For the best experience, open
https://m.punjabitribuneonline.com
on your mobile browser.
Advertisement

ਲੇਬਰ ਚੌਕ

08:50 AM Apr 25, 2024 IST
ਲੇਬਰ ਚੌਕ
Advertisement

ਕਰਮਜੀਤ ਸਕਰੁੱਲਾਂਪੁਰੀ

Advertisement

ਮੈਂ ਇਹ ਕਵਿਤਾ ਨਹੀਂ ਲਿਖਣੀ ਚਾਹੁੰਦਾ।
ਪਰ...
ਜਦੋਂ ਕਦੇ ਵੀ ਉਧਰੋਂ, ਚੌਕ ਵੱਲੋਂ ਲੰਘਦਾ ਹਾਂ..
ਇਹ ਕਵਿਤਾ ਸਿਰ ਚੁੱਕ ਲੈਂਦੀ ਹੈ...
ਮੈਂ ਜ਼ੋਰ ਨਾਲ ਦਬਾ ਦਿੰਦਾ ਹਾਂ, ਇਸਨੂੰ ਅਕਸਰ ਹੀ।

Advertisement

ਪਤੈ ਕਿਉਂ??
ਕਵਿਤਾ ਚਾਹੁੰਦੀ ਐ,
ਮੈਂ ਸਾਰੇ ਮਜ਼ਦੂਰਾਂ ਨੂੰ ਦੱਸਾਂ,
ਬਈ...
‘‘...ਹੇ ਮਜ਼ਦੂਰ - ਕਿਰਤੀ ਵੀਰੋ!
ਥੋਡੇ ਕੋਲ ਅਥਾਹ ਤਾਕਤ ਹੈ,
ਥੋਡੇ ਹਥੌੜੇ ਵਰਗੇ ਹੱਥ ਜੇ ਪਹਾੜਾਂ ਨੂੰ ਕਰ ਸਕਦੇ ਹਨ ਪੱਧਰਾ
ਤਾਂ ਲੋਟੂ ਤਾਜ-ਓ-ਤਖ਼ਤ ਕਿਹੜੇ ਬਾਗ ਦੀ ਮੂਲੀ ਐ?
“...ਜੇ ਤੁਸੀਂ ਹੋਰਾਂ ਲਈ ਮਹਿਲ ਬਣਾ ਦਿੰਦੇ ਹੋ
ਖ਼ੁਦ ਝੁੱਗੀਆਂ ’ਚ ਦਿਨ ਕਟੀ ਕਿਉਂ ਕਰਦੇ ਓ?”
“...ਤੁਹਾਡਾ ਪਸੀਨਾ ਸੁਕਣ ਤੋਂ ਪਹਿਲਾਂ-ਪਹਿਲਾਂ ਚਾਹੀਦੀ ਹੈ ਮਿਲਣੀ ਮਜ਼ਦੂਰੀ!”
“...ਸੜਕਾਂ ਬਣਾਉਣ ਵਾਲਿਓ! ਸੜਕਾਂ ’ਤੇ ਸਭ ਤੋਂ ਵੱਡਾ ਹੱਕ ਤੁਹਾਡਾ ਹੈ!”
ਪਰ ਤੁਸੀਂ ਕਦੇ ਲੰਘਦੇ ਹੀ ਨਹੀਂ ਦੁਬਾਰਾ ਇਸ ਤੋਂ।
“ਸਕੂਲਾਂ-ਕਾਲਜਾਂ ਨੂੰ ਬਣਾਉਣ ਵਾਲਿਓ!
ਤੁਹਾਡੇ ਬੱਚੇ ਉੱਥੇ ਕਦੋਂ ਜਾਣਗੇ!”
“ਖੇਤਾਂ ਦੇ ਪੁੱਤਰੋ!
ਸਪਰੇਹਾਂ ਤੁਹਾਡੇ ਲਈ ਨਹੀਂ, ਫ਼ਸਲਾਂ ਵਾਸਤੇ ਹਨ।”

ਕਵਿਤਾ ਦੀਆਂ ਇਨ੍ਹਾਂ ਗੱਲਾਂ ਨੇ ਵਰਗਲਾ ਲਿਆ ਮੈਨੂੰ ਇੱਕ ਦਿਨ,
ਤੁਰ ਪਿਆ ਮੈਂ ਦੱਸਣ ਲਈ ਇਹੀ ਗੱਲਾਂ,
ਪਰ ਕੀ ਦੇਖਦਾ ਹਾਂ, ਉੱਥੇ:
“ਪੇਂਡੂ ਮਜ਼ਦੂਰਾਂ ਦਾ ਇੱਕ ਟੋਲਾ”
“ਸ਼ਹਿਰੀ ਮਜ਼ਦੂਰਾਂ ਦਾ ਇੱਕ ਟੋਲਾ”
“ਹਿੰਦੂ, ਸਿੱਖ ਤੇ ਮੁਸਲਿਮ ਮਜ਼ਦੂਰਾਂ ਦਾ ਆਪਣਾ ਆਪਣਾ ਟੋਲਾ”
ਤੇ ਓਹ, ਦੂਰ...ਨਾਲ਼ੇ ਕੋਲ,
ਤਾਸ਼ ਖੇਡ ਰਿਹਾ ਬਿਹਾਰੀ ਮਜ਼ਦੂਰਾਂ ਦਾ ਇੱਕ ਟੋਲਾ!
ਮੈਂ ਸੋਚਿਆ:
ਇਨ੍ਹਾਂ ਨੇ ਤਾਂ ਅਜੇ ਮਾਰਕਸ ਦੀ ਇਹ ਇੱਕ ਸਤਰੀ ਪ੍ਰਸਿੱਧ ਕਵਿਤਾ ਵੀ ਨਹੀਂ ਸਿੱਖੀ:
ਕਿ
“...ਦੁਨੀਆ ਭਰ ਦੇ ਮਜ਼ਦੂਰੋ!
ਇੱਕ ਹੋ ਜਾਉ!
ਜਿੱਤਣ ਲਈ ਸਾਰੀ ਦੁਨੀਆ,
ਤੇ ਗਵਾੳਣ ਲਈ ਸਿਰਫ਼ ਪੈਰਾਂ ਦੀਆਂ ਬੇੜੀਆਂ ਹਨ।”
ਮਨ ’ਚ ਕਿਹਾ
‘ਐ! ਲੰਬੀ ਕਵਿਤਾ,
ਤੇਰੀਆਂ ਗੱਲਾਂ ਕਿੱਥੇ ਸੁਣਨੀਆਂ ਇਨ੍ਹਾਂ ਨੇ!’

ਤੇ ... ਮੈਂ ‘ਲੇਬਰ ਚੌਕ’ ਤੋਂ ਮੁੜ ਆੳਂਦਾ ਹਾਂ!
ਨਹੀਂ ਲਿਖਣੀ ਚਾਹੁੰਦਾ ਮੈਂ ਇਹ ਕਵਿਤਾ!
ਸੰਪਰਕ: 94632-89212
* * *

ਸਿੰਘਾਸਨ

ਸਿਮਰਜੀਤ ਕੌਰ ਗਰੇਵਾਲ

ਬਣਿਆ ਕੇਹੀ ਸ਼ੈਅ ਸਿੰਘਾਸਨ।
ਬੇ-ਤਾਲਾ, ਬੇ-ਲੈਅ ਸਿੰਘਾਸਨ।
ਰਾਜੇ ਨੂੰ ਹੈ ਵਹਿਮ ਕਿ ਉਹ ਤਾਂ,
ਲੈ ਬੈਠਾ ਹੈ ਬੈਅ ਸਿੰਘਾਸਨ।
ਪਰਜਾ ਨੂੰ ਵੀ ਦੱਸ ਰਿਹਾ ਹੈ,
ਉਸਦੇ ਲੇਖੀਂ ਤੈਅ ਸਿੰਘਾਸਨ।
ਸਾਰਾ ਕੁਝ ਉਹ ਭੁੱਲ ਗਿਆ ਹੈ,
ਚੇਤੇ ਹੈ ਬਸ ਜੈ ਸਿੰਘਾਸਨ।
ਟੁੱਕੜਬੋਚਾਂ ਤੋਂ ਅਖਵਾਵੇ,
ਸਿਰਫ਼ ਉਸੇ ਦਾ ਹੈ ਸਿੰਘਾਸਨ।
ਰਾਜਾ ਜਦ ਹੰਕਾਰੀ ਬਣਦਾ,
ਪੁੱਠਾ ਜਾਂਦਾ ਪੈ ਸਿੰਘਾਸਨ।
ਕਰ ਦਿੰਦਾ ਹੈ ਚਲਦਾ ਸਭ ਨੂੰ,
ਖਾਂਦਾ ਨਾਹੀਂ ਭੈਅ ਸਿੰਘਾਸਨ।
ਕਿਹੜੇ ਬਾਗਾਂ ਦੀ ਤੂੰ ਮੂਲ਼ੀ,
ਦੱਸ ‘ਸਿਮਰ’ ਪੁੱਛਦੈ ਸਿੰਘਾਸਨ।
* * *

ਨੇਤਾ ਜੀ ਮਾਰ ਟਪੂਸੀ

ਬਹਾਦਰ ਸਿੰਘ ਗੋਸਲ

ਜੇ ਤੈਨੂੰ ਕੋਈ ਟਿਕਟ ਨਹੀਂ ਦਿੰਦੇ,
ਕਿਉਂ ਫਿਰਦਾ ਦਿਲ ਛੱਡੀ।
ਨਵੀਆਂ ਪਾਰਟੀਆਂ ਬਹੁਤ ਬਣਗੀਆਂ,
ਲੱਭ ਲੈ ਨਵੀਂ ਕੋਈ ਗੱਡੀ।
ਨੇਤਾ ਜੀ ਮਾਰ ਟਪੂਸੀ...

ਪੰਜ ਸਾਲ ਨਾ ਮੌਕਾ ਹੱਥ ਆਵੇ,
ਉਮਰ ਤੇਰੀ ਤਾਂ ਵਧਦੀ ਜਾਵੇ।
ਸਾਰੀ ਉਮਰ ਪਛਤਾਉਣਾ ਪੈ ਜਾਊ,
ਸੇਵਾ ਵਿੱਚ ਪੈ ਗਏ ਧੱਕੇ ਖਾਣੇ।
ਨੇਤਾ ਜੀ ਮਾਰ ਟਪੂਸੀ...

ਵਿਚਾਰਧਾਰਾ ’ਤੇ ਕੌਣ ਏ ਖੜ੍ਹਦਾ,
ਹਰ ਇੱਕ ਕੁਰਸੀ ਦੀ ਗੱਲ ਕਰਦਾ।
ਛੱਪੜ ਦਾ ਪਾਣੀ ਵੀ ਸੁਣਿਆ,
ਇੱਕ ਥਾਂ ਰਹਿ ਕੇ ਜਾਂਦਾ ਸੜਦਾ।
ਨੇਤਾ ਜੀ ਮਾਰ ਟਪੂਸੀ...

ਲੋਕਾਂ ਦਾ ਕੀ ਏ, ਸਾਰੇ ਆਪਣੇ,
ਤੁਸੀਂ ਵੀ ਵੇਚੋ, ਹਨੇਰੇ ਵਿੱਚ ਸੁਫ਼ਨੇ।
ਨਾਲ ਪਲਟੀ ਹੀ ਸਾਰੇ ਘਪਲੇ,
ਸਾਰੇ ਜਾਣਗੇ, ਲੋਕ ਸੇਵਾ ਵਿੱਚ ਦਫ਼ਨੇ।
ਨੇਤਾ ਜੀ ਮਾਰ ਟਪੂਸੀ...
ਸੰਪਰਕ: 98764-522223
* * *

ਫ਼ਿਕਰ ਨਹੀਂ

ਕੁਲਵੰਤ ਖਨੌਰੀ

ਨਾ ਕਿਸੇ ਨੂੰ ਨਿਮਾਣਿਆਂ
ਨਿਤਾਣਿਆਂ ਦਾ ਫ਼ਿਕਰ ਹੈ।
ਉਨ੍ਹਾਂ ਨੂੰ ਤਾਂ ਬਸ
ਲੋਟੂ ਲਾਣਿਆਂ ਦਾ ਫ਼ਿਕਰ ਹੈ।

ਮਿਲੇ ਰੁਜ਼ਗਾਰ ਨਾ
ਪੰਜਾਬ ’ਚ ਪੰਜਾਬੀਆਂ ਨੂੰ
ਕਿਸੇ ਨੂੰ ਨਾ ਬਾਹਰ ਜਾਂਦੇ
ਨਿਆਣਿਆਂ ਦਾ ਫ਼ਿਕਰ ਹੈ।
ਕੱਖ ਖੇਤੋਂ ਮਿਲਦੇ ਨਾ
ਤੂੜੀ ਕਿੰਨੀ ਮਹਿੰਗੀ ਹੋ ਗਈ
ਕੰਮੀਆਂ ਨੂੰ ਖਾਣ ਜੋਗੇ
ਦਾਣਿਆਂ ਦਾ ਫ਼ਿਕਰ ਹੈ।
ਰੰਗਲੇ ਪੰਜਾਬ ਨੂੰ ਹਾਏ
ਚਿੱਟੇ ਦੀ ਸਿਉਂਕ ਖਾ ਗਈ
ਨਾ ਨਿੱਤ ਛੋਟੇ ਹੁੰਦੇ ਜਾਂਦੇ
ਲਾਣਿਆਂ ਦਾ ਫ਼ਿਕਰ ਹੈ।
ਕਿੰਨੇ ਕਿੰਨੇ ਗੁਰੂ ਘਰ
ਪਿੰਡਾਂ ’ਚ ਬਣਾ ਲਏ ਭਾਵੇਂ
ਕਿਸੇ ਨੂੰ ਨਾ ਬਾਣੀ ਅਤੇ
ਬਾਣਿਆਂ ਦਾ ਫ਼ਿਕਰ ਹੈ।
ਸਕੂਲਾਂ ਵਿੱਚ ਕੜਾ ਤੇ
ਪੰਜਾਬੀ ਬੋਲੀ ਬੈਨ ਹੋਈ
ਕਿਸੇ ਨੂੰ ਨਾ ਵਰਤ ਰਹੇ
ਭਾਣਿਆਂ ਦਾ ਫ਼ਿਕਰ ਹੈ।
ਮਿਟ ਕਿਤੇ ਜਾਣ ਨਾ ਹਾਏ
ਦਿਲਾਂ ਦਿਆਂ ਸਫ਼ਿਆਂ ਤੋਂ
ਨਾ ਕਿਸੇ ਨੂੰ ‘ਖਨੌਰੀ’ ਦਿਆਂ
ਗਾਣਿਆਂ ਦਾ ਫ਼ਿਕਰ ਹੈ।
ਸੰਪਰਕ: 82890-53262
* * *

ਸਿਰ ਝੁਕਾ ਕੇ ਆਇਆ ਹਾਂ

ਦੀਪ ਸੰਧੂ

ਗ਼ਲਤ ਸਹੀ ਦਾ ਫ਼ਾਸਲਾ
ਸਭ ਮਿਟਾ ਕੇ ਆਇਆ ਹਾਂ
ਤੂੰ ਚੰਦ ਦੀਵੇ ਜਗਦੇ ਰੱਖੀਂ
ਮੈਂ ਬੁਝ ਬੁਝਾ ਕੇ ਆਇਆ ਹਾਂ
ਨ੍ਹੇਰੀ ਰਾਤ ’ਚ ਕੀਕਣ ਲੱਭਾਂ
ਤੇਰੇ ਦਰ ਦਾ ਰਸਤਾ
ਟੋਹ ਟੋਹ ਵੇਖਿਆ ਆਉਂਦਾ ਜਾਂਦਾ
ਜੁਗਨੂੰ ਜਗਾ ਕੇ ਆਇਆ ਹਾਂ
ਹਯਾਤੀ ਤੇਰੇ ਨਾਮੇ ਕਰਕੇ
ਵਸੀਅਤ ਤੈਨੂੰ ਸੌਂਪ ਦਿੱਤੀ
ਆਖੀਂ ਨਾ ਮਿਹਣਾ ਨਾ ਦੇਵੀਂ
ਲੁੱਟ ਲੁਟਾ ਕੇ ਆਇਆ ਹਾਂ
ਮੁੱਕਦੇ ਪਾਣੀ ਵਿੱਚ ਸਮੁੰਦਰ
ਬੱਦਲ ਘੁਲਦੇ ਅੰਬਰਾਂ ’ਚ
ਮੇਰੇ ਲਹੂ ਦਾ ਤੁਪਕਾ ਤੁਪਕਾ
ਭੇਟ ਚੜ੍ਹਾ ਕੇ ਆਇਆ ਹਾਂ
ਇੱਜ਼ਤ ਸ਼ੋਹਰਤ ਸਭ ਦਾਅ ਉੱਤੇ
ਪਹਿਰ ਵਸਲ ਦਾ ਵਿਹੜੇ ’ਚ
ਤੇਰੇ ਦਰ ਦੀ ਸਰਦਲ ਉੱਤੇ
ਸਿਰ ਝੁਕਾ ਕੇ ਆਇਆ ਹਾਂ
ਸੰਪਰਕ: +61-459-966-392
* * *

ਹਾਕਮ ਦੀ ਗਾਰੰਟੀ

ਰੰਜੀਵਨ ਸਿੰਘ

ਹਾਕਮ ਦੀ ਗਾਰੰਟੀ
ਅੱਸੀ ਕਰੋੜ ਨੂੰ ਮੁਫ਼ਤ ਰਾਸ਼ਨ
ਗ਼ਰੀਬਾਂ ਦੇ ਦਰ ’ਤੇ!
ਪਰ ਰੁਜ਼ਗਾਰ ਦੀ ਗਾਰੰਟੀ
... ?
ਹਾਕਮ ਦੀ ਗਾਰੰਟੀ
ਬੁਲੇਟ ਟ੍ਰੇਨ ਦੀ ਆਮਦ!
ਪਰ ਸਸਤੇ ਸਫ਼ਰ ਦੀ ਗਾਰੰਟੀ
... ?
ਹਾਕਮ ਦੀ ਗਾਰੰਟੀ
ਮੁਫ਼ਤ ਸਿਹਤ ਸੇਵਾਵਾਂ!
ਪਰ ਦਵਾਈਆਂ ਤੇ ਡਾਕਟਰਾਂ ਦੀ ਗਾਰੰਟੀ
... ?
ਹਾਕਮ ਦੀ ਗਾਰੰਟੀ
ਲਾਜ਼ਮੀ ਤੇ ਮੁਫ਼ਤ ਸਿੱਖਿਆ!
ਪਰ ਸਕੂਲਾਂ ਤੇ ਅਧਿਆਪਕਾਂ ਦੀ ਗਾਰੰਟੀ
... ?
ਹਾਕਮ ਦੀ ਗਾਰੰਟੀ
ਮੁਫ਼ਤ ਬਿਜਲੀ ਤੇ ਪਾਣੀ!
ਪਾਣੀ ਤੇ ਬਿਜਲੀ ਆਉਣ ਦੀ ਗਾਰੰਟੀ
... ?
ਹਾਕਮ ਦੀ ਗਾਰੰਟੀ
ਬਣਨਾ ਵਿਸ਼ਵ ਗੁਰੂ!
ਪਰ ਰਾਜਸੀ ਕਿਰਦਾਰ ਦੀ ਗਾਰੰਟੀ
... ?
ਸੰਪਰਕ: 98150-68816
* * *

ਗ਼ਜ਼ਲ

ਡਾ. ਪ੍ਰਦੀਪ ਕੌੜਾ

ਅੱਜ ਨਹੀਂ ਤਾਂ ਕੱਲ੍ਹ ਵੇ ਅੜਿਆ। ਮਸਲਾ ਹੋ ਜੂ ਹੱਲ ਵੇ ਅੜਿਆ।।
ਹੀਲੇ ਨਾਲ ਵਸੀਲਾ ਬਣ ਜੂ, ਵੇਖੀਂ ਰਾਹੇ ਪੈ ਜੂ ਗੱਲ ਵੇ ਅੜਿਆ।

ਝੰਜਟ-ਝੇੜੇ ਨਿੱਬੜ ਜਾਣਗੇ, ਜੀਣ ਦਾ ਆ ਜੂ ਵੱਲ ਵੇ ਅੜਿਆ।
ਨੈਣ ਪਿਆਲੇ ਛਲਕ ਜਾਣਗੇ, ਵੇਗ ਦਿਲਾਂ ਦੇ ਠੱਲ੍ਹ ਵੇ ਅੜਿਆ।

ਹੁਸਨ-ਜਵਾਨੀ ਸਦਾ ਨ੍ਹੀਂ ਰਹਿਣੇ, ਆਖਰ ਜਾਣੇ ਢਲ ਵੇ ਅੜਿਆ।
ਭਰਦੇ-ਭਰਦੇ ਭਰ ਜਾਵਣਗੇ, ਅਜੇ ਨੇ ਅੱਲੇ ਸੱਲ ਵੇ ਅੜਿਆ।

ਜਾਂ ਜਗਤਾ ਜਾਂ ਭਗਤਾ ਕਰਲੈ, ਹੋ ਜਾ ਇੱਕ ਦੇ ਵੱਲ ਵੇ ਅੜਿਆ।
ਚਲੋ-ਚੱਲੀ ਦਾ ਮੇਲਾ ਦੁਨੀਆ, ਮੈਂ ਆਇਆ ਤੂੰ ਚੱਲ ਵੇ ਅੜਿਆ।

ਪੰਜ ਤੱਤਾਂ ਦੀ ਹਸਤੀ-ਮਸਤੀ, ਖ਼ਾਕ ’ਚ ਜਾਣੀ ਰਲ ਵੇ ਅੜਿਆ।
ਦੀਦ ਤੇਰੀ ਦੇ ਨੈਣ ਪਿਆਸੇ, ‘ਦੀਪ’ ਕੋਈ ਸੁਨੇਹਾ ਘੱਲ ਵੇ ਅੜਿਆ,
ਮੇਰੇ ਸਾਈਆਂ ਜੈਸਾ ਨ-ਕੋ-ਦਰ, ਬੂਹੇ ਬਹਿ ਜਾ ਮੱਲ ਵੇ ਅੜਿਆ।
ਸੰਪਰਕ: 98156-64444
* * *

ਕਾਹਦੀ ਵਿਸਾਖੀ

ਜਗਦੇਵ ਸ਼ਰਮਾ ਬੁਗਰਾ

ਚਿੜੀ ਦਾ, ਜਨੌਰ ਦਾ, ਮਾੜ ਮੰਗਤੇ ਦਾ,
ਹਿੱਸਾ ਮੁੱਠੀਆਂ ਭਰ ਖੇਤ ਖਿੰਡਾ ਆਇਆਂ।
ਬੀਜ ਕੇ, ਪਾਲ ਕੇ, ਵੱਢ ਕੇ, ਸੁੱਟ ਆਇਆਂ,
ਸਾਰੀ ਲੋਟੂਆਂ ਦੇ ਭੜੋਲੇ ’ਚ ਪਾ ਆਇਆਂ।
ਗੜਿਉਂ ਕੁੰਗੀਓਂ ਅਹਿਰਨੋ ਬਚੀ ਰਹਿਜੇ,
ਮੈਂ ਪਾਲਣਹਾਰੇ ’ਤੇ ਟੇਕ ਟਿਕਾ ਆਇਆਂ।
ਫੂਕੀ ਪਰਾਲੀ ਨਹੀਂ, ਮੈਂ ਜਾਣਦਾ ਹਾਂ,
ਤੀਲ੍ਹੀ ਖ਼ੁਦ ਦੀ ਕਿਸਮਤ ਨੂੰ ਲਾ ਆਇਆਂ।
ਪਾਣੀ ਪੀਣੇ ਨੂੰ, ਕੱਲ੍ਹ ਨੂੰ ਤਰਸ ਜਾਈਏ,
ਬਟਨ ਦੱਬ ਕੇ ਕਾਮਾ ਬਹਾ ਆਇਆਂ।
ਗੁਲੇਲ ਗੋਪੀਆ ਮਚਾਣ ਨਾ ਰਹੇ ਸਾਥੀ,
ਵਸਤੂ ਇਤਿਹਾਸ ਦੀ, ਇਨ੍ਹੀਂ ਬਣਾ ਆਇਆਂ।
ਆਇਲਜ਼ ਸੈਂਟਰਾਂ ’ਚੋਂ ਨਜ਼ਰ ਭਵਿੱਖ ਆਵੇ
ਜਹਾਜ਼ ਚੜ੍ਹਨੇ ਦਾ, ਜੁਗਾੜ ਬਣਾ ਆਇਆਂ।
ਨਵੀਂ ਪੀੜ੍ਹੀ ਲਈ ਜ਼ਮੀਨ ਨਾ ਮਾਂ ਰਹਿਗੀ
ਗੂਠਾ ਦੋਂਹ ਕਿੱਲਿਆਂ ’ਤੇ, ਮੈਂ ਵੀ ਲਾ ਆਇਆਂ।
ਇੱਕ ਕਿਸਾਨ ਦੀ ਨਾ ਇੱਥੇ ਸੁਣੇ ਕੋਈ,
ਐੱਮਐੱਸਪੀ ਦੇ ਕੀਰਨੇ ਪਾ ਆਇਆਂ।
ਜਥੇਬੰਦੀਆਂ ਜ਼ੁਰਮਾਨੇ ਕਰਨ ਭਾਰੇ,
ਡਰਦਾ ਧਰਨੇ ’ਚ ਹਾਜ਼ਰੀ ਲਗਵਾ ਆਇਆਂ।
ਗਗਨ ਦਮਾਮਾ ਤੇ ਭੰਗੜੇ ਲੁੱਡੀਆਂ ਨੂੰ
ਟਿੱਬਿਆਂ ਵਾਲੜੇ ਖੇਤ ਦਫ਼ਨਾ ਆਇਆਂ।
ਜਿਵੇਂ ਆਈ ਹੈ, ਉਵੇਂ ਹੀ ਚਲੇ ਜਾਣਾ
ਗੀਤ ਵਿਸਾਖੀ ਦਾ ਨਵਾਂ ਹੀ ਗਾ ਆਇਆਂ।
ਸੰਪਰਕ: 98727-87243
* * *

ਜਦ ਉਸ ਹੱਥੀਂ ਪੱਥਰ...

ਹਰਦੀਪ ਬਿਰਦੀ

ਜਦ ਉਸ ਹੱਥੀਂ ਪੱਥਰ ਫੜਿਆ ਹੁੰਦਾ ਏ।
ਹਰ ਸ਼ੀਸ਼ੇ ਨੇ ਹਾਉਕਾ ਭਰਿਆ ਹੁੰਦਾ ਏ।

ਪਾਗਲ ਭੀੜ ਜਦੋਂ ਵੀ ਨਿਕਲੇ ਰਾਹਾਂ ’ਤੇ
ਹਰ ਬੰਦਾ ਹੀ ਓਦੋਂ ਡਰਿਆ ਹੁੰਦਾ ਏ।

ਅੱਜਕੱਲ੍ਹ ਸੀਸ ਕਟਾਉਣਾ ਪੈਂਦਾ ਸੱਚੇ ਨੂੰ
ਝੂਠਾਂ ਅੱਗੇ ਜਿਹੜਾ ਅੜਿਆ ਹੁੰਦਾ ਏ।

ਮਰ ਜਾਵਣ ਦੀ ਗੱਲ ਜਦ ਕਰਦਾ ਰੋ ਰੋ ਕੇ
ਬੰਦਾ ਓਦੋਂ ਦਿਲ ਤੋਂ ਸਤਿਆ ਹੁੰਦਾ ਏ।

ਹੋਰ ਵਸਾਉਣਾ ਦਿਲ ਵਿੱਚ ਔਖਾ ਕੰਮ ਹੁੰਦਾ
ਜਦ ਪਹਿਲਾਂ ਹੀ ਕੋਈ ਵਸਿਆ ਹੁੰਦਾ ਏ।

ਜੱਗ ਤੋਂ ਲੰਘ ਜਾਂਦਾ ਹੈ ਉਹ ਬਿਨ ਡਿੱਗਿਆਂ ਹੀ
ਜਿਸਦਾ ਹੱਥ ਉਸ ਦਾਤੇ ਫੜਿਆ ਹੁੰਦਾ ਏ।

ਭੀੜ ਪਤਾ ਕਿਉਂ ਰਹਿੰਦੀ ਅੱਜਕਲ੍ਹ ਰਾਹਾਂ ’ਤੇ?
ਰਾਹ ’ਤੇ ਲੋਕਾਂ ਕਬਜ਼ਾ ਕਰਿਆ ਹੁੰਦਾ ਏ।

ਉਸ ਦਾ ਮੰਜ਼ਿਲ ਉੱਤੇ ਪੁੱਜਣਾ ਲਾਜ਼ਮ ਹੈ
ਜੋ ਮੰਜ਼ਿਲ ਨੂੰ ਮਿਥ ਕੇ ਤੁਰਿਆ ਹੁੰਦਾ ਏ।

ਬਿਨ ਠੋਕਰ ਦੇ ਟੁੱਟਦਾ ਨਹੀਓਂ ਪਾਪ ਘੜਾ
ਚਾਹੇ ਗਲ਼ ਤੱਕ ਪੂਰਾ ਭਰਿਆ ਹੁੰਦਾ ਏ।
ਸੰਪਰਕ: 90416-00900
* * *

ਤਾਜ

ਮਨਜੀਤ ਸਿੰਘ ਬੱਧਣ

ਰਾਜੇ ਬਾਦਸ਼ਾਹਾਂ ਦੇ ਜਦ ਰਾਜ ਹੁੰਦੇ ਨੇ
ਹੇਠਾਂ ਸਿੰਘਾਸਣ ਤੇ ਸਿਰ ਤਾਜ ਹੁੰਦੇ ਨੇ
ਬਹਿੰਦਿਆਂ-ਉੱਠਦਿਆਂ ਹੋਵਣ ਸਲਾਮਾਂ
ਸ਼ਾਹੀ-ਲਾਸਾਨੀ ਨਖਰੇ ਨਾਜ਼ ਹੁੰਦੇ ਨੇ
ਇਸ ਤਾਜ ਤੋਂ ਉੱਤੇ ਜਦ ਗੁਮਾਨ ਹੋ ਜਾਵੇ
ਜ਼ੁਲਮ ਹੀ ਜਦ ਧਰਮ ਇਮਾਨ ਹੋ ਜਾਵੇ
ਮੈਂ ਹੀ ਰੱਬ ਇਹ ਵੀ ਤੇ ਉਹ ਵੀ ਮੇਰਾ ਸਭ
ਹੰਕਾਰੀ ਤੇ ਨੀਵਾਂ ਉਹ ਸ਼ੈਤਾਨ ਹੋ ਜਾਵੇ
ਘੜਾ ਊਣਾ ਪਾਪਾਂ ਦਾ ਤਾਂ ਭਰ ਹੀ ਜਾਣਾ
ਕੀਤੇ ਕਰਮਾਂ ਨੇ ਲੇਖਾ ਤਾਂ ਕਰ ਹੀ ਜਾਣਾ
ਅੱਕੇ-ਥੱਕੇ ਹੋਏ ਜਦ ਲਿਆਉਣ ਕ੍ਰਾਂਤੀ
ਜੇਤੂ ਹਾਕਮਾਂ ਨੇ ਤਾਂ ਅੰਤ ਹਰ ਹੀ ਜਾਣਾ
ਲਤਾੜੀ ਮਿੱਟੀ ਧੂੜ ਬਣ ਉੱਤੇ ਨੂੰ ਆਵੇ
ਚੰਗਿਆੜੀ ਵੀ ਹੋ ਭਾਂਬੜ ਉੱਤੇ ਨੂੰ ਆਵੇ
ਤੇਰਾ ਰੁਤਬਾ ਮਾਇਆ ਲੱਗੇ ਜੇ ਚੰਗੇ ਲੇਖੇ
ਸੱਚ ਵਾਂਗ ਨੇਕੀ ਵੀ ਨਿੱਤਰ ਉੱਤੇ ਨੂੰ ਆਵੇ
* * *

ਦਲ ਬਦਲੂ

ਜਗਜੀਤ ਸਿੰਘ ਸੇਖੋਂ

ਸ਼ੀਸ਼ਾ ਸੀ ਜੋ ਸ਼ਹਿਰ ਦਾ, ਉਹ ਸਖ਼ਸ਼ ਕਿੱਧਰ ਗਿਆ।
ਜੋ ਸਭ ਦਾ ਸਾਂਝਾ ਬੰਦਾ ਸੀ, ਉਹ ਬੰਦਾ ਕਿੱਧਰ ਗਿਆ।

ਸਭ ਛਿੱਕੇ ਟੰਗ ਸਿਧਾਂਤਾਂ ਨੂੰ, ਆਗੂ ਨੇ ਭੁੱਲੇ ਫਰਜ਼ਾਂ ਨੂੰ
ਮੂੰਹ ਆਪਣਾ ਚੁੱਕੀ ਫਿਰਦੇ ਨੇ, ਜਨਤਾ ਦਾ ਚਿਹਰਾ ਵਿਸਰ ਗਿਆ।

ਨਾ ਦੀਨ ਰਿਹਾ ਨਾ ਦੁਨੀ ਰਹੀ, ਬਸ ਭਰੀ ਤਜੌਰੀ ਦਿਸਦੀ ਏ,
ਹਮਦਰਦ ਕਹਾਉਂਦਾ ਲੋਕਾਂ ਦਾ, ਹੋ ਭੀੜ ਦੇ ਵਿੱਚੋਂ ਤਿੱਤਰ ਗਿਆ।

ਛੱਡ ਨੇਤਾ ਆਪਣੇ ਲੋਕਾਂ ਨੂੰ, ਜਾਅ ਜੋਕਾਂ ਦੇ ਨਾਲ ਰਲ਼ਿਆ ਏ
ਐ ਬਾਗ਼-ਏ ਸਿਆਸਤ ਕੀ ਹੋਊ, ਕੋਈ ਉੱਧਰ ਗਿਆ ਕੋਈ ਇੱਧਰ ਗਿਆ।

ਲੁੱਟ ਲਈ ਕਹਾਰਾਂ ਨੇ ਡੋਲੀ, ਮੁੱਠੀ ’ਚੋਂ ਮਾਰੂਥਲ ਕਿਰਿਆ,
ਉਹ ਤੀਲ੍ਹਾ ਖਾਕ ’ਚ ਰੁਲ ਜਾਂਦਾ, ਜੋ ਬੰਨ ਦੇ ਵਿੱਚੋਂ ਨਿਕਲ ਗਿਆ।

ਨਾ ਅੱਗੇ ਦਾ ਨਾ ਪਿੱਛੇ ਦਾ, ਤਵਾਰੀਖ਼ ਸਣਾਉਂਦੀ ਸਮਿਆਂ ਦੀ,
ਦੋ ਬੇੜੀ ਬੈਠਣ ਵਾਲੇ ਦਾ, ਹੈ ‘ਸੇਖੋਂ’ ਇਹੋ ਹਸ਼ਰ ਰਿਹਾ।
ਸੰਪਰਕ: 81465-86690
* * *

ਦਿਨ ਵੋਟਾਂ ਦੇ

ਹਰਪ੍ਰੀਤ ਪੱਤੋ

ਦਿਨ ਵੋਟਾਂ ਦੇ ਜਿਉਂ ਜਿਉਂ ਆਉਣ ਨੇੜੇ,
ਧੜਕੇ ਘੜੀ ਦੇ ਵਾਂਗੂ ਦਿਲ ਬਾਬਾ।
ਕਿਹੜਾ ਮੂੰਹ ਵਿਖਾਈਏ ਵੋਟਰਾਂ ਨੂੰ,
ਲੀਡਰ ਕਰਨ ਸਲਾਹਾਂ ਮਿਲ ਬਾਬਾ।
ਲੱਭੀਏ ਹੁਣ ਕਿਹੜੇ ਬਹਾਨਿਆਂ ਨੂੰ,
ਘਟਦੇ ਜਾਂਵਦੇ ਸਾਡੇ ਸਿਲ (ਸੈੱਲ) ਬਾਬਾ।
ਮਨਾਉਣਾ ਔਖਾ ਹੋਇਆ ਵੋਟਰਾਂ ਨੂੰ,
ਨਾਲ ਗੁੱਸੇ ਹੋਏ ਪਏ ਖਿੱਲ ਬਾਬਾ।
ਕਈ ਵੜਨ ਨ੍ਹੀਂ ਦਿੰਦੇ ਸਾਨੂੰ ਵਿੱਚ ਪਿੰਡਾਂ,
ਜੜੀਂ ਬੈਠੇ ਨੇ ਲੋਹੇ ਦੇ ਕਿੱਲ ਬਾਬਾ।
ਕੋਈ ਦੱਸ ਢੰਗ ਤਰੀਕਾ ਕੀ ਕਰੀਏ,
ਵੋਟਰ ਆਉਣ ਸਾਡੇ ਵੱਲ ਠਿੱਲ ਬਾਬਾ।
ਪੱਤੋ, ਨਹੀਂ ਆਉਣਗੇ ਲੋਕ ਵਿੱਚ ਗੱਲਾਂ,
ਕਰ ਸਵਾਲ ਕਰਨਗੇ ਨਿਲ ਬਾਬਾ।
ਸੰਪਰਕ: 94658-21417
* * *

ਮਿਹਨਤਕਸ਼ੋ ਕਿਰਤੀਓ

ਜਗਤਾਰ ਸਿੰਘ ਸਿੱਧੂ

ਮਿਹਨਤਕਸ਼ੋ ਕਿਰਤੀਓ ਇੱਕ ਹੋ ਜਾਓ,
ਸੱਚ ਜਾਣਿਓ ਇੱਕ ਹੋਵਣ ਦਾ ਵੇਲਾ ਹੈ।

ਹਾਕਮ ਲੁੱਟ ਰਹੇ ਸ਼ੋਸ਼ਣ ਸ਼ਰ੍ਹੇਆਮ ਕਰਨ,
ਫਿਰ ਨਾ ਆਖਿਓ ਹੋ ਗਿਆ ਕੁਵੇਲਾ ਹੈ।

ਸਾਨੂੰ ਮਿਹਨਤ ਦਾ ਮੁੱਲ ਮਿਲਦਾ ਨਹੀਂ,
ਹੁਣ ਤਾਂ ਧੁੰਦਲਾ ਜਾਪਦਾ ਸਵੇਰਾ ਹੈ।

ਹੱਥਾਂ ’ਚ ਅੱਟਣ ਪੈ ਗਏ ਮਜ਼ਦੂਰੀ ਕਰਦਿਆਂ,
ਸਾਡੇ ਅਜੇ ਕੱਚੇ ਘਰ ਨੇ ਜਿੱਥੇ ਸਾਡਾ ਬਸੇਰਾ ਹੈ।

ਹੁਣ ਤਾਂ ਬੱਚੇ ਵੀ ਦਿਹਾੜੀ ਕਰਦੇ ਨੇ ਨਾਲ ਸਾਡੇ,
ਜੀਹਨੇ ਕੰਮ ਕਰਨਾ ਖ਼ੈਰ ਕੰਮ ਤਾਂ ਇੱਥੇ ਬਥੇਰਾ ਹੈ।

ਬੇਟੀ ਮਾਂ ਨਾਲ ਭੱਠੇ ’ਤੇ ਜਾਂਦੀ ਹੈ ਹੁਣ ਤਾਂ ,
ਪੈਸੇ ਜੋੜ ਅਸੀਂ ਲੈਣਾ ਇੱਕ ਲਵੇਰਾ ਹੈ।

ਮਿਹਨਤ ਕਰਦਾ ਹੈ ਸਾਰਾ ਟੱਬਰ, ਤਾਂ ਵੀ,
ਕਰਜ਼ ਘਟੇ ਨਾ ਭਵਿੱਖ ਕਿਉਂ ਹਨੇਰਾ ਹੈ?

ਸੇਠ ਕਹਿੰਦਾ ਬੱਚੇ ਵੀ ਕੰਮ ਲਾ ਲਏ ਪੜ੍ਹਾ ਲੈਂਦਾ,
ਅਨਪੜ੍ਹ ਰੱਖੇਂਗਾ ਦਿਮਾਗ਼ ਕੰਮ ਨਹੀਂ ਕਰਦਾ ਤੇਰਾ ਹੈ।

ਮੈਂ ਵੀ ਇਹੋ ਚਾਹੁਨਾ ਪਰ ਮਹਿੰਗੀਆਂ ਫੀਸਾਂ ਕਿਵੇਂ ਭਰੂੰ,
ਕਰਜ਼ੇ ਦੀ ਪੰਡ ਭਾਰੀ ਕਰਾਂ ਇੰਨਾ ਜਿਗਰਾ ਨਹੀਂ ਮੇਰਾ ਹੈ।

ਅਮੀਰ ਹੋਰ ਅਮੀਰ ਗ਼ਰੀਬ ਹੋਰ ਗ਼ਰੀਬ ਹੋਈ ਜਾਂਦੇ,
ਹੁਣ ਤਾਂ ਜਾਗਣਾ ਪਊ, ਜਦੋਂ ਜਾਗੇ ਉਦੋਂ ਸਵੇਰਾ ਹੈ।

ਲਹੂ ਪੀਣੀਆਂ ਜੋਕਾਂ ਦਾ ਹੁਣ ਤਾਂ ਟਾਕਰਾ ਕਰਾਂਗੇ,

ਮੁੱਕ ਚੱਲਿਆ ਲਹੂ ਚੂਸ ਲਿਆ ਹੁਣ ਤੱਕ ਬਥੇਰਾ ਹੈ।
ਚਿੱਟਕੱਪੜੀਏ ਪੰਜ ਸਾਲਾਂ ’ਚ ਇੱਕ ਵਾਰੀ ਆਉਂਦੇ,
ਇਨ੍ਹਾਂ ਲਈ ਇਹ ਦਿਨ ਸ਼ੁਗਲ ਮੇਲਾ ਤੋਰਾ ਫੇਰਾ ਹੈ।
ਸੰਪਰਕ: 98141-07374

Advertisement
Author Image

joginder kumar

View all posts

Advertisement