ਕੁਸ਼ੀਨਗਰ: ਹਸਪਤਾਲ ਦਾ ਬਿੱਲ ਭਰਨ ਲਈ ਵਿਅਕਤੀ ਨੂੰ ਵੇਚਣਾ ਪਿਆ ਪੁੱਤਰ
ਕੁਸ਼ੀਨਗਰ (ਯੂਪੀ), 7 ਸਤੰਬਰ
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਇਕ ਵਿਅਕਤੀ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਆਪਣੀ ਪਤਨੀ ਤੇ ਨਵਜੰਮੇ ਬੱਚੇ ਦੀ ਛੁੱਟੀ ਕਰਵਾਉਣ ਲਈ ਆਪਣਾ ਤਿੰਨ ਸਾਲ ਦਾ ਪੁੱਤਰ ਕਥਿਤ ਤੌਰ ’ਤੇ ਵੇਚਣ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਆਰਥਿਕ ਤੰਗੀ ਕਰ ਕੇ ਨਿਰਾਸ਼ਾ ਵਿੱਚ ਕੀਤੇ ਗਏ ਇਸ ਕੰਮ ਦੀ ਆਲੋਚਨਾ ਹੋਣ ’ਤੇ ਸਥਾਨਕ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਪੁਲੀਸ ਮੁਤਾਬਕ, ਬਰਵਾ ਪੱਟੀ ਦੇ ਵਸਨੀਕ ਹਰੀਸ਼ ਪਟੇਲ ਨੇ ਆਪਣੀ ਪਤਨੀ ਦਾ ਜਣੇਪਾ ਕਰਵਾਉਣ ਲਈ ਉਸ ਨੂੰ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਸੀ। ਹਾਲਾਂਕਿ, ਹਸਪਤਾਲ ਦੀ ਫੀਸ ਭਰਨ ਵਿੱਚ ਅਸਮਰੱਥ ਰਹਿਣ ’ਤੇ ਜ਼ਚਾ-ਬੱਚਾ ਨੂੰ ਹਸਪਤਾਲ ਤੋਂ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਨਿਰਾਸ਼ ਹੋ ਕੇ ਬੱਚੇ ਦਾ ਪਿਤਾ ਸ਼ੁੱਕਰਵਾਰ ਨੂੰ ਬੱਚਾ ਗੋਦ ਲੈਣ ਦੇ ਇਕ ਫਰਜ਼ੀ ਸਮਝੌਤੇ ਤਹਿਤ ਮਹਿਜ਼ ਕੁਝ ਹਜ਼ਾਰ ਰੁਪਏ ਵਿੱਚ ਆਪਣੇ ਬੱਚੇ ਨੂੰ ਵੇਚਣ ਲਈ ਰਾਜ਼ੀ ਹੋ ਗਿਆ। ਐੱਸਪੀ ਸੰਤੋਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਅਤੇ ਇਸ ਅਪਰਾਧ ’ਚ ਸ਼ਾਮਲ ਵਿਚੋਲੇ ਅਮਰੇਸ਼ ਯਾਦਵ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ ਬੱਚਾ ਗੋਦ ਲੈਣ ਵਾਲਾ ਜੋੜਾ ਭੋਲਾ ਯਾਦਵ ਤੇ ਉਸ ਦੀ ਪਤਨੀ ਕਲਾਵਤੀ, ਇਕ ਫਰਜ਼ੀ ਡਾਕਟਰ ਤਾਰਾ ਕੁਸ਼ਵਾਹਾ ਅਤੇ ਹਸਪਤਾਲ ਵਿੱਚ ਕੰਮ ਕਰਦੀ ਵਰਕਰ ਸੁਗੰਤੀ ਸ਼ਾਮਲ ਹਨ। -ਪੀਟੀਆਈ