਵੋ ਕਿ ਅਮੀਰ ਲੋਕਾਂ ਨੂੰ ਆਪਣੇ ਮਾਤਹਿਤ ਕੰਮ ਕਰਦੇ ਕਾਰਿੰਦਿਆਂ (ਖਾਦਿਮਾਂ, ਗ਼ੁਲਾਮਾਂ) ਜੇਕਰ ਅਜੋਕੇ ਸੰਦਰਭ ਵਿੱਚ ਕਹੀਏ ਤਾਂ ਮਜ਼ਦੂਰਾਂ ਦੇ ਹੱਕਾਂ ਨੂੰ ਪੂਰਾ ਕਰਦੇ ਰਹਿਣ ਦੀ ਵਿਸ਼ੇਸ਼ ਤੌਰ ’ਤੇ ਤਾਕੀਦ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਸ ਰੱਬ
ਦੀ ਦਰਗਾਹ ਵਿੱਚ ਅੰਜਾਮ ਭੁਗਤਣ ਦੀ ਚਿਤਾਵਨੀ ਵੀ ਦਿੱਤੀ।
ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ ਹੋਏ ਗੁਰੂ ਨਾਨਕ ਦੇਵ ਜੀ ਨੇ ਵੀ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਉਸ ਸਮੇਂ ਦੇ ਹੰਕਾਰੀ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦੇ ਹੰਕਾਰ ਨੂੰ ਤੋੜਿਆ ਅਤੇ ਇਸ ਦੀ ਥਾਂ ਭਾਈ ਲਾਲੋ ਦੀ ਦਸਾਂ ਨਹੁੰਆਂ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ।
ਜੇਕਰ ਉਰਦੂ ਸ਼ਾਇਰੀ ਦੇ ਸੰਦਰਭ ’ਚ ਮਜ਼ਦੂਰ ਤਬਕੇ ਦੇ ਹੱਕਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਰਦੂ ਦੇ ਸਭ ਤਰੱਕੀਪਸੰਦ ਸ਼ਾਇਰਾਂ ਨੇ ਮਜ਼ਦੂਰਾਂ ਦੇ ਜੀਵਨ ’ਤੇ ਵੱਖੋ-ਵੱਖਰੇ ਢੰਗ ਨਾਲ ਆਪੋ-ਆਪਣੇ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਇਸ ਵਰਗ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।
ਗੱਲ ਮੁਹੱਬਤ ਦੀ ਨਿਸ਼ਾਨੀ ਭਾਵ ‘ਤਾਜਮਹਿਲ’ ਤੋਂ ਸ਼ੁਰੂ ਕਰੀਏ ਜੋ ਪੂਰੀ ਦੁਨੀਆ ਅੰਦਰ ਪਿਆਰ ਦੀ ਨਿਸ਼ਾਨੀ ਵਜੋਂ ਜਾਣਿਆ ਜਾਂਦਾ ਹੈ। ਸ਼ਾਇਰ ਸਾਹਿਰ ਲੁਧਿਆਣਵੀ ਦਾ ਮਹਿਬੂਬ ਉਸੇ ਤਾਜਮਹਿਲ ਵਿੱਚ ਮਿਲਣ ਦੀ ਜ਼ਿੱਦ ਕਰਦਾ ਹੈ ਤਾਂ ਸਾਹਿਰ ਨਜ਼ਮ ‘ਤਾਜਮਹਿਲ’ ਵਿੱਚ ਆਪਣੇ ਮਹਿਬੂਬ ਨੂੰ ਮਿਲਣ ਤੋਂ ਗੁਰੇਜ਼ ਕਰਦਿਆਂ ਇਹ ਤਾਕੀਦ ਕਰਦਾ ਹੈ ਕਿ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਨਹੀਂ ਸਗੋਂ ਇਹ ਸਰਮਾਏਦਾਰਾਨਾ ਨਿਜ਼ਾਮ ਵੱਲੋਂ ਸਾਡੇ ਵਰਗੇ ਹਜ਼ਾਰਾਂ ਹੀ ਗ਼ਰੀਬ, ਮਜ਼ਦੂਰ ਲੋਕਾਂ ਦੀ ਮੁਹੱਬਤ ਦਾ ਮਜ਼ਾਕ ਉਡਾਉਣ ਦੇ ਸਮਾਨ ਹੈ। ਸਾਹਿਰ ਅਨੁਸਾਰ ਤਾਜਮਹਿਲ ਨੂੰ ਇੰਨੀ ਸੁੰਦਰ ਅਤੇ ਬਿਹਤਰੀਨ ਸ਼ਕਲ ਦੇਣ ਵਾਲੇ ਕਾਰੀਗਰ ਜਾਂ ਮਜ਼ਦੂਰਾਂ ਨੂੰ ਵੀ ਆਪਣੀਆਂ ਪਤਨੀਆਂ ਨਾਲ ਜ਼ਰੂਰ ਸ਼ਹਿਨਸ਼ਾਹ ਵਾਂਗ ਹੀ ਪਿਆਰ ਹੋਵੇਗਾ, ਪਰ ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਪਾਸ ਆਪਣੀ ਪਤਨੀ ਦੀ ਯਾਦਗਾਰ ਬਣਾਉਣ ਲਈ ਇੰਨਾ ਪੈਸਾ ਜਾਂ ਸਾਧਨ ਮੌਜੂਦ ਨਹੀਂ ਸਨ ਕਿਉਂਕਿ ਉਹ ਵੀ ਸਾਡੇ ਵਾਂਗ ਗ਼ਰੀਬ ਸਨ। ਦਰਅਸਲ ਉਨ੍ਹਾਂ ਦੇ ਪੂਰੇ ਦੇ ਪੂਰੇ ਜੀਵਨ ਇੱਕ ਕਦੀ ਨਾ ਖ਼ਤਮ ਹੋਣ ਵਾਲੇ ਅੰਧਕਾਰ ਅਤੇ ਗੁੰਮਨਾਮੀ ਦੀ ਨਜ਼ਰ ਹੋ ਗਏ, ਇਸੇ ਲਈ ਸਾਹਿਰ ਆਪਣੀ ਮਹਿਬੂਬ ਨੂੰ ਤਾਕੀਦ ਕਰਦਿਆਂ ਆਖਦੇ ਹਨ:
ਤਾਜ ਤੇਰੇ ਲੀਏ ਇੱਕ ਮਜ਼ਹਿਰੇ ਉਲਫ਼ਤ ਹੀ ਸਹੀ,
ਤੁਝ ਕੋ ਇਸ ਵਾਦੀਏ ਰੰਗੀਂ ਸੇ ਅਕੀਦਤ ਹੀ ਸਹੀ,
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁਝ ਸੇ।
ਬਜ਼ਮ-ਏ-ਸ਼ਾਹੀ ਮੇਂ ਗ਼ਰੀਬੋਂ ਕਾ ਗੁਜ਼ਰ ਕਿਯਾ ਮਾਅਨੀ,
ਸਬਤ ਜਿਸ ਰਾਹ ਮੇਂ ਹੋਂ ਸਤੂਤੇ-ਸ਼ਾਹੀ ਕੇ ਨਿਸ਼ਾਂ,
ਉਸਪੇ ਉਲਫ਼ਤ ਭਰੀ ਰੂਹੋਂ ਕਾ ਸਫ਼ਰ ਕਿਯਾ ਮਾਅਨੀ,
ਇੱਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ।
ਹਮ ਗ਼ਰੀਬੋਂ ਕੀ ਮੁਹੱਬਤ ਕਾ ਉੜਾਯਾ ਹੈ ਮਜ਼ਾਕ।
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁਝ ਸੇ।
ਅਸੀਂ ਅਨੁਭਵ ਕਰਦੇ ਹਾਂ ਕਿ ਅੱਜ ਮਜ਼ਦੂਰਾਂ ਦੀ ਅਣਥੱਕ ਮਿਹਨਤ ਦੇ ਬਾਵਜੂਦ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਕੋਈ ਵੱਡੀ ਤਬਦੀਲੀ ਵੇਖਣ ਨੂੰ ਨਹੀਂ ਮਿਲਦੀ। ਕਈ ਵਾਰ ਤਾਂ ਹਾਲਾਤ ਦੀ ਸਿਤਮਜ਼ਰੀਫੀ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪੈ ਜਾਂਦੇ ਹਨ ਅਤੇ ਕਈ ਕਈ ਦਿਨ ਦੇ ਫਾਕੇ ਤੱਕ ਕੱਟਣੇ ਪੈ ਜਾਂਦੇ ਹਨ। ਅਸੀਂ ਲੌਕਡਾਊਨ ਦੌਰਾਨ ਮਜ਼ਦੂਰਾਂ ਨੂੰ ਸੜਕਾਂ ਅਤੇ ਰੇਲਵੇ ਲਾਈਨਾਂ ਦੇ ਨਾਲ ਨਾਲ ਪੈਦਲ ਆਪਣੇ ਘਰਾਂ ਵੱਲ ਜਾਂਦਿਆਂ ਵੇਖਿਆ। ਇਸ ਦੌਰਾਨ ਕਿੰਨੇ ਹੀ ਮਜ਼ਦੂਰਾਂ ਨੂੰ ਸੜਕ ਅਤੇ ਰੇਲ ਹਾਦਸਿਆਂ ਕਾਰਨ ਅਜਾਈਂ ਮੌਤ ਦੇ ਮੂੰਹ ਵਿੱਚ ਜਾਂਦਿਆਂ ਵੇਖਿਆ ਅਤੇ ਸੁਣਿਆ। ਇਹ ਸਭ ਰੂਹ ਨੂੰ ਛਲਣੀ ਕਰਨ ਵਾਲਾ ਸੀ। ਦਰਅਸਲ, ਉਸ ਦੁੱਖ ਦਰਦ ਨੂੰ ਉਹ ਹੀ ਮਹਿਸੂਸ ਕਰ ਸਕਦਾ ਹੈ ਜੋ ਇਸ ਪੀੜਾ ਵਿੱਚੋਂ ਲੰਘਿਆ ਹੋਵੇ। ਇੱਕ ਕਵੀ ਅਨੁਸਾਰ:
ਦਰਦ ਏ ਦਿਲ ਦਰਦ ਆਸ਼ਨਾ ਜਾਨੇ।
ਔਰ ਬੇ-ਦਰਦ ਕੋਈ ਕਿਆ ਜਾਨੇ।।
ਮਜ਼ਦੂਰ ਵਰਗ ਨੂੰ ਇੱਟਾਂ ਢੋਹਣ ਜਾਂ ਵੱਖ-ਵੱਖ ਫੈਕਟਰੀਆਂ ਜਾਂ ਮਿੱਲਾਂ ਵਿੱਚ ਕੰਮ ਕਰਨ ਵਾਲਿਆਂ ਤੱਕ ਸੀਮਤ ਕਰਨਾ ਸਹੀ ਨਹੀਂ ਹੋਵੇਗਾ। ਦਰਅਸਲ, ਵੱਖ ਵੱਖ ਦਫ਼ਤਰਾਂ ਵਿੱਚ ਮੁਲਾਜ਼ਮਾਂ (ਮਜ਼ਦੂਰਾਂ) ਵਧੇਰੇ ਕਰਕੇ ਪ੍ਰਾਈਵੇਟ ਸੰਸਥਾਵਾਂ ਵਿੱਚ ਕੰਮ ਕਰਨ ਵਾਲਿਆਂ ਦੇ ਹਾਲਾਤ ਬੇਹੱਦ ਤਰਸਯੋਗ ਹਨ। ਉਨ੍ਹਾਂ ਦੇ ਹੁੰਦੇ ਸ਼ੋਸ਼ਣ ਤੇ ਅੱਤਿਆਚਾਰ ਦੀ ਤਸਵੀਰ ਇੱਕ ਆਧੁਨਿਕ ਸ਼ਾਇਰ ਨੇ ਕੁਝ ਇਸ ਤਰ੍ਹਾਂ ਪੇਸ਼ ਕੀਤੀ ਹੈ:
ਵੋਹ ਮੁਲਾਜ਼ਿਮ ਹੈ ਉਸੇ ਹੁਕਮ ਹੈ ਘਰ ਜਾਏ ਨਾ,
ਮੁਝ ਕੋ ਡਰ ਹੈ ਕਿ ਵੋਹ ਦਫਤਰ ਹੀ ਮੇਂ ਮਰ ਜਾਏ ਨਾ।
ਇਸੇ ਤਰ੍ਹਾਂ ਇੱਕ ਹੋਰ ਕਵੀ ਆਖਦੇ ਹਨ:
