ਸੜਕ ਹਾਦਸੇ ਵਿੱਚ ਮਜ਼ਦੂਰ ਹਲਾਕ, ਦੋ ਜ਼ਖ਼ਮੀ
ਪੱਤਰ ਪ੍ਰੇਰਕ
ਟੋਹਾਣਾ, 29 ਜੂਨ
ਇੱਥੇ ਪਿੰਡ ਰੈਣਵਾਲੀ ਨੇੜੇ ਰਤੀਆ ਬ੍ਰਾਂਚ ਨਹਿਰ ਦੇ ਪੁਲ ‘ਤੇ ਮੋਟਰਸਾਈਕਲ ਫਿਸਲਣ ਕਾਰਨ ਡਿੱਗੇ ਤਿੰਨ ਮਜ਼ਦੂਰਾਂ ‘ਚੋਂ ਇਕ ਦੀ ਟਿੱਪਰ ਹੇਠ ਆਉਣ ਕਾਰਨ ਮੌਤ ਹੋ ਗਈ, ਜਦੋਂ ਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਤਿੰਨੋਂ ਜਣੇ ਇੱਥੇ ਬਕਰੀਦ ਦੀ ਨਮਾਜ਼ ਅਦਾ ਕਰਕੇ ਵਾਪਸ ਪਿੰਡ ਮਿਉਂਦਕਲਾਂ ਜਾ ਰਹੇ ਸਨ।
ਇਸ ਦੌਰਾਨ ਪਿੰਡ ਰੈਣਵਾਲੀ ਕੋਲ ਰਤੀਆ ਬ੍ਰਾਂਚ ਨਹਿਰ ਦੇ ਤੰਗ ਪੁਲ ‘ਤੇ ਮੋਟਰਸਾਈਕਲ ਫਿਸਲਣ ਕਾਰਨ ਤਿੰਨੋਂ ਡਿੱਗਣ ਗਏ ਤੇ ਉਨ੍ਹਾਂ ‘ਚੋਂ ਇਕ ਦੇ ਉਪਰੋਂ ਟਿੱਪਰ ਲੰਘ ਗਿਆ। ਆਲਮ (35) ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਅਜੀਜ ਤੇ ਸੋਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ‘ਤੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਅਗਰੋਹਾ ਮੈਡੀਕਲ ਕਾਲਜ ਵਿੱਚ ਰੈਫ਼ਰ ਕਰ ਦਿੱਤਾ ਗਿਆ। ਮ੍ਰਿਤਕ ਤੇ ਜ਼ਖ਼ਮੀ ਮਜਦੂਰ ਬਿਹਾਰ ਦੇ ਕਿਸ਼ਨਗੜ੍ਹ ਦੇ ਦੱਸੇ ਗਏ ਹਨ। ਆਲਮ ਪੰਜ ਬੱਚਿਆਂ ਦਾ ਪਿਤਾ ਸੀ। ਦੂਜੇ ਪਾਸੇ ਹਾਦਸੇ ਦੀ ਸੁੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ‘ਤੇ ਪੁੱਜੀ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਪੁਲੀਸ ਨੇ ਮੋਟਰਸਾਈਕਲ ਤੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭੀ ਹੈ। ਪੁਲੀਸ ਨੇ ਹਾਦਸੇ ਵਾਲੀ ਥਾਂ ਤੋਂ ਮਜ਼ਦੂਰਾਂ ਦੀਆਂ ਚੱਪਲਾਂ ਵੀ ਬਰਾਮਦ ਕੀਤੀਆਂ ਹਨ। ਪਿੰਡ ਰੈਣਵਾਲੀ ਦੇ ਕਿਸਾਨਾਂ ਨੇ ਦੱਸਿਆ ਕਿ ਪੁਲ ਤੰਗ ਹੈ। ਮੀਂਹ ਪੈਣ ਕਰਕੇ ਮੋਟਰਸਾਈਕਲ ਦੀ ਬ੍ਰੇਕ ਲਾਉਣ ਕਾਰਨ ਮੋਟਰਸਾਈਕਲ ਫਿਸਲ ਗਿਆ ਤੇ ਦੁੂਜੇ ਪਾਸੇ ਤੋਂ ਆ ਰਹੇ ਟਿੱਪਰ ਹੇਠ ਆਉਣ ਕਾਰਨ ਮੋਟਰਸਾਈਕਲ ਸਵਾਰ ਆਲਮ ਦੀ ਮੌਤ ਹੋ ਗਈ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।