ਮਜ਼ਦੂਰ ਖ਼ੁਦਕੁਸ਼ੀ ਮਾਮਲਾ: ਕੌਂਸਲਰ ਦੀ ਗ੍ਰਿਫ਼ਤਾਰੀ ਲਈ ਥਾਣਾ ਘੇਰਿਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਸਤੰਬਰ
ਇਥੇ ਸ਼ਹਿਰ ਦੀ ਪੁਰਾਣੀ ਆਬਾਦੀ ਪੁਰਾਣਾ ਮੋਗਾ ਵਿਚ ਮਜ਼ਦੂਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਨਾਮਜ਼ਦ ਤੇ ਹਾਕਮ ਧਿਰ ਦੇ ਕੌਂਸਲਰ ਦੀ ਗ੍ਰਿਫ਼ਤਾਰੀ ਲਈ ਮ੍ਰਿਤਕ ਦੀ ਸੱਜ ਵਿਆਹੀ ਪਤਨੀ ਨੇ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਨਾਲ ਧਰਨਾ ਦਿੱਤਾ। ਮਜ਼ਦੂਰ ਦਾ 25 ਦਿਨ ਪਹਿਲਾਂ ਵਿਆਹ ਹੋਇਆ ਸੀ। ਡੀਐੱਸਪੀ ਰਾਵਿੰਦਰ ਸਿੰਘ ਤੇ ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਕੌਂਸਲਰ ਬੂਟਾ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ। ਇਸ ਭਰੋਸੇ ਮਗਰੋਂ ਪੀੜਤ ਪਰਿਵਾਰ ਮਜ਼ਦੂਰ ਦਵਿੰਦਰ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਲਈ ਰਜ਼ਾਮੰਦ ਹੋ ਗਿਆ ਅਤੇ ਧਰਨਾ ਖ਼ਤਮ ਕਰ ਦਿੱਤਾ। ਮ੍ਰਿਤਕ ਮਜ਼ਦੂਰ ਦੇ ਪਿਤਾ ਬਸੰਤ ਸਿੰਘ ਨੇ ਕਿਹਾ ਕਿ ਕੌਂਸਲਰ ਬੂਟਾ ਸਿੰਘ ਅਤੇ ਸਿਪਾਹੀ ਉਸ ਦੇ ਪੁੱਤਰ ਨੂੰ 11 ਹਜ਼ਾਰ ਰੁਪਏ ਦੇਣ ਲਈ ਕਥਿਤ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਸਨ ਅਤੇ ਧਮਕੀ ਦਿੰਦੇ ਸਨ। ਉਸ ਦਾ ਪੁੱਤਰ ਮਜ਼ਦੂਰੀ ਕਰਦਾ ਸੀ ਤੇ ਪਰਿਵਾਰ ਪਹਿਲਾਂ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਿਹਾ ਹੈ। ਦਵਿੰਦਰ ਸਿੰਘ ਦਾ ਕਰੀਬ 25 ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਮਜ਼ਦੂਰੀ ਕਰ ਕੇ ਵਾਪਸ ਆਇਆ ਤਾਂ ਘਰ ਦੀ ਛੱਤ ਉੱਤੇ ਚੜ੍ਹ ਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪ੍ਰਬੰਧ ਨਾ ਹੋਣ ਕਰਕੇ ਉਸ ਨੂੰ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਂਚ ’ਚ ਪੁਲੀਸ ਮੁਲਾਜ਼ਮ ਦਾ ਨਾਂ ਸਾਹਮਣੇ ਆਇਆ: ਥਾਣਾ ਮੁਖੀ
ਥਾਣਾ ਮੁਖੀ ਇਕਬਾਲ ਹੁਸੈਨ ਤੇ ਜਾਂਚ ਅਧਿਕਾਰੀ ਏਐੱਸਆਈ ਰਾਜਬੀਰ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਕਿ ਜਾਂਚ ਵਿੱਚ ਪੁਲੀਸ ਮੁਲਾਜ਼ਮ ਦਾ ਨਾਂ ਸਾਹਮਣੇ ਆਇਆ ਹੈ, ਜਿਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ।