ਕੁਰੂਕਸ਼ੇਤਰ: ਪੰਜ ਵਾਰਡਾਂ ਤੋਂ 40 ਨਾਮਜ਼ਦਗੀਆਂ ਦਾਖ਼ਲ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 28 ਦਸੰਬਰ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸ਼ਨਿਚਰਵਾਰ ਨੂੰ ਆਖਰੀ ਦਿਨ ਸੀ। ਇਸ ਅਨੁਸਾਰ ਕੁਰੂਕਸ਼ੇਤਰ ਜ਼ਿਲ੍ਹੇ ਦੇ 5 ਵਾਰਡਾਂ ਲਈ ਕੁੱਲ 40 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਵਿੱਚ ਵਾਰਡ-11 ਪਿਹੋਵਾ ਤੋਂ 5, ਵਾਰਡ-12 ਮੁਰਤਜਾਪੁਰ ਤੋਂ 9, ਵਾਰਡ-13 ਸ਼ਾਹਬਾਦ ਤੋਂ 10, ਵਾਰਡ -14 ਲਾਡਵਾ ਤੋਂ 10 ਅਤੇ ਵਾਰਡ-15 ਥਾਨੇਸਰ ਤੋਂ 6 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਛਾਂਟੀ 30 ਦਸੰਬਰ ਨੂੰ ਹੋਵੇਗੀ। ਦੱਸ ਦੇਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 19 ਜਨਵਰੀ ਨੂੰ ਹੋਣੀਆਂ ਹਨ। ਵਾਰਡ 11 ਪਿਹੋਵਾ ਦੇ ਪਿੰਡ ਸਿਆਣਾ ਸੈਦਾ ਦੇ ਕੁਲਦੀਪ ਸਿੰਘ, ਪਿੰਡ ਸਿਆਣਾ ਸੈਦਾ ਦੀ ਮਨਜੀਤ ਕੌਰ, ਗੁਰੂ ਅਮਰਦਾਸ ਕਲੋਨੀ ਦੇ ਸਤਪਾਲ ਸਿੰਘ, ਜੁਰਾਸੀ ਖੁਰਦ ਦੇ ਹਰਬੰਸ ਸਿੰਘ, ਜੁਰਾਸੀ ਖੁਰਦ ਦੇ ਪੂਰਨ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਵਾਰਡ-12 ਮੁਰਤਜਾਪੁਰ ਵਿੱਚ ਚਨਾਲਹੇੜੀ ਤੋਂ ਇੰਦਰਜੀਤ ਸਿੰਘ, ਚਨਾਲਹੇੜੀ ਤੋਂ ਅਮਰੀਕ ਕੌਰ, ਭੌਰ ਸੈਦਾ ਤੋਂ ਅੰਮ੍ਰਿਤਪਾਲ, ਭੌਰ ਸੈਦਾ ਤੋਂ ਕਰਮਜੀਤ ਕੌਰ, ਪਿੰਡ ਤਲਹੇੜੀ ਤੋਂ ਮਨਪ੍ਰੀਤ ਸਿੰਘ, ਪਿੰਡ ਗੁੰਮਥਲਾ ਗੱਡੂ ਤੋਂ ਰਿਪੁਧਵਨ ਸਿੰਘ ਚੀਮਾ, ਪਿੰਡ ਨੈਂਸੀ ਤੋਂ ਜਵਾਹਰ ਸਿੰਘ, ਪਿੰਡ ਦੁਨੀਆ ਮਾਜਰਾ ਤੋਂ ਇਕਬਾਲ ਸਿੰਘ, ਪਿੰਡ ਠਸਕਾ ਮੀਰਾਜੀ ਤੋਂ ਸੁਰਜੀਤ ਸਿੰਘ ਨੇ ਨਾਮਜ਼ਦਗੀ ਦਾਖਲ ਕੀਤੇ ਹਨ। ਦੂਜੇ ਪਾਸੇ ਵਾਰਡ 13 ਸ਼ਾਹਾਬਾਦ ਦੇ ਮੁਹੱਲਾ ਖਤਰਵਾੜਾ ਤੋਂ ਮਨਜੀਤ ਸਿੰਘ, ਪਿੰਡ ਨਗਲਾ ਤੋਂ ਗੁਰਜੀਤ ਸਿੰਘ, ਪਿੰਡ ਖਰਿੰਡਵਾ ਤੋਂ ਸੱਜਣ ਸਿੰਘ, ਪਿੰਡ ਲੰਡੀ ਤੋਂ ਹਰਚਰਨ ਸਿੰਘ, ਪਿੰਡ ਨਗਲਾ ਤੋਂ ਸੁਖਮੀਤ ਸਿੰਘ, ਪਿੰਡ ਨਲਵੀ ਤੋਂ ਬੇਅੰਤ ਸਿੰਘ, ਪਿੰਡ ਦਾਮਲੀ ਤੋਂ ਕਰਤਾਰ ਸਿੰਘ ਨੇ ਨਾਮਜ਼ਦਗੀ ਭਰੀ ਹੈ।
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪਹਿਲੀ ਚੋਣ ਲੜਨ ਲਈ ਬੀਬੀ ਰਾਵਿੰਦਰ ਕੌਰ ਅਜਰਾਨਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਉਹ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਨਤਮਸਤਕ ਹੋਏ।
ਇਸ ਤੋਂ ਬਾਅਦ ਉਹ ਨਾਮਜ਼ਦਗੀ ਫਾਰਮ ਭਰਨ ਲਈ ਐਸਡੀਐਮ ਥਾਨੇਸਰ ਦੇ ਦਫ਼ਤਰ ਪੁੱਜੇ। ਇੱਥੇ ਉਨ੍ਹਾਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਮੀਡੀਆ ਰਾਹੀਂ ਸੰਗਤ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਸ਼ਹੀਦੀ ਦਿਹਾੜੇ ਦੇ ਸਮਾਗਮ ਚੱਲ ਰਹੇ ਹਨ, ਇਸ ਲਈ ਉਹ ਪੂਰੀ ਸਾਦਗੀ ਨਾਲ ਨਾਮਜ਼ਦਗੀ ਪੱਤਰ ਭਰਨ ਲਈ ਆਏ ਹਨ।
ਫਰੀਦਾਬਾਦ ਹਲਕੇ ਤੋਂ ਸੱਤ ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ
ਫਰੀਦਾਬਾਦ (ਪੱਤਰ ਪ੍ਰੇਰਕ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਫਰੀਦਾਬਾਦ ਹਲਕੇ ਤੋਂ ਸੱਤ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਦਾਖ਼ਲ ਕੀਤੇ ਗਏ ਹਨ। ਇੱਥੇ ਕਰੀਬ ਪੰਜ ਹਜ਼ਾਰ ਸਿੱਖਾਂ ਦੀਆਂ ਵੋਟਾਂ ਹਨ। ਜਵਾਹਰ ਕਲੋਨੀ ਦੇ ਰਹਿਣ ਵਾਲੇ ਸੁਖਦੇਵ ਸਿੰਘ ਖ਼ਾਲਸਾ ਵੱਲੋਂ ਕਾਗਜ਼ ਦਾਖ਼ਲ ਕਰਨ ਮਗਰੋਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਧਰਮ ਪ੍ਰਚਾਰ ਅਤੇ ਪਸਾਰ ਕਰਨਾ ਉਨ੍ਹਾਂ ਦੀ ਪ੍ਰਮੁੱਖਤਾ ਹੋਵੇਗੀ। ਸਨਅਤਕਾਰ ਮੋਹਨ ਸਿੰਘ ਵੱਲੋਂ ਆਪਣੇ ਇਲਾਕੇ ਦੇ ਪਤਵੰਤਿਆਂ ਨਾਲ ਜਾ ਕੇ ਚੋਣ ਅਧਿਕਾਰੀ ਕੋਲ ਪਰਚੇ ਭਰੇ ਗਏ। ਹੋਰ ਉਮੀਦਵਾਰਾਂ ਵਿੱਚ ਗੁਰਪ੍ਰਸਾਦ ਸਿੰਘ, ਸੰਨੀ, ਐਸ ਐਸ ਬਾਂਗਾ, ਰਵਿੰਦਰ ਸਿੰਘ ਰਾਣਾ ਅਤੇ ਕੇਸਰ ਸਿੰਘ ਸ਼ਾਮਲ ਹਨ। ਮੋਹਨ ਸਿੰਘ ਨੇ ਕਿਹਾ ਕਿ ਇਸ ਚੋਣ ਮੁਹਿੰਮ ਨੂੰ ਕੁੜੱਤਣ ਤੋਂ ਦੂਰ ਰੱਖਿਆ ਜਾਵੇਗਾ ਅਤੇ ਆਪਸੀ ਭਾਈਚਾਰਾ ਕਾਇਮ ਰਹੇਗਾ।
ਕੈਥਲ ਦੇ ਤਿੰਨ ਵਾਰਡਾਂ ਵਿੱਚ ਉਮੀਦਵਾਰਾਂ ਵੱਲੋਂ ਪਰਚੇ ਦਾਖਲ
ਗੂਹਲਾ ਚੀਕਾ (ਰਾਮ ਕੁਮਾਰ ਮਿੱਤਲ): ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਪ੍ਰੀਤੀ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 20 ਗੂਹਲਾ, ਵਾਰਡ ਨੰਬਰ 21 ਕਾਂਗਥਲੀ, ਵਾਰਡ ਨੰਬਰ 22 ਕੈਥਲ ਵਿਚ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਨਾਮਜ਼ਦਗੀਆਂ ਦੀ ਪੜਤਾਲ 30 ਦਸੰਬਰ ਨੂੰ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਰਡ ਨੰਬਰ 20 ਗੂਹਲਾ ਵਿੱਚ ਕੁੱਲ 7 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਖਜ਼ਾਨ ਸਿੰਘ, ਸੁਖਚੈਨ ਸਿੰਘ, ਗੁਰਮੀਤ ਸਿੰਘ, ਮੇਜਰ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ ਸ਼ਾਮਲ ਹਨ।
ਮਨਜੀਤ ਸਿੰਘ ਖਾਲਸਾ ਨੇ ਨਾਮਜ਼ਦਗੀ ਭਰੀ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਹਲਕਾ ਸ਼ਾਹਬਾਦ ਵਾਰਡ ਨੰਬਰ 13 ਤੋਂ ਮਨਜੀਤ ਸਿੰਘ ਖਾਲਸਾ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਚ ਅਰਦਾਸ ਕਰ ਕੇ ਮੱਥਾ ਟੇਕਿਆ ਤੇ ਗੁਰੂ ਘਰ ਤੋਂ ਅਸ਼ੀਰਵਾਦ ਲਿਆ। ਗੁਰੂ ਤੇਗ ਬਹਾਦਰ ਸੇਵਕ ਸਭਾ ਦੇ ਬੁਲਾਰੇ ਜਗਦੇਵ ਸਿੰਘ ਗਾਬਾ ਨੇ ਉਨ੍ਹਾਂ ਨੂੰ ਆਪਣੀ ਸਭਾ ਵਲੋਂ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਖਾਲਸਾ ਪੜ੍ਹੇ ਲਿਖੇ ਮਿਹਨਤੀ ਤੇ ਇਮਾਨਦਾਰ ਉਮੀਦਵਾਰ ਹਨ। ਇਸ ਮੌਕੇ ਇਤਿਹਾਸਕ ਗੁਰਦੁਆਰਾ ਮਸਤਗੜ੍ਹ ਸਾਹਿਬ ਦੇ ਪ੍ਰਧਾਨ ਸੁਖਵੰਤ ਸਿੰਘ ਕਲਸਾਣੀ, ਬਲਿਹਾਰ ਸਿੰਘ, ਕੁਲਦੀਪ ਸਿੰਘ ਢਿੱਲੋਂ, ਜਗੀਰ ਸਿੰਘ ਕੰਬੋਜ, ਹਰਜੀਤ ਸਿੰਘ ਰਾਣਾ, ਜਗਜੀਤ ਸਿੰਘ ਮੱਕੜ, ਹਰਭਜਨ ਸਿੰਘ ਸੇਠੀ, ਜਸਪਾਲ ਸਿੰਘ ਮੈਨੇਜਰ, ਸੁਰਜੀਤ ਸਿੰਘ ਜੁਨੇਜਾ, ਸੁਖਬੀਰ ਸਿੰਘ ਬਿੱਟਾ, ਹਰਵਿੰਦਰ ਸਿੰਘ ਬਿੰਦਰਾ, ਮੋਹਨ ਸਿੰਘ ਖਾਲਸਾ, ਦਲਵਿੰਦਰ ਸਿੰਘ ਆਦਿ ਮੌਜੂਦ ਸਨ।