ਕੁਰੂਕਸ਼ੇਤਰ: ਪੈਨੋਰਮਾ ਤੇ ਵਿਗਿਆਨ ਕੇਂਦਰ ’ਚ ਨਵੀਂ 3ਡੀ ਫਿਲਮ ਦਾ ਉਦਘਾਟਨ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਦਸੰਬਰ
ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਅੱਜ ਕੁਰੂਕਸ਼ੇਤਰ ਪੈਨੋਰਮਾ ਤੇ ਵਿਗਿਆਨ ਕੇਂਦਰ ਵਿੱਚ ਨਵੀਂ 3ਡੀ ਫਿਲਮ ਦਾ ਦੀਪ ਜਗਾ ਕੇ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਪੈਨੋਰਮਾ ਤੇ ਸਾਇੰਸ ਸੈਂਟਰ ਗੈਰ-ਰਵਾਇਤੀ ਵਿਗਿਆਨ ਸਿੱਖਿਆ ਦੇ ਖੇਤਰ ਵਿਚ ਬੇਮਿਸਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ 3ਡੀ ਫਿਲਮ ਦਾ ਸਿਰਲੇਖ ‘ਦਿ ਮੂਨ ਓਡੀਸੀ’ ਹੈ। ਇਹ ਚੰਦਰਮਾ ਬਾਰੇ ਵਿਦਿਆਰਥੀਆਂ ਲਈ ਬਹੁਤ ਜਾਣਕਾਰੀ ਭਰਪੂਰ ਹੈ ਤੇ ਇਸ ਨੂੰ 3ਡੀ ਵਿਚ ਦੇਖਣ ਨਾਲ ਨਾ ਸਿਰਫ਼ ਵਿਦਿਆਰਥੀਆਂ ਦੀ ਦਿਲਚਸਪੀ ਵਧੇਗੀ ਸਗੋਂ ਉਹ ਪੁਲਾੜ ਖੋਜ ਦੇ ਖੇਤਰ ਵਲ ਵੀ ਪ੍ਰੇਰਿਤ ਹੋਣਗੇ। ਕੇਂਦਰ ਦੇ ਪ੍ਰਾਜੈਕਟ ਕੋਆਰਡੀਨੇਟਰ ਸੁਰੇਸ਼ ਕੁਮਾਰ ਸੋਨੀ ਨੇ ਕਿਹਾ ਕਿ ਕੇਂਦਰ ਹਰ ਰੋਜ਼ ਪ੍ਰਭਾਵਸ਼ਾਲੀ ਤੇ ਮਨੋਰੰਜਕ ਢੰਗ ਨਾਲ ਸਰੋਤਿਆਂ ਨੂੰ ਵਿਗਿਆਨ ਨਾਲ ਸਬੰਧਤ ਨਵੀਂ ਜਾਣਕਾਰੀ ਪੇਸ਼ ਕਰਦਾ ਹੈ। ਇਹੀ ਕਾਰਨ ਹੈ ਕਿ ਦਰਸ਼ਕ ਕੇਂਦਰ ਦਾ ਦੌਰਾ ਕਰਨਾ ਪਸੰਦ ਕਰਦੇ ਹਨ। ਕੇਂਦਰ ਦੇ ਸਿੱਖਿਆ ਅਧਿਕਾਰੀ ਜਤਿੰਦਰ ਕੁਮਾਰ ਦਾਸ ਨੇ ਦੱਸਿਆ ਕਿ 3ਡੀ ਫਿਲਮ ਦਾ ਅਰਥ ਹੈ, ਉਹ ਫਿਲਮਾਂ ਜਿਨ੍ਹਾਂ ਵਿੱਚ ਵਸਤੂਆਂ, ਪਾਤਰ ਦਰਸ਼ਕ ਵੱਲ ਆਉਂਦੇ ਦਿਖਾਈ ਦਿੰਦੇ ਹਨ। ਇਹ ਫਿਲਮਾਂ ਆਮ ਤੌਰ ’ਤੇ 3ਡੀ ਗਲਾਸਾਂ ਦੀ ਮਦਦ ਨਾਲ ਦੇਖੀਆਂ ਜਾਂਦੀਆਂ ਹਨ ਜੋ ਹਰੇਕ ਅੱਖ ਲਈ ਵੱਖਰੀਆਂ ਤਸਵੀਰਾਂ ਬਣਾਉਣ ਲਈ 3ਡੀ ਮੂਵੀ ਵਿਚ ਧਰੁਵੀਕਰਨ ਦੀ ਵਰਤੋਂ ਕਰਦੀਆਂ ਹਨ। ਇਸ ਨੂੰ ਦਿਮਾਗ ਫਿਰ ਇੱਕ ਸਿੰਗਲ 3ਡੀ ਫਿਲਮ ਬਣਾਉਣ ਲਈ ਮਿਲਾਉਂਦਾ ਹੈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬਰੀ ਪਾਨੀਪਤ ਦੇ ਵਿਦਿਆਰਥੀ ਮੌਜੂਦ ਸਨ।