ਕਿਰਤ ਦੇ ਮੁੱਲ ਤੋਂ ਅਣਜਾਣ ਕਿਰਤੀ
ਔਨਿੰਦੀਓ ਚੱਕਰਵਰਤੀ*
ਸਾਡੇ ਘਰ ਵਿੱਚ ਲੱਕੜ ਦਾ ਕੰਮ ਕਰਨ ਆਉਂਦਾ ਮਨੋਜ ਇੱਕ ਮਾਹਿਰ ਕਾਰੀਗਰ ਹੈ। ਕੋਈ ਵੀ ਡਿਜ਼ਾਈਨ ਉਸ ਨੂੰ ਇੱਕ ਵਾਰ ਦਿਖਾ ਦੇਵੋ, ਉਸ ਦੀ ਹੂ-ਬ-ਹੂ ਨਕਲ ਤਿਆਰ ਕਰ ਕੇ ਤੁਹਾਨੂੰ ਦੇ ਦੇਵੇਗਾ। ਲੱਕੜ ਦੇ ਕੰਮ ਦਾ ਉਹ ਜਿੰਨਾ ਮਾਹਿਰ ਹੈ, ਆਪਣੇ ਲਾਗਤੀ ਹਿਸਾਬ ਕਿਤਾਬ ਤੋਂ ਉਹ ਓਨਾ ਹੀ ਅਣਜਾਣ ਹੈ। ਥੋੜ੍ਹਾ ਜ਼ੋਰ ਪਾ ਕੇ ਕਹੋ ਤਾਂ ਉਹ ਤੁਹਾਨੂੰ ਦੱਸੇਗਾ ਕਿ ਲੱਕੜ ਤੇ ਹੋਰ ਸਮੱਗਰੀ ਕਿੰਨੇ ਦੀ ਪਵੇਗੀ, ਪਰ ਜਦੋਂ ਉਸ ਤੋਂ ਉਸ ਦੇ ਲੇਬਰ ਖਰਚੇ ਬਾਰੇ ਪੁੱਛੋ ਤਾਂ ਉਹ ਮੁਸਕਰਾ ਕੇ ਉੱਕੇ ਪੁੱਕੇ ਪੈਸੇ ਪਾ ਦੇਵੇਗਾ। ਅਸਲ ਵਿੱਚ ਮਨੋਜ ਨੂੰ ਇਸ ਗੱਲ ਦੀ ਸੋਝੀ ਹੀ ਨਹੀਂ ਕਿਸੇ ਕੰਮ ‘ਤੇ ਉਸ ਦਾ ਕਿੰਨਾ ਸਮਾਂ ਖਰਚ ਹੁੰਦਾ ਹੈ। ਉਂਝ, ਜਦੋਂ ਕਦੇ ਉਸ ਨੂੰ ਕੋਈ ਹੋਰ ਕਾਰੀਗਰ ਰੱਖਣਾ ਪੈਂਦਾ ਹੈ ਤਾਂ ਉਹ ਉਸ ਦੇ ਖਰਚੇ ਦਾ ਹਿਸਾਬ ਚੰਗੀ ਤਰ੍ਹਾਂ ਕਰ ਲੈਂਦਾ ਹੈ -ਮਤਲਬ ਕੰਮ ਲਈ ਕਿੰਨੇ ਦਿਨ ਲੱਗਣਗੇ ਤੇ ਉਸ ਦੀ ਕਿੰਨੀ ਦਿਹਾੜੀ ਬਣੇਗੀ।
ਮਨੋਜ ਆਪਣੇ ਵੱਲੋਂ ਲਾਏ ਗਏ ਆਪਣੇ ਸਮੇਂ ਦੀ ਕੀਮਤ ਅਤੇ ਬੁਲਾਏ ਗਏ ਕਿਸੇ ਹੋਰ ਕਾਰੀਗਰ ਦੇ ਸਮੇਂ ਦੀ ਕੀਮਤ ਵਿਚਕਾਰ ਸਾਫ਼ ਫ਼ਰਕ ਰੱਖਦਾ ਹੈ ਹਾਲਾਂਕਿ ਕੀਤੇ ਗਏ ਕੰਮ ਵਿੱਚ ਕੋਈ ਫ਼ਰਕ ਨਹੀਂ ਹੁੰਦਾ। ਜੋ ਦਿਹਾੜੀ ਉਹ ਕਿਸੇ ਦੂਜੇ ਕਾਰੀਗਰ ਨੂੰ ਅਦਾ ਕਰਦਾ ਹੈ, ਉਸ ਹਿਸਾਬ ਨਾਲ ਉਹ ਕਦੇ ਆਪਣੀ ਦਿਹਾੜੀ ਹਾਸਲ ਨਹੀਂ ਕਰ ਪਾਉਂਦਾ। ਇਸ ਤਰ੍ਹਾਂ ਦੇ ਵਿਹਾਰ ਦੇ ਦੋ ਬੁਨਿਆਦੀ ਪਹਿਲੂ ਹੁੰਦੇ ਹਨ ਅਤੇ ਇਹ ਦੋਵੇਂ ਖ਼ਾਸਕਰ ਉਨ੍ਹਾਂ ਅਰਥਚਾਰਿਆਂ ਅੰਦਰ ਪ੍ਰਚੱਲਤ ਹਨ ਜਿੱਥੇ ਪੂੰਜੀ-ਕਿਰਤ ਸਬੰਧਾਂ ਦੇ ਨਾਲੋ-ਨਾਲ ਗ਼ੈਰ-ਪੂੰਜੀਵਾਦੀ ਉਤਪਾਦਨ ਸਬੰਧ ਵੀ ਚੱਲਦੇ ਹਨ। ਪਹਿਲਾ ਪਹਿਲੂ ਹੈ ਸਵੈ-ਸ਼ੋਸ਼ਣ ਜਾਂ ਬਾਹਰੀ ਪੈਮਾਨਾ ਮੌਜੂਦ ਹੋਣ ਦੇ ਬਾਵਜੂਦ ਆਪਣੀ ਹੀ ਕਿਰਤ ਸ਼ਕਤੀ ਦਾ ਘੱਟ ਮੁੱਲ ਪਾਉਣਾ। ਦੂਜਾ ਹੈ ਉਹ ਫ਼ਰਕ ਜੋ ਇੱਕ ਛੋਟਾ ਉਤਪਾਦਕ ਆਪਣੀ ਕਿਰਤ ਸ਼ਕਤੀ ਅਤੇ ਆਪਣੇ ਵੱਲੋਂ ਰੱਖੇ ਮਜ਼ਦੂਰਾਂ ਦੀ ਕਿਰਤ ਸ਼ਕਤੀ ਵਿਚਕਾਰ ਕਰਦਾ ਹੈ। ਬਰਤਾਨਵੀ ਇਤਿਹਾਸਕਾਰ ਈਪੀ ਟੌਮਸਨ ਆਪਣੇ ਮਸ਼ਹੂਰ ਲੇਖ ‘ਟਾਈਮ, ਵਰਕ ਡਿਸਿਪਲਨ ਐਂਡ ਇੰਡਸਟ੍ਰੀਅਲ ਕੈਪੀਟਲਿਜ਼ਮ’ ਵਿੱਚ ਇਸ ਬਾਰੇ ਲਿਖਦੇ ਹੋਏ ਖੁਲਾਸਾ ਕਰਦੇ ਹਨ ਕਿ ਕਿਵੇਂ ਇੰਗਲੈਂਡ ਵਿੱਚ ਸਨਅਤੀ ਪੂੰਜੀਵਾਦ ਦੇ ਉਭਾਰ ਹੋਣ ਨਾਲ ਹੀ ਕੰਮ ਦੀ ਸਮਾਂ ਕੀਮਤ, ਉਤਪਾਦਕਤਾ ਅਤੇ ਆਰਥਿਕ ਬਿਹਤਰੀ ਦੇ ਸੰਕਲਪਾਂ ਦਾ ਵਿਕਾਸ ਹੋਇਆ ਸੀ। ਇਸ ਤੋਂ ਪਹਿਲਾਂ ਕੰਮ ਟੀਚਾ ਮੁਖੀ ਹੁੰਦਾ ਸੀ ਜਦਕਿ ਪੂੰਜੀਵਾਦ ਅਧੀਨ ਸਮਾਂ ਮੁਖੀ ਕੰਮ ਦਾ ਨੇਮ ਪ੍ਰਚੱਲਤ ਹੋਇਆ।
ਉਂਝ, ਉਹ ਅਠਾਰਵੀਂ ਸਦੀ ਦਾ ਇੰਗਲੈਂਡ ਸੀ ਤੇ ਇਹ ਇੱਕੀਵੀਂ ਸਦੀ ਦਾ ਭਾਰਤ ਹੈ। ਇੰਗਲੈਂਡ ਵਿੱਚ ਉੰਨੀਵੀਂ ਸਦੀ ਦੇ ਮੱਧ ਤੱਕ ਟੀਚਾ ਮੁਖੀ ਅਤੇ ਸਮੇਂ ਦੀ ਅਣਹੋਂਦ ਦਾ ਅਨੁਸ਼ਾਸਨ ਪੂਰੀ ਤਰ੍ਹਾਂ ਗਾਇਬ ਹੋ ਗਿਆ ਸੀ ਜਿਸ ਨਾਲ ਸਰਬਵਿਆਪੀ ਅਤੇ ਨਿਰਪੇਖ ਇਕਸਾਰ ਕਿਰਤ ਦਾ ਉਭਾਰ ਹੋਇਆ ਜੋ ਇੱਕ ਮਿਆਰੀ ਰੂਪ ਵਿੱਚ ਕਿਸੇ ਇੱਕ ਸਨਅਤ ਤੋਂ ਦੂਜੀ ਵਿੱਚ ਤਬਦੀਲ ਹੋ ਸਕਦੀ ਸੀ। ਜਿਵੇਂ ਜਿਵੇਂ ਕਾਮਿਆਂ ਨੂੰ ਆਪਣੇ ਮਾਲਕ ਲਈ ਕੰਮ ਕਰਦਿਆਂ ਬਿਤਾਏ ਸਮੇਂ ਦੇ ਲਿਹਾਜ਼ ਨਾਲ ਆਪਣੀ ਕਿਰਤ ਦੇ ਮੁੱਲ ਦਾ ਆਭਾਸ ਹੁੰਦਾ ਗਿਆ ਤਾਂ ਉਨ੍ਹਾਂ ਇਕਸਾਰ ਉਜਰਤਾਂ, ਓਵਰਟਾਈਮ ਤਨਖ਼ਾਹ, ਕਮਾਈ ਛੁੱਟੀ ਅਤੇ ਕਈ ਹੋਰ ਮੰਗਾਂ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਹੁਣ ਅਸੀਂ ਆਮ ਕੰਮਕਾਜੀ ਹਾਲਤਾਂ ਵਜੋਂ ਜਾਣਦੇ ਹਾਂ।
ਪੂੰਜੀਵਾਦ ਲਈ ਇੱਕ ਸਿਆਸੀ ਪ੍ਰਣਾਲੀ ਵਜੋਂ ਵਧਣ ਫੁੱਲਣ ਵਾਸਤੇ ਇਸ ਦਾ ‘ਖੜਵੇਂ ਰੂਪ ਵਿੱਚ ਗਤੀਸ਼ੀਲਤਾ'(vertical mobility) ਦਾ ਵਾਅਦਾ ਕਾਇਮ ਰੱਖਣਾ ਜ਼ਰੂਰੀ ਸੀ। ਵਰਕਰਾਂ ਨੂੰ ਇਹ ਵਿਸ਼ਵਾਸ ਕਰਨਾ ਪੈਂਦਾ ਸੀ ਕਿ ਜੇ ਉਹ ਕੁਝ ਪੈਸਾ ਬਚਾ ਕੇ ਜੋੜਨ ਦੇ ਯੋਗ ਹੋ ਜਾਂਦੇ ਹਨ ਤਾਂ ਉਨ੍ਹਾਂ ਕੋਲ ਇਸ ਨੂੰ ਪੂੰਜੀ ਵਜੋਂ ਇਸਤੇਮਾਲ ਕਰਨ ਦਾ ਮੌਕਾ ਹੋਵੇਗਾ। ਇਸ ਦਾ ਇੱਕ ਤਰੀਕਾ ਇਹ ਸੀ ਕਿ ਕੰਮ ਲਈ ਲਾਇਆ ਜਾਣ ਵਾਲਾ ਸਮਾਂ ਵਧਾ ਦਿੱਤਾ ਜਾਵੇ ਜਾਂ ਆਪਣੇ ਹੁਨਰ ਵਿੱਚ ਸੁਧਾਰ ਕੀਤਾ ਜਾਵੇ ਜਿਵੇਂ ਕਿ ਕਿਸੇ ਮਾਹਿਰ ਕਾਮੇ ਦੀ ਕਿਰਤ ਸ਼ਕਤੀ ਦੇ ਸਮੇਂ ਦੀ ਹਰੇਕ ਇਕਾਈ ਕਿਸੇ ਘੱਟ ਹੁਨਰਮੰਦ ਕਾਮੇ ਦੀ ਕਿਰਤ ਸ਼ਕਤੀ ਦੇ ਸਮੇਂ ਦੀਆਂ ਕਈ ਇਕਾਈਆਂ ਦੇ ਬਰਾਬਰ ਗਿਣੀ ਜਾਂਦੀ ਹੈ। ਕਿਉਂਜੋ ਕਿਸੇ ਕਾਮੇ ਦੀ ਕਿਰਤ ਸ਼ਕਤੀ ਦਾ (ਮੰਡੀ) ਮੁੱਲ ਉਸ ਕਾਮੇ ਵੱਲੋਂ ਖਪਤਕਾਰੀ ਵਸਤਾਂ ਦੇ ਉਤਪਾਦਨ ਲਈ ਲਾਇਆ ਜਾਂਦਾ ਸਮਾਂ ਹੁੁੰਦਾ ਹੈ, ਦੂਜੇ ਸ਼ਬਦਾਂ ਵਿੱਚ ਉਹ ਕਾਮੇ ਜਦੋਂ ਅਗਲੇ ਦਿਨ ਕਿਰਤ ਮੰਡੀ ਵਿੱਚ ਜਾਂਦਾ ਹੈ ਤਾਂ ਆਪਣੀ ਕਿਰਤ ਸ਼ਕਤੀ ਨੂੰ ਮੁੜ ਉਤਪਾਦਤ ਕਰਦਾ ਹੈ ਤੇ ਇੰਝ ਹੁਨਰਮੰਦ ਕਿਰਤ ਨਾਲ ਕਾਮੇ ਬੱਚਤ ਅਤੇ ਇਕੱਤਰ ਕਰਨ ਦੇ ਯੋਗ ਬਣਦੇ ਹਨ। ਇਸ ਨਾਲ ਇਹ ਭਰੋਸਾ ਬੱਝਦਾ ਹੈ ਕਿ ਉਹ ਖੁਦ ਵੀ ਇੱਕ ਦਿਨ ਪੂੰਜੀਪਤੀ ਬਣ ਸਕਦੇ ਹਨ। ਇਸ ਲਈ ਪੂੰਜੀਵਾਦ ਉਮੀਦ ਤੇ ਖਾਹਸ਼ ਉਪਜਾਉਂਦਾ ਹੈ। ਇਹ ਕਾਮੇ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੀ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕਰਦਾ ਹੈ।
ਆਜ਼ਾਦੀ ਵੇਲੇ ਭਾਰਤ ਦੇ ਸੱਤਾਧਾਰੀ ਕੁਲੀਨ ਅਵਾਮ ਅੰਦਰ ਪੂੰਜੀਵਾਦੀ ਸਮੇਂ ਦੇ ਅਨੁਸ਼ਾਸਨ ਦਾ ਸੰਚਾਰ ਕਰਨ ਨੂੰ ਮਹੱਤਵ ਦਿੰਦੇ ਸਨ। ਭਾਰਤ ਦੇ ਕੁਝ ਮੋਹਰੀ ਸਨਅਤਕਾਰਾਂ ਵੱਲੋਂ ਤਿਆਰ ਕੀਤੀ ਗਈ ਤਥਾ ਕਥਿਤ ‘ਬੰਬੇ ਪਲੈਨ’ ਵਿੱਚ ਉਚੇਰੀ ਕਿਰਤ ਉਤਪਾਦਕਤਾ ਅਤੇ ਜੀਵਨ ਦੇ ਬਿਹਤਰ ਮਿਆਰਾਂ ਵਿਚਕਾਰ ਸਬੰਧ ਨੂੰ ਰੇਖਾਂਕਤ ਕੀਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਸੀ ”ਵਧੇਰੇ ਕੁਸ਼ਲਤਾ ਦੇ ਇਵਜ਼ ਵਿੱਚ ਕਾਮਿਆਂ ਨੂੰ ਉਨ੍ਹਾਂ ਦੀ ਆਮਦਨ ਵਿੱਚ ਉਸੇ ਤਰ੍ਹਾਂ ਦੇ ਵਾਧੇ ਦੇ ਰੂਪ ਵਿੱਚ ਫ਼ਲ ਉਪਲੱਬਧ ਹੋਵੇਗਾ।” ਬਸਤੀਵਾਦੀ ਦੌਰ ਤੋਂ ਬਾਅਦ ਦੇ ਅਰਸੇ ਦੌਰਾਨ ਸਟੇਟ/ਰਿਆਸਤ ਦੀ ਅਗਵਾਈ ਹੇਠ ਅਤੇ ਪ੍ਰਾਈਵੇਟ ਪੂੰਜੀ ਦੀ ਸਹਾਇਤਾ ਨਾਲ ਇੱਕ ਆਧੁਨਿਕ ਸਨਅਤੀ ਅਰਥਚਾਰਾ ਉਸਾਰਨ ਦੇ ਪ੍ਰਾਜੈਕਟ ਦਾ ਮੁੱਢਲਾ ਆਧਾਰ ਸੀ। ਜ਼ਿਮੀਂਦਾਰੀ ਪ੍ਰਣਾਲੀ ਦੇ ਖਾਤਮੇ ਨਾਲ ਬੰਧੂਆ ਮਜ਼ਦੂਰਾਂ ਨੂੰ ਖੇਤੀ ਛੱਡ ਕੇ ਫੈਕਟਰੀਆਂ ਵਿੱਚ ਕੰਮ ਕਰਨ ਦੀ ਖੁੱਲ੍ਹ ਮਿਲੀ, ਕਾਮਿਆਂ ਨੂੰ ਉਨ੍ਹਾਂ ਦੀ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਅਤੇ ਮਸ਼ੀਨੀ ਅਨੁਸ਼ਾਸਨ ਸਿੱਖਣ ਦੀ ਸਿਖਲਾਈ ਦਿੱਤੀ ਗਈ। ਇਹ ਸਭ ਕੁਝ ਇੱਕ ਆਧੁਨਿਕ ਤੇ ਵਿਕਸਤ ਅਰਥਚਾਰੇ ਨੂੰ ਉਸਾਰਨ ਦੀ ਪ੍ਰਕਿਰਿਆ ਦਾ ਹਿੱਸਾ ਸੀ।
ਸਾਰੇ ਪੱਖਾਂ ਤੋਂ ਵੇਖਿਆ ਜਾਵੇ ਤਾਂ ਨਹਿਰੂਵਾਦੀ ਸਮਾਜਵਾਦ ਅਤੇ ਖੁੱਲ੍ਹੀ ਮੰਡੀ ਦੇ ਸੁਧਾਰ ਦੋਵੇਂ ਇਹ ਟੀਚਾ ਹਾਸਲ ਕਰਨ ਵਿੱਚ ਨਾਕਾਮ ਰਹੇ ਹਨ। ਜਦੋਂ ਸਵੈ-ਕਿਰਤ ਦਾ ਸਵਾਲ ਆਉਂਦਾ ਹੈ ਤਾਂ ਸਮੇਂ ਦੇ ਅਨੁਸ਼ਾਸਨ ਦਾ ਆਭਾਸ ਨਾ ਹੋਣ ਦਾ ਅਹਿਸਾਸ ਇਕੱਲੇ ਮਨੋਜ ਦਾ ਮਸਲਾ ਨਹੀਂ ਹੈ। ਸਮੇਂ ਦੀ ਸੋਝੀ ਵਿੱਚ ਨਿਰੰਤਰ ਨਿਘਾਰ ਆਉਣ ਦੇ ਤਿੰਨ ਕਾਰਨ ਹਨ; ਪਹਿਲਾ, ਆਜ਼ਾਦੀ ਤੋਂ 75 ਸਾਲਾਂ ਬਾਅਦ ਵੀ ਇੱਕ ਤਿਹਾਈ ਤੋਂ ਜ਼ਿਆਦਾ ਰੁਜ਼ਗਾਰ ਹਾਲੇ ਵੀ ਖੇਤੀਬਾੜੀ ‘ਚੋਂ ਮਿਲਦਾ ਹੈ ਜਿੱਥੇ ਕੰਮ ਦੀ ਚਾਲ ਸੂਰਜ ਦੀ ਗਤੀ ਅਤੇ ਖੇਤੀਬਾੜੀ ਰੁੱਤਾਂ ਨਾਲ ਨਿਰਧਾਰਤ ਹੁੰਦੀ ਹੈ। ਦੂਜਾ ਕਾਰਨ ਇਹ ਹੈ ਕਿ ਕੰਮਕਾਜੀ ਉਮਰ ਵਰਗ ਦੇ 40 ਫ਼ੀਸਦ ਤੋਂ ਘੱਟ ਭਾਰਤੀ ਕਾਮਿਆਂ ਕੋਲ ਦਿਹਾੜੀ ਦੱਪੇ ਵਾਲਾ ਰੁਜ਼ਗਾਰ ਹੀ ਹੁੰਦਾ ਹੈ, ਪੱਕੀ ਉਜਰਤ ਵਾਲਾ ਰੁਜ਼ਗਾਰ ਨਹੀਂ ਮਿਲਦਾ। ਆਖਰੀ ਇਹ ਕਿ ਸਾਡੇ ਅਰਥਚਾਰੇ ਅੰਦਰ ਜਿਹੋ ਜਿਹਾ ਰੁਜ਼ਗਾਰ ਮਿਲ ਰਿਹਾ ਹੈ, ਉਸ ਨਾਲ ਕਾਮਿਆਂ ਅੰਦਰ ਪੂੰਜੀਵਾਦੀ ਸਮੇਂ ਦਾ ਅਨੁਸ਼ਾਸਨ ਅਤੇ ਖਾਹਸ਼ਾਂ ਦਾ ਉਭਾਰ ਰੁਕ ਗਿਆ ਹੈ।
ਸਭ ਤੋਂ ਪਹਿਲਾਂ ਨਿਰਮਾਣ ਖੇਤਰ ਅੰਦਰ ਇਹ ਪੂੰਜੀਵਾਦੀ ਨੇਮ ਵਿਕਸਤ ਹੋਏ ਸਨ ਉੱਥੇ ਹੁਣ ਕੁੱਲ ਰੁਜ਼ਗਾਰ ਦਾ ਮਸਾਂ ਦਸ ਕੁ ਫ਼ੀਸਦ ਹਿੱਸਾ ਹੀ ਰਹਿ ਗਿਆ ਹੈ ਜਦਕਿ ਵੱਡਾ ਹਿੱਸਾ ਗ਼ੈਰਜਥੇਬੰਦ ਖੇਤਰ ਵਿੱਚ ਹੈ। ਛੇ ਵਿੱਚੋਂ ਕਰੀਬ ਇੱਕ ਕਾਮਾ ਉਸਾਰੀ ਵਿੱਚ ਲੱਗਿਆ ਹੋਇਆ ਹੈ ਜਿੱਥੇ ਆਮ ਤੌਰ ‘ਤੇ ਗ਼ੈਰਹੁਨਰਮੰਦ ਜਾਂ ਸਰੀਰਕ ਮੁਸ਼ੱਕਤ ਵਾਲਾ ਕੰਮ ਹੁੰਦਾ ਹੈ। ਹਾਲਾਂਕਿ ਉਸਾਰੀ ਕਾਮਿਆਂ ਨੂੰ ਦਿਹਾੜੀ ਦਿੱਤੀ ਜਾਂਦੀ ਹੈ, ਪਰ ਉਨ੍ਹਾਂ ਦੇ ਲੇਬਰ ਟਾਈਮ ਉੱਪਰ ਠੇੇਕੇਦਾਰਾਂ ਦਾ ਪੂਰਾ ਕੰਟਰੋਲ ਹੁੰਦਾ ਹੈ। ਕੁੱਲ ਰੁਜ਼ਗਾਰ ਦਾ ਲਗਭਗ ਵੀਹ ਫ਼ੀਸਦ ਹਿੱਸਾ ਪ੍ਰਚੂਨ ਕਾਰੋਬਾਰ ਵਿੱਚ ਲੱਗਿਆ ਹੋਇਆ ਹੈ, ਪਰ ਇਨ੍ਹਾਂ ‘ਚੋਂ ਜ਼ਿਆਦਾਤਰ ਕਾਮੇ ਖੋਖੇ ਜਾਂ ਛੋਟੀਆਂ ਦੁਕਾਨਾਂ ਚਲਾਉਂਦੇ ਹਨ ਅਤੇ ਪਰਿਵਾਰਕ ਲੇਬਰ ਦੀ ਵਰਤੋਂ ਕਰਦੇ ਹਨ ਜਿੱਥੇ ਸਮਾਂ ਆਧਾਰਿਤ ਉਜਰਤ ਦਾ ਕੋਈ ਮਤਲਬ ਨਹੀਂ ਹੁੰਦਾ। ਪੰਜ ਫ਼ੀਸਦ ਕਾਮੇ ਪਲੰਬਰ, ਇਲੈੱਕਟ੍ਰੀਸ਼ਨ, ਨਾਈ, ਸੁਰੱਖਿਆ ਗਾਰਡ ਤੇ ਘਰੇਲੂ ਨੌਕਰ ਆਦਿ ਦੇ ਰੂਪ ਵਿੱਚ ਗ਼ੈਰ-ਪੇਸ਼ੇਵਰ ਨਿੱਜੀ ਸੇਵਾਵਾਂ ਮੁਹੱਈਆ ਕਰਾਉਂਦੇ ਹਨ ਜਿੱਥੇ ਉਨ੍ਹਾਂ ਦੀ ਕਮਾਈ ਵਕਤੀ ਕੰਮ ‘ਤੇ ਮੁਨੱਸਰ ਕਰਦੀ ਹੈ।
ਪੂੰਜੀਵਾਦੀ ਸਮੇਂ ਦੇ ਅਨੁਸ਼ਾਸਨ ਅਤੇ ਸਮੇਂ ਦੇ ਆਧਾਰ ‘ਤੇ ਉਜਰਤਾਂ ਦੀ ਅਣਹੋਂਦ ਦੇ ਕਾਫ਼ੀ ਅਹਿਮ ਸਭਿਆਚਾਰਕ ਸਿੱਟੇ ਨਿਕਲਦੇ ਹਨ। ਇਸ ਨਾਲ ਕੰਮ ਦੇ ਆਧਾਰ ‘ਤੇ ਉਮੀਦਾਂ ਜਗਾਉਣ ਦੀ ਰੁਚੀ ਵੀ ਘਟ ਜਾਂਦੀ ਹੈ ਸਗੋਂ ਲੰਮਾ ਸਮਾਂ ਬੇਰੁਜ਼ਗਾਰ ਰਹਿਣ ਨਾਲ ਉਹ ਕੰਮ ਦੀ ਤਲਾਸ਼ ਕਰਨਾ ਵੀ ਛੱਡ ਦਿੰਦੇ ਹਨ। ਖੇਤੀਬਾੜੀ ਦਾ ਕੰਮ ਕਾਜ ਛੱਡ ਕੇ ਗ਼ੈਰ ਖੇਤੀ ਰੁਜ਼ਗਾਰ ਦੀ ਤਲਾਸ਼ ਕਰਨ ਵਾਲੇ ਕਾਮੇ ਵਾਪਸ ਪਿੰਡ ਪਰਤ ਜਾਂਦੇ ਹਨ ਅਤੇ ਉਨ੍ਹਾਂ ਨੂੰ ਮੁੜ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣਾ ਪੈਂਦਾ ਹੈ। ਲੋਕ ਇਸ ਨੂੰ ਆਪਣੀ ਕਿਸਮਤ ਦੀ ਹੋਣੀ ਸਮਝ ਲੈਂਦੇ ਹਨ। ਦਿਨ ਕਟੀ ਲਈ ਉਹ ਸਰਕਾਰੀ ਇਮਦਾਦ ‘ਤੇ ਗੁਜ਼ਾਰਾ ਕਰਦੇ ਹਨ ਅਤੇ ਇਸ ਲਈ ਵੀ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਜਥੇਬੰਦ ਹੋਣਾ ਪੈਂਦਾ ਹੈ। ਇਸੇ ਕਰ ਕੇ ਰੁਜ਼ਗਾਰ ਦੀ ਬਜਾਏ ਸਰਕਾਰੀ ਇਮਦਾਦ ਮੌਜੂਦਾ ਦੌਰ ਦੀ ਰਾਜਨੀਤੀ ਦੀ ਮੁੱਖ ਸੰਚਾਲਕ ਬਣ ਗਈ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਸੀਨੀਅਰ ਸਮੀਖਿਅਕ ਹੈ।