ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਗ਼ਰੀਬ ਪਰਿਵਾਰ ਦੇ ਘਰ ਦੀ ਕੁਰਕੀ ਰੁਕਵਾਈ
ਪਰਸ਼ੋਤਮ ਬੱਲੀ
ਬਰਨਾਲਾ, 28 ਜੂਨ
ਪੱਤੀ ਰੋਡ ਸਥਿਤ ਇੱਕ ਗ਼ਰੀਬ ਪਰਿਵਾਰ ਦੇ ਘਰ ਦੀ ਆਈਡੀਬੀਆਈ ਬੈਂਕ ਵੱਲੋਂ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਲਿਆਂਦੀ ਕੁਰਕੀ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਸਾਂਝਾ ਧਰਨਾ ਲਗਾ ਕੇ ਰੁਕਵਾਈ ਦਿੱਤੀ।
ਧਰਨੇ ਦੀ ਅਗਵਾਈ ਕਰ ਰਹੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ, ਬੀਕੇਯੂ (ਉਗਰਾਹਾਂ) ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਤੀ ਰੋਡ ਸਥਿਤ ਗਲੀ ਨੰਬਰ 6 ਵਿੱਚ ਇੱਕ ਦਲਿਤ ਗ਼ਰੀਬ ਪਰਿਵਾਰ ਨਾਲ ਸਬੰਧਤ ਅਨੁਰਾਧਾ ਪਤਨੀ ਬਸੰਤ ਕੁਮਾਰ ਦੇ ਮਕਾਨ ਦੀ ਕੁਰਕੀ ਕਰਨ ਲਈ ਬੈਂਕ ਵੱਲੋਂ ਅੱਜ ਦਾ ਨੋਟਿਸ ਲਾਇਆ ਗਿਆ ਸੀ। ਜਥੇਬੰਦਕ ਕਾਰਕੁਨਾਂ ਨੇ ਭਰਵੀਂ ਸ਼ਮੂਲੀਅਤ ਨਾਲ ਸਵੇਰੇ ਤੋਂ ਹੀ ਧਰਨਾ ਲਗਾ ਕੇ ਬੈਂਕ ਤੇ ਪ੍ਰਸ਼ਾਸਕੀ ਅਧਿਕਾਰੀਆਂ, ਨੀਤੀਆਂ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਆਰੰਭ ਦਿੱਤੀ ਸੀ।
ਬੁਲਾਰਿਆਂ ਦੱਸਿਆ ਕਿ ਇਸ ਪੀੜਤ ਪਰਿਵਾਰ ਨੇ ਕਰੀਬ ਦਸ ਸਾਲ ਪਹਿਲਾਂ 6 ਲੱਖ 61 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿੱਚੋਂ ਕਰੀਬ ਦਸ ਲੱਖ ਦਾ ਕਰਜ਼ ਮੋੜਿਆ ਜਾ ਚੁੱਕਾ ਹੈ, ਪਰ ਬੈਂਕ ਵੱਲੋਂ ਹੁਣ ਗਿਆਰਾਂ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਪਰਿਵਾਰ ਦਾ ਮੁਖੀ ਬਸੰਤ ਕੁਮਾਰ ਦੀ ਮੌਤ ਹੋ ਗਈ ਸੀ। ਪਰਿਵਾਰ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ ਅਤੇ ਬੈਂਕ ਦਾ ਪੈਸਾ ਨਹੀਂ ਭਰਿਆ ਜਾ ਸਕਿਆ। ਜਥੇਬੰਦੀਆਂ ਐਲਾਨ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਇਸ ਪੀੜਤ ਪਰਿਵਾਰ ਦੇ ਮਕਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।