ਕੁਵੈਤ ਅਗਨੀ ਕਾਂਡ: ਭਾਰਤੀਆਂ ਦੀਆਂ ਦੇਹਾਂ ਵਤਨ ਲਿਆਂਦੀਆਂ
* ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਦੇਹਾਂ ਲੈ ਕੇ ਕੋਚੀ ਪੁੱਜਿਆ
* ਭਾਰਤੀ ਮ੍ਰਿਤਕਾਂ ਦੀ ਗਿਣਤੀ ਵਧ ਕੇ 46 ਹੋਈ
* ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਸਣੇ ਹੋਰਾਂ ਵੱਲੋਂ ਸ਼ਰਧਾਂਜਲੀਆਂ
ਕੁਵੈਤ ਸਿਟੀ/ਕੋਚੀ, 14 ਜੂਨ
ਕੁਵੈਤ ਦੀ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਦੋ ਦਿਨ ਪਹਿਲਾਂ ਹੋਏ ਅਗਨੀ ਕਾਂਡ ’ਚ ਜਾਨ ਗੁਆਉਣ ਵਾਲੇ 45 ਭਾਰਤੀਆਂ ਦੀਆਂ ਦੇਹਾਂ ਲੈ ਕੇ ਅੱਜ ਭਾਰਤੀ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਕੋਚੀ ਪੁੱਜਿਆ। ਜਹਾਜ਼ ਵਿੱਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਮੌਜੂਦ ਸਨ। ਮ੍ਰਿਤਕਾਂ ਵਿੱਚ 31 ਜਣੇ ਦੱਖਣੀ ਸੂਬਿਆਂ ਨਾਲ ਸਬੰਧਿਤ ਹਨ। ਉਧਰ ਅਗਨੀ ਕਾਂਡ ਵਿੱਚ ਜ਼ਖ਼ਮੀ ਹੋਏ ਇੱਕ ਹੋਰ ਭਾਰਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸ ਨਾਲ ਮ੍ਰਿਤਕ ਭਾਰਤੀਆਂ ਦੀ ਗਿਣਤੀ ਵਧ ਕੇ 46 ਹੋ ਗਈ ਹੈ।
ਭਾਰਤੀ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਅੱਜ ਸਵੇਰੇ ਦੇਹਾਂ ਲੈ ਕੇ ਕੋਚੀ ਕੌਮਾਂਤਰੀ ਹਵਾਈ ਅੱਡੇ ’ਤੇ ਸਵੇਰੇ ਕਰੀਬ 10:30 ਵਜੇ ਪੁੱਜਿਆ। ਭਾਰਤੀ ਹਵਾਈ ਸੈਨਾ ਦੇ ਸੀ30ਜੇ ਜਹਾਜ਼ ਰਾਹੀਂ ਲਿਆਂਦੀਆਂ ਗਈਆਂ 45 ਦੇਹਾਂ ਵਿੱਚੋਂ 31 ਦੇਹਾਂ ਨੂੰ ਇੱਥੇ ਉਤਾਰਿਆ ਗਿਆ। ਇਸ ਮਗਰੋਂ ਜਹਾਜ਼ 14 ਹੋਰ ਭਾਰਤੀਆਂ ਦੀਆਂ ਦੇਹਾਂ ਲੈ ਕੇ ਦੇਰ ਸ਼ਾਮ ਦਿੱਲੀ ਪੁੱਜਿਆ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਸਣੇ ਕੇਂਦਰੀ ਅਤੇ ਰਾਜ ਮੰਤਰੀਆਂ ਨੇ ਇੱਥੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕੁਵੈਤ ਅਗਨੀ ਕਾਂਡ ਵਿੱਚ ਮਾਰੇ ਗਏ ਦੱਖਣੀ ਸੂਬਿਆਂ ਦੇ 31 ਜਣਿਆਂ ਵਿੱਚ ਕੇਰਲ ਦੇ 23, ਤਾਮਿਲਨਾਡੂ ਦੇ ਸੱਤ ਅਤੇ ਕਰਨਾਟਕ ਦਾ ਇੱਕ ਵਿਅਕਤੀ ਸ਼ਾਮਲ ਹਨ।
ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ, ‘‘ਇਹ ਮ੍ਰਿਤਕਾਂ ਦੇ ਪਰਿਵਾਰਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਕੁਵੈਤ ਸਰਕਾਰ ਇਸ ਸਬੰਧੀ ਉਚਿਤ ਕਾਰਵਾਈ ਕਰੇਗੀ।’’ ਮੁੱਖ ਮੰਤਰੀ ਨੇ ਇਹ ਉਮੀਦ ਵੀ ਜਤਾਈ ਕਿ ਕੁਵੈਤ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦਾ ਫ਼ੈਸਲਾ ਲਵੇਗੀ। ਇਸ ਮੌਕੇ ਸੈਰ-ਸਪਾਟਾ ਅਤੇ ਪੈਟਰੋਲੀਅਮ ਰਾਜ ਮੰਤਰੀ ਸੁਰੇਸ਼ ਗੋਪੀ, ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅਤੇ ਤਾਮਿਲਨਾਡੂ ਦੇ ਘੱਟ ਗਿਣਤੀ ਭਲਾਈ ਤੇ ਗ਼ੈਰ-ਨਿਵਾਸੀ ਤਾਮਿਲ ਭਲਾਈ ਮੰਤਰੀ ਕੇਐੱਸ ਮਸਤਾਨ ਨੇ ਵੀ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੁਲੀਸ ਨੇ ਮ੍ਰਿਤਕਾਂ ਨੂੰ ਗਾਰਡ ਆਫ ਆਨਰ ਦਿੱਤਾ।
ਉਧਰ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਕੁਵੈਤ ਅਗਨੀਕਾਂਡ ਘਟਨਾ ਵਿੱਚ ਮਾਰੇ ਗਏ ਸੂਬੇ ਦੇ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਕੁਵੈਤ ਸਥਿਤ ਐੱਨਬੀਟੀਸੀ ਗਰੁੱਪ, ਜਿਸ ਦੇ ਵਰਕਰਾਂ ਦੀ ਉੱਥੇ ਇੱਕ ਰਿਹਾਇਸ਼ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ, ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਅੱਠ ਲੱਖ ਰੁਪਏ ਅਤੇ ਜ਼ਖਮੀਆਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ/ਏਪੀ
ਹਰਿਆਣਾ ਦੇ ਅਨਿਲ ਗਿਰੀ ਦਾ ਜੱਦੀ ਪਿੰਡ ’ਚ ਹੋਵੇਗਾ ਸਸਕਾਰ
ਯਮੁਨਾਨਗਰ (ਦੇਵੇਂਦਰ ਸਿੰਘ): ਕੁਵੈਤ ਅਗਨੀ ਕਾਂਡ ਦਾ ਸ਼ਿਕਾਰ ਹੋਏ ਯਮੁਨਾਨਗਰ ਉਦਯੋਗਿਕ ਏਰੀਆ ਦੇ ਰਹਿਣ ਵਾਲੇ ਅਨਿਲ ਗਿਰੀ ਦੀਆਂ ਅੰਤਿਮ ਰਸਮਾਂ ਉਸ ਦੇ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿੱਚ ਪੈਂਦੇ ਜੱਦੀ ਪਿੰਡ ਵਿੱਚ ਹੋਣਗੀਆਂ, ਜਿਸ ਲਈ ਪਰਿਵਾਰ ਅੱਜ ਯਮੁਨਾਨਗਰ ਤੋਂ ਰਵਾਨਾ ਹੋ ਗਿਆ ਹੈ। ਅਨਿਲ ਅੱਠ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਿਆ ਸੀ। ਉਸ ਦੇ ਪਰਿਵਾਰ ਵਿੱਚ ਪਿੱਛੇ ਪਤਨੀ, ਇੱਕ ਧੀ ਮਹਿਕ (14) ਅਤੇ ਪੁੱਤਰ ਮੰਨਤ (11) ਹੈ। ਅਨਿਲ ਦੇ ਭਤੀਜੇ ਹਿਮਾਂਸ਼ੂ ਨੇ ਦੱਸਿਆ ਕਿ ਅਨਿਲ ਚਾਰਾਂ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਅਤੇ ਪਿਛਲੇ ਸਾਲ ਹੀ ਪਰਿਵਾਰ ਨੂੰ ਮਿਲਣ ਭਾਰਤ ਆਇਆ ਸੀ। ਅਨਿਲ ਦੀ ਪਤਨੀ ਨੇ ਹਰਿਆਣਾ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ।
ਗੋਪਾਲਗੰਜ: ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਸਾਪਾਹਾ ਪਿੰਡ ਦੇ ਸ਼ਿਓ ਸ਼ੰਕਰ ਸਿੰਘ ਦੀ ਕੁਵੈਤ ਅਗਨੀ ਕਾਂਡ ਵਿੱਚ ਮੌਤ ਹੋ ਗਈ। ਸ਼ੰਕਰ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਅਤੇ ਦੋ ਪੁੱਤਰ ਮੁਕੇਸ਼ ਕੁਮਾਰ ਸਿੰਘ (20) ਅਤੇ ਅਭਿਸ਼ੇਕ ਕੁਮਾਰ ਸਿੰਘ (15) ਹਨ। ਸ਼ੰਕਰ 10 ਮਹੀਨੇ ਪਹਿਲਾਂ ਪਹਿਲਾਂ ਹੀ ਕੁਵੈਤ ਗਿਆ ਸੀ। ਪਰਿਵਾਰ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ। -ਪੀਟੀਆਈ
18 ਦਿਨ ਪਹਿਲਾਂ ਹੀ ਕੁਵੈਤ ਗਿਆ ਸੀ ਝਾਰਖੰਡ ਦਾ ਅਲੀ ਹੁਸੈਨ
ਰਾਂਚੀ: ਕੁਵੈਤ ਅਗਨੀ ਕਾਂਡ ਵਿੱਚ ਮਾਰਿਆ ਗਿਆ ਰਾਂਚੀ ਦੇ ਹਿੰਦਪਿਰੀ ਇਲਾਕੇ ਦਾ ਮੁਹੰਮਦ ਅਲੀ ਹੁਸੈਨ ਅਜੇ 18 ਦਿਨ ਪਹਿਲਾਂ ਹੀ ਕੁਵੈਤ ਗਿਆ ਸੀ। ਪਰਿਵਾਰ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਨਾਲ ਉਨ੍ਹਾਂ ਦੀ ਇਹ ਆਖ਼ਰੀ ਮੁਲਾਕਾਤ ਹੋਵੇਗੀ। ਅਲੀ ਦੇ ਪਿਤਾ ਮੁਬਾਰਕ ਹੁਸੈਨ (57) ਨੇ ਦੱਸਿਆ ਕਿ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੁਸੈਨ (24) ਰੋਜ਼ੀ-ਰੋਟੀ ਖਾਤਰ ਕੁਵੈਤ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਸੈਨ ਪਹਿਲੀ ਵਾਰ ਦੇਸ਼ ਤੋਂ ਬਾਹਰ ਗਿਆ ਸੀ। -ਪੀਟੀਆਈ
ਮ੍ਰਿਤਕਾਂ ਵਿੱਚ ਹੁਸ਼ਿਆਰਪੁਰ ਦਾ ਹਿੰਮਤ ਰਾਏ ਵੀ ਸ਼ਾਮਲ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕੁਵੈਤ ਵਿਚ ਬੀਤੇ ਦਿਨੀਂ ਇਕ ਇਮਾਰਤ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਭਾਰਤੀਆਂ ਵਿਚ ਹੁਸ਼ਿਆਰਪੁਰ ਦਾ ਹਿੰਮਤ ਰਾਏ ਵੀ ਸ਼ਾਮਲ ਹੈ। ਪਿੰਡ ਕੱਕੋਂ ਦਾ ਰਹਿਣ ਵਾਲਾ ਹਿੰਮਤ ਰਾਏ (62) ਕੁਵੈਤ ਦੀ ਇਕ ਕੰਪਨੀ ’ਚ ਫੋਰਮੈਨ ਸੀ। ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਉਸ ਨੇ ਪਰਿਵਾਰ ਨਾਲ ਗੱਲ ਕਰਕੇ ਆਪਣੀ ਸੁੱਖ-ਸਾਂਦ ਬਾਰੇ ਦੱਸਿਆ ਸੀ। ਉਸ ਦੇ ਇਕ ਸਾਥੀ ਨੇ ਪਰਿਵਾਰ ਨੂੰ ਫ਼ੋਨ ਕਰਕੇ ਹਿੰਮਤ ਦੀ ਮੌਤ ਦੀ ਖਬਰ ਦਿੱਤੀ। ਉਨ੍ਹਾਂ ਦੀ ਦੇਹ ਲੈ ਕੇ ਅੱਜ ਭਾਰਤੀ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਦਿੱਲੀ ਪਹੁੰਚਿਆ, ਜਿੱਥੇ ਹਿੰਮਤ ਰਾਏ ਦੀ ਦੇਹ ਲੈਣ ਲਈ ਰਿਸ਼ਤੇਦਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦਿੱਲੀ ਪਹੁੰਚ ਗਈ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੀੜਤ ਪਰਿਵਾਰ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਅਤੇ ਹਿੰਮਤ ਰਾਏ ਦਾ ਸਸਕਾਰ ਸ਼ਨਿੱਚਰਵਾਰ ਨੂੰ ਹੋਵੇਗਾ। ਹਿੰਮਤ ਰਾਏ ਲਗਭਗ 30 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਗਿਆ ਸੀ। ਪਿਛਲੇ ਸਾਲ ਉਹ ਦੋ ਮਹੀਨੇ ਪਰਿਵਾਰ ਨਾਲ ਬਿਤਾ ਕੇ ਗਿਆ ਸੀ। ਹਿੰਮਤ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮਨਹੂਸ ਖਬਰ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਉਨ੍ਹਾਂ ਤੁਰੰਤ ਕੰਪਨੀ ’ਚ ਕੰਮ ਕਰਦੇ ਇਕ ਹੋਰ ਰਿਸ਼ਤੇਦਾਰ ਨੂੰ ਫੋਨ ਕੀਤਾ, ਜਿਸ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਬਾਅਦ ਵਿਚ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ। ਹਿੰਮਤ ਰਾਏ ਦੀਆਂ ਦੋ ਲੜਕੀਆਂ ਅਮਨਦੀਪ ਕੌਰ ਤੇ ਸੁਮਨਦੀਪ ਕੌਰ ਵਿਆਹੀਆਂ ਹੋਈਆਂ ਹਨ ਅਤੇ 16 ਸਾਲ ਦਾ ਲੜਕਾ ਅਰਸ਼ਦੀਪ ਸਿੰਘ ਦਸਵੀਂ ਜਮਾਤ ਵਿਚ ਪੜ੍ਹਦਾ ਹੈ। ਘਰ ਦਾ ਗੁਜ਼ਾਰਾ ਹਿੰਮਤ ਰਾਏ ਦੀ ਕਮਾਈ ਨਾਲ ਹੀ ਚੱਲ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਸਰਕਾਰ ਅਤੇ ਜਿਸ ਕੰਪਨੀ ਵਿਚ ਹਿੰਮਤ ਰਾਏ ਕੰਮ ਕਰਦਾ ਸੀ, ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇਣਗੇ।