ਕੁਰੜ ਦੇ ਮਜ਼ਦੂਰਾਂ ਵੱਲੋਂ ਦੂਜੇ ਦਿਨ ਵੀ ਗਰਿੱਡ ਅੱਗੇ ਧਰਨਾ
ਨਵਕਿਰਨ ਸਿੰਘ
ਮਹਿਲ ਕਲਾਂ, 19 ਅਗਸਤ
ਬਿਜਲੀ ਦੇ ਕੱਟਾਂ ਤੇ ਘੱਟ ਵੋਲਟੇਜ ਸਪਲਾਈ ਤੋਂ ਅੱਕੇ ਪਿੰਡ ਕੁਰੜ ਦੇ ਦਲਿਤ ਭਾਈਚਾਰੇ ਵੱਲੋਂ ਵੱਧ ਸਮਰੱਥਾ ਵਾਲਾ ਟਰਾਂਸਫਾਰਮਰ ਰੱਖਣ ਦੀ ਮੰਗ ਲਈ ਅੱਜ ਦੂਜੇ ਦਿਨ ਵੀ ਪਾਵਰਕੌਮ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਮੌਕੇ ਸੀਟੀਯੂ ਪੰਜਾਬ ਦੀ ਸੂਬਾ ਜੁਆਇੰਟ ਸਕੱਤਰ ਪਰਮਜੀਤ ਕੌਰ ਗੁੰਮਟੀ, ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸਰਪ੍ਰਸਤ ਮਲਕੀਤ ਸਿੰਘ ਬਰਨਾਲਾ, ਔਰਤ ਮੁਕਤੀ ਸੰਘਰਸ਼ ਕਮੇਟੀ ਦੀ ਆਗੂ ਗੁਰਪ੍ਰੀਤ ਕੌਰ,ਮਗਨਰੇਗਾ ਵਰਕਰ ਯੂਨੀਅਨ ਆਗੂ ਮਹਿੰਦਰ ਸਿੰਘ ਕੁਰੜ, ਅਤੇ ਬਸਪਾ ਦੇ ਏਕਮ ਸਿੰਘ ਛੀਨੀਵਾਲ ਨੇ ਕਿਹਾ ਅਤਿ ਦੀ ਗਰਮੀ ਵਿੱਚ ਮਜ਼ਦੂਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਰਹੇ ਹਨ। ਕੱਲ੍ਹ ਥਾਣਾ ਠੁੱਲੀਵਾਲ ਦੇ ਐਸਐਚਓ ਲਖਵਿੰਦਰ ਸਿੰਘ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਸਬੰਧੀ ਜਥੇਬੰਦੀ ਦੇ ਆਗੂਆਂ ਅਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਥਾਣੇ ਬੁਲਾ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਹਿਮਤੀ ਨਾ ਬਣ ਸਕੀ। ਮਜਦੂਰਾਂ ਨੇ ਕਿਹਾ ਕਿ ਜਦ ਤੱਕ ਟਰਾਂਸਫਾਰਮਰ ਨਹੀਂ ਰੱਖਿਆ ਜਾਂਦਾ ਤਦ ਤੱਕ ਸੰਘਰਸ਼ ਜਾਰੀ ਰਹੇਗਾ।ਦੂਜੇ ਪਾਸੇ ਸਬ ਡਿਵੀਜ਼ਨ ਠੁੱਲੀਵਾਲ ਦੇ ਐਸਡੀਓ ਸੱਤਪਾਲ ਸਿੰਘ ਨੇ ਕਿਹਾ ਕਿ ਮਹਿਕਮੇ ਵੱਲੋਂ ਪਿੰਡ ਪੰਚਾਇਤ ਦੀ ਸਹਿਮਤੀ ਨਾਲ ਮਸਲੇ ਨੂੰ ਸੁਲਝਾ ਲਿਆ ਜਾਵੇਗਾ।