ਆਜ ਭੀ ਦੌਰ-ਏ-ਹਕੂਮਤ ਵਹੀ ਪਹਿਲੇ ਸਾ ਹੈ
ਆਜ ਭੀ ਗੁਜ਼ਰੇ ਹੂਏ ਵਕਤ ਕਾ ਖਾਦਿਮ ਹੂੰ ਮੈਂ।
ਸਖ਼ਤ ਮਿਹਨਤ ਦੇ ਬਾਵਜੂਦ ਜਦੋਂ ਇੱਕ ਮਜ਼ਦੂਰ ਆਪਣੇ ਬੱਚਿਆਂ ਦੇ ਦਿਲੀ ਅਰਮਾਨ ਪੂਰੇ ਕਰਨ ਜੋਗੇ ਪੈਸੇ ਨਹੀਂ ਜੁਟਾ ਪਾਉਂਦਾ ਤਾਂ ਅਜਿਹੇ ਹਾਲਾਤ ਵਿੱਚ ਇੱਕ ਬੱਚਾ ਆਪਣੇ ਗ਼ਰੀਬ ਮਜ਼ਦੂਰ ਪਿਤਾ ਨਾਲ ਬਾਜ਼ਾਰ ਜਾਂਦਾ ਹੈ ਤਾਂ ਬੱਚੇ ਅਤੇ ਪਿਤਾ ਦੀ ਮਨੋਦਸ਼ਾ ਦੀ ਤਸਵੀਰ ਇੱਕ ਕਵੀ ਨੇ ਇਸ ਪ੍ਰਕਾਰ ਪੇਸ਼ ਕੀਤੀ ਹੈ:
ਉਸੇ ਭੀ ਮੇਰੀ ਮੁਆਸ਼ੀ ਹੈਸੀਅਤ ਕਾ ਇਲਮ ਹੈ ਸ਼ਾਇਦ,
ਮੇਰਾ ਬੱਚਾ ਅੱਬ ਮਹਿੰਗੇ ਖਿਲੌਣੇ ਛੋੜ ਜਾਤਾ ਹੈ।
ਇੱਕ ਹੋਰ ਕਵੀ ਆਪਣੇ ਭਾਵ ਕੁਝ ਇਸ ਪ੍ਰਕਾਰ ਪੇਸ਼ ਕਰਦਾ ਹੈ:
ਮੁਝ ਕੋ ਥਕਨੇ ਨਹੀਂ ਦੇਤੇ ਹੈਂ ਜ਼ਰੂਰਤ ਕੇ ਪਹਾੜ,
ਮੇਰੇ ਬੱਚੇ ਮੁਝੇ ਬੂੜ੍ਹਾ ਨਹੀਂ ਹੋਨੇ ਦੇਤੇ।
ਮਿਹਨਤ ਕਰਦਿਆਂ ਇੱਕ ਮਜ਼ਦੂਰ ਦੇ ਹੱਥਾਂ ’ਤੇ ਅੱਟਣ ਪੈ ਜਾਂਦੇ ਹਨ। ਇਸ ਸਬੰਧੀ ਸ਼ਾਇਰ ਜਾਂ-ਨਿਸਾਰ ਅਖਤਰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੁਝ ਇਸ ਪ੍ਰਕਾਰ ਕਰਦਾ ਹੈ:
ਔਰ ਤੋਂ ਮੁਝ ਕੋ ਮਿਲਾ ਕਿਆ ਮੇਰੀ ਮਿਹਨਤ ਕਾ ਸਿਲਾ
ਚੰਦ ਸਿੱਕੇ ਹੈਂ, ਮੇਰੇ ਹਾਥ ਮੇਂ ਛਾਲੋਂ ਕੀ ਤਰਹਾਂ।
ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ।
ਅੱਜ ਕਿਸਾਨ ਵਰਗ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ, ਪਰ ਉਸ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ। ਜੇਕਰ ਦੇਸ਼ ਅੰਦਰ ਹਰੀ ਕ੍ਰਾਂਤੀ ਲਿਆਉਣ ਵਾਲੇ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਇਹ ਯਕੀਨਨ ਅਜੋਕੇ ਸਮੇਂ ਦੀ ਇੱਕ ਵੱਡੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ।
ਦਰਅਸਲ, ਅੱਜ ਕਿਸਾਨਾਂ ਅਤੇ ਕਾਮਿਆਂ ਦੀ ਹਾਲਤ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈ। ਹਾਲਾਤ ਇਹ ਹਨ ਕਿ ਦਿਨ ਰਾਤ ਦੀ ਵਧਦੀ ਮਹਿੰਗਾਈ ਨੇ ਸਾਧਾਰਨ ਮੱਧਵਰਗ ਦੀ ਕਮਰ ਤੋੜ ਰੱਖੀ ਹੈ ਜਦੋਂਕਿ ਮਜ਼ਦੂਰ ਤਬਕੇ ਲਈ ਆਪਣੇ ਜੀਵਨ ਦਾ ਇੱਕ ਇੱਕ ਦਿਨ ਕੱਟਣਾ ਮੁਹਾਲ ਜਾਪਦਾ ਹੈ। ਮਜ਼ਦੂਰ ਕਿਸਾਨਾਂ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਵਧੇਰੇ ਨਿਰਾਸ਼ਾ ਪਾਈ ਜਾ ਰਹੀ ਹੈ। ਇੱਥੋਂ ਤੰਕ ਕਿ ਕਈ ਤਾਂ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਲਈ ਮਜਬੂਰ ਹੋ ਰਹੇ ਹਨ। ਸ਼ਾਇਦ ਇਸੇ ਸੰਦਰਭ ਵਿੱਚ ਕਦੀ ਇਕਬਾਲ ਨੇ ਕਿਹਾ ਸੀ:
ਉੱਠੋ ਮੇਰੀ ਦੁਨੀਆ ਕੇ ਗ਼ਰੀਬੋਂ ਕੋ ਜਗਾ ਦੋ,
ਕਾਖ-ਏ-ਉਮਰਾ ਕੇ ਦਰ-ਓ-ਦੀਵਾਰ ਹਿਲਾ ਦੋ।
ਜਿਸ ਖੇਤ ਸੇ ਦਹਿਕਾਨ ਕੋ ਮੁਯੱਸਰ ਨਹੀਂ ਰੋਜ਼ੀ,
ਉਸ ਖੇਤ ਹਰ ਖੂਸ਼ਾ-ਏ-ਗੰਦੁਮ ਕੋ ਜਲਾਦੋ।
ਪਿਛਲੇ ਦਿਨੀਂ ਮੈਂ ਇੱਕ ਕਵਿਤਾ ‘ਮਜ਼ਦੂਰ’ ਲਿਖੀ ਜੋ ਅੱਜ ਇੱਥੇ ਆਪ ਸਭਨਾਂ ਨਾਲ ਸਾਂਝੀ ਕਰਦਾ ਹਾਂ:
ਮੈਂ ਮਜ਼ਦੂਰ ਹਾਂ ...
ਜਿਸ ਨੇ ਮੁੱਢ ਕਦੀਮੀਂ ਆਪਣੇ ਅਰਮਾਨਾਂ ਦਾ ਗਲਾ ਘੁੱਟ,
ਜਜ਼ਬਾਤਾਂ ਦਾ ਕਤਲ ਕਰ, ਜੀਵਨ ਦੀਆਂ ਲੋੜਾਂ ਨੂੰ,
ਬਾ-ਮੁਸ਼ਕਿਲ ਪੂਰਾ ਕੀਤਾ।
ਗ਼ਰੀਬੀ ਦੇ ਦਰਦ ਹੰਢਾਉਂਦਿਆਂ,
ਆਪਣੀ ਆਤਮਾ ਤੱਕ ਨੂੰ ਛਲਣੀ ਕੀਤਾ!
ਜਿਹਦੀ ਮਿਹਨਤ ਸਦਕਾ, ਚਿਮਨੀਆਂ ’ਚੋਂ ਨਿਕਲਦੇ ਧੂੰਏਂ ਨੇ,
ਸਨਅਤੀ ਘਰਾਣਿਆਂ ਨੂੰ ਖੁਸ਼ਹਾਲ ਕੀਤਾ।
ਪਰ ਅਕਸਰ ਧਨਵਾਨਾਂ ਨੇ
ਮੇਰੀ ਮਿਹਨਤ ਦਾ ਮੁੱਲ ਪਾਉਣ ਦੀ ਥਾਂ
ਹਰ ਵੇਲੇ ਸੋਸ਼ਣ ਕੀਤਾ।

Advertisement

ਮੈਂ ਮਜ਼ਦੂਰ ਹਾਂ ...
ਜਿਹਨੇ ਚੀਨ ਦੀ ਦੀਵਾਰ ਤੋਂ ਲੈ ਲਾਲ ਕਿਲ੍ਹੇ ਸਣੇ
ਬੁਰਜ ਖਲੀਫ਼ਾ ਤੱਕ ਨੇ ਉਸਾਰੇ!
ਜਿਹਨੇ ਖ਼ੁਦ ਦੀ ਮੁਹੱਬਤ ਦਾ ਗਲਾ ਘੁੱਟ,
ਸ਼ਾਹਜਹਾਂ ਮੁਮਤਾਜ਼ ਦੇ ਪਿਆਰ ਨੂੰ ਲਾਸਾਨੀ ਕੀਤਾ।

ਮੈਂ ਮਜ਼ਦੂਰ ਹਾਂ...
ਮੇਰੇ ਕਿੰਨੇ ਹੀ ਰੰਗ ਤੇ ਰੂਪ ਨੇ,
ਪਰ ਜਿਹਨੂੰ ਆਖਦੇ ਤਕਦੀਰ ਨੇ,
ਉਹ ਸਭਨਾਂ ਦੀ ਇੱਕੋ ਜਿਹੀ ਭਾਸੇ।
ਮੈਂ ਖੇਤਾਂ, ਫੈਕਟਰੀਆਂ,
ਉਸਾਰੀ ਅਧੀਨ ਇਮਾਰਤਾਂ ’ਚ ਮੌਜੂਦ ਹਾਂ।

ਮੈਂ ਮਜ਼ਦੂਰ ਹਾਂ!
ਮੈਂ ਅਕਸਰ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਵਿੱਚ
ਹਾਕਮਾਂ, ਅਫਸਰਾਂ ਦੀਆਂ ਝਿੜਕਾਂ ਖਾਣ ਲਈ ਮਜਬੂਰ ਹਾਂ
ਕੁਦਰਤੀ ਆਫ਼ਤ ਹੋਏ ਜਾਂ ਫ਼ਿਰਕੂ ਦੰਗਾ ਕੋਈ,
ਪਲੇਗ ਹੋਏ ਜਾਂ ਮਹਾਂਮਾਰੀ ਕੋਈ,
ਮੈਂ ਹਰ ਥਾਂ ਮੁੱਢਲੀਆਂ ਸਫ਼ਾਂ ’ਚ,
ਆਪਣੀ ਕੁਰਬਾਨੀ ਦੇਣ ਲਈ ਮੌਜੂਦ ਹਾਂ!

ਮੈਂ ਮਜ਼ਦੂਰ ਹਾਂ...!
ਕਹਿੰਦੇ ਨੇ ਮਨੁੱਖ ਬਹੁਤ ਤਰੱਕੀ ਕਰ ਗਿਆ ਏ,
ਚੰਨ੍ਹ ’ਤੇ ਫ਼ਤਹਿ ਪਾ, ਮੰਗਲ ਵੱਲ ਨੂੰ ਵਧ ਗਿਆ ਏ।
ਪਰ ਮੇਰੇ ਲਈ ਹਾਲੇ ਵੀ ਰੋਜ਼ੀ ਰੋਟੀ ਦੇ ਮਸਲੇ ਬੜੇ ਨੇ!
ਕਹਿੰਦੇ ਨੇ ਸੰਵਿਧਾਨ ’ਚ ਮਜ਼ਦੂਰਾਂ ਲਈ ਅਧਿਕਾਰ ਬੜੇ ਨੇ।
ਪਰ ਉਹ ਸਭ ਮੇਰੀ ਪਹੁੰਚ ਤੋਂ ਬਹੁਤ ਪਰ੍ਹੇ ਨੇ
ਜਿਨ੍ਹਾਂ ਨੂੰ ਹਾਸਲ ਕਰਨ ਦੇ ਰਸਤੇ ’ਚ
ਮੇਰੇ ਲਈ ਔਕੜਾਂ ਤੇ ਹਨੇਰੇ ਬੜੇ ਨੇ...!
ਹਨੇਰੇ ਬੜੇ ਨੇ...!!
ਹਨੇਰੇ ਬੜੇ ਨੇ...!!!
ਮੈਂ ਮਜ਼ਦੂਰਾਂ ਦੇ ਹੱਕਾਂ ਦੇ ਹੋ ਰਹੇ ਹਨਨ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਮਜ਼ਦੂਰ ਵਰਗ ਵਿੱਚ ਵੀ ਕੁਝ ਅਜਿਹੇ ਲੋਕ ਸਾਹਮਣੇ ਆਉਂਦੇ ਹਨ ਜੋ ਆਪਣੀ ਮਜ਼ਦੂਰੀ ਤਾਂ ਪੂਰੀ ਲੈਂਦੇ ਹਨ, ਪਰ ਆਪਣੇ ਮਾਲਕ ਦਾ ਬਣਦਾ ਹੱਕ ਅਦਾ ਨਹੀਂ ਕਰਦੇ ਸਗੋਂ ਕੰਮ ਤੋਂ ਜੀਅ ਚੁਰਾਉਂਦੇ ਹਨ। ਅਜਿਹੇ ਕਾਮੇ ਮਾਲਕ ਦੀ ਗ਼ੈਰਹਾਜ਼ਰੀ ਵਿੱਚ ਅਕਸਰ ਅੱਖੀਂ ਘੱਟਾ ਪਾਉਂਦੇ ਹਨ ਅਤੇ ਕਈ ਵਾਰ ਥੋੜ੍ਹੇ ਜਿਹੇ ਕੰਮ ਲਈ ਵੀ ਵਧੇਰੇ ਮਿਹਨਤਾਨਾ ਵਸੂਲਣ ਦੀ ਕੋਸ਼ਿਸ਼ ਕਰਦੇ ਹਨ। ਮਜ਼ਦੂਰ ਵਰਗ ਦੇ ਕੁਝ ਕੁ ਲੋਕਾਂ ਵਿੱਚ ਪਾਈ ਜਾਂਦੀ ਇਸ ਭਾਵਨਾ ਨੂੰ ਵੀ ਕਦਾਚਿਤ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਯਕੀਨਨ ਅਜਿਹੇ ਲੋਕਾਂ ਦੀ ਮੰਦੀ ਭਾਵਨਾ ਕਾਰਨ ਪੂਰਾ ਮਜ਼ਦੂਰ ਵਰਗ ਬਦਨਾਮ ਹੁੰਦਾ ਹੈ।
ਹਰ ਧਰਮ ਉਨ੍ਹਾਂ ਲੋਕਾਂ ਨੂੰ ਪਸੰਦ ਕਰਦਾ ਹੈ ਜੋ ਇਮਾਨਦਾਰੀ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਇਸ ਦੇ ਬਰਖਿਲਾਫ਼ ਬਿਨਾਂ ਵਜ੍ਹਾ ਭੀਖ ਮੰਗਣ ਵਾਲਿਆਂ ਨੂੰ ਨਾਪਸੰਦ ਕੀਤਾ ਜਾਂਦਾ ਹੈ। ਆਖਿਆ ਇਹ ਵੀ ਜਾਂਦਾ ਹੈ ਕਿ ਜਿਸ ਮਜ਼ਦੂਰ ਨੇ ਆਪਣੇ ਮਾਲਕ ਨੂੰ ਖ਼ੁਸ਼ ਕੀਤਾ ਉਸ ਨੇ ਇੱਕ ਤਰ੍ਹਾਂ ਨਾਲ ਆਪਣੇ ਰੱਬ ਨੂੰ ਰਾਜ਼ੀ ਕਰ ਲਿਆ ਤੇ ਜਿਸ ਬੰਦੇ ਤੋਂ ਉਸ ਦਾ ਰੱਬ ਰਾਜ਼ੀ ਹੋ ਗਿਆ ਤਾਂ ਸਮਝੋ ਉਹ ਬੰਦਾ ਤਾਂ ਦੁਨੀਆ ਤੇ ਆਖਰਿਤ ਦੋਵੇਂ ਜਹਾਨਾਂ ਵਿੱਚ ਕਾਮਯਾਬ ਹੋ ਗਿਆ।
ਸੰਪਰਕ: 98552-59650
ਈ-ਮੇਲ: Abbasdhaliwal72@gmail.com

Advertisement
Author Image

Advertisement