ਕੁਰਾਲੀ ਦਾ ਸ਼ਹੀਦ ਬੇਅੰਤ ਸਿੰਘ ਹਾਕੀ ਸਟੇਡੀਅਮ ਅਣਦੇਖੀ ਦਾ ਸ਼ਿਕਾਰ
ਮਿਹਰ ਸਿੰਘ
ਕੁਰਾਲੀ, 25 ਜੂਨ
ਕੁਰਾਲੀ ਸ਼ਹਿਰ ਤੇ ਇਲਾਕੇ ਵਿੱਚ ਹਾਕੀ ਦੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਸਥਾਨਕ ਸਿਸਵਾਂ ਰੋਡ ‘ਤੇ ਬਣਿਆ ਹਾਕੀ ਸਟੇਡੀਅਮ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੈ। ਕੌਮਾਂਤਰੀ ਤੇ ਕੌਮੀ ਪੱਧਰ ਦੇ ਕਈ ਖਿਡਾਰੀ ਪੈਦਾ ਕਰਨ ਵਾਲੇ ਇਸ ਸਟੇਡੀਅਮ ਦੀ ਖਸਤਾ ਹਾਲਤ ਲਈ ਕੌਂਸਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕੌਂਸਲ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦ ਵਿੱਚ ਬਣਾਏ ਇਸ ਖੇਡ ਸਟੇਡੀਅਮ ਦਾ ਉਦਘਾਟਨ ਬੇਅੰਤ ਸਿੰਘ ਦੀ ਪਤਨੀ ਬੀਬੀ ਜਸਵੰਤ ਕੌਰ ਵੱਲੋਂ 27 ਜੂਨ 2004 ਨੂੰ ਕੀਤਾ ਗਿਆ ਸੀ