ਮਜ਼ਦੂਰ ਆਗੂਆਂ ਨੇ ਪਾਵਰਕੌਮ ਵੱਲੋਂ ਕੱਟੇ ਕੁਨੈਕਸ਼ਨ ਮੁੜ ਜੋੜੇ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 15 ਸਤੰਬਰ
ਇਲਾਕੇ ਦੇ ਪਿੰਡਾਂ ਵਿੱਚ ਮਜ਼ਦੂਰਾਂ ਦੇ ਕੱਟੇ ਹੋਏ ਬਿਜਲੀ ਕੁਨੈਕਸ਼ਨ ਅੱਜ ਮਜ਼ਦੂਰ ਆਗੂਆਂ ਨੇ ਖੁਦ ਜੋੜਨੇ ਸ਼ੁਰੂ ਕਰ ਦਿੱਤੇ। ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਹੋਈ ਇਕੱਤਰਤਾ ਮੌਕੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਮਾਣੂੰਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸੱਤਾ ਵਿੱਚ ਆਉਦਿਆਂ ਹੀ ਆਪਣੀ ਚੋਣ ਗਾਰੰਟੀ ’ਤੇ ਅਮਲ ਕਰਦਿਆਂ 600 ਯੂਨਿਟ ਦੀ ਮੁਆਫ਼ੀ ਦਾ ਫ਼ੈਸਲਾ ਲਾਗੂ ਕਰ ਦਿੱਤਾ ਸੀ। ਇਸ ’ਚ ਜਨਰਲ ਵਰਗ ਨੂੰ ਵੀ ਇਹ ਸਹੂਲਤ ਦਿੰਦਿਆਂ ਸ਼ਰਤ ਲਾਈ ਸੀ ਕਿ ਜੇਕਰ ਜਨਰਲ ਵਰਗ 600 ਯੂਨਿਟ ਤੋਂ ਉੱਪਰ ਬਿਜਲੀ ਖਪਤ ਕਰੇਗਾ ਤਾਂ ਉਨ੍ਹਾਂ ਨੂੰ ਮੁਆਫ਼ ਯੂਨਿਟਾਂ ਸਮੇਤ ਸਾਰਾ ਬਿਜਲੀ ਬਿੱਲ ਅਦਾ ਕਰਨਾ ਪਵੇਗਾ ਪਰ ਇਸ ਸ਼ਰਤ ਤੋਂ ਦਲਿਤ ਮਜ਼ਦੂਰ ਪਰਿਵਾਰਾਂ ਨੂੰ ਛੋਟ ਦਿੱਤੀ ਗਈ ਸੀ ਕਿ ਜੇਕਰ ਦਲਿਤ ਪਰਿਵਾਰਾਂ ਦੇ ਖਪਤਕਾਰ 600 ਯੂਨਿਟ ਤੋਂ ਉੱਪਰ ਖਪਤ ਕਰਦਾ ਹੈ ਤਾਂ ਉਨ੍ਹਾਂ ਦੀ 600 ਯੂਨਿਟ ਦੀ ਮੁਆਫ਼ੀ ਨਹੀਂ ਕੱਟੀ ਜਾਵੇਗੀ। ਅਨੁਸੂਚਿਤ ਜਾਤੀ ਖਪਤਕਾਰਾਂ ਨੂੰ ਸਿਰਫ਼ ਮੁਆਫ਼ ਯੂਨਿਟਾਂ ਤੋਂ ਉਪਰਲਾ ਬਿੱਲ ਹੀ ਤਾਰਨਾ ਪਵੇਗਾ ਪਰ ਸਰਕਾਰ ਨੇ ਐੱਸਸੀ-ਬੀਸੀ ਅਤੇ ਬੀਪੀਐੱਲ ਪਰਿਵਾਰਾਂ ਨੂੰ ਧੋਖੇ ’ਚ ਰੱਖ ਕੇ ਇਨ੍ਹਾਂ ਪਰਿਵਾਰਾਂ ਨੂੰ 12-13 ਸਾਲਾਂ ਤੋਂ ਇਸੇ ਆਧਾਰ ’ਤੇ ਮਿਲਦੀ ਬਿਜਲੀ ਬਿੱਲ ਮੁਆਫ਼ੀ ਦੀ ਸਹੂਲਤ ਕੱਟ ਕੇ ਥੋਕ ਰੂਪ ’ਚ ਜਨਰਲ ਵਰਗ ਅਨੁਸਾਰ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭੇਜ ਦਿੱਤੇ ਹਨ। ਪਾਵਰਕੌਮ ਵਲੋਂ ਕੁਨੈਕਸ਼ਨ ਕੱਟਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਅੱਜ ਜਥੇਬੰਦੀ ਦੀ ਅਗਵਾਈ ਹੇਠ ਇਕੱਤਰ ਦਲਿਤ ਪਰਿਵਾਰਾਂ ਨੇ ਪਿੰਡ ਸਿੱਧਵਾਂ ਕਲਾਂ ਵਿੱਚ ਮਜ਼ਦੂਰਾਂ ਕੱਟੇ ਕੁਨੈਕਸ਼ਨ ਮੁੜ ਜੋੜ ਕੇ ਬਿਜਲੀ ਦੀ ਸਪਲਾਈ ਚਾਲੂ ਕੀਤੀ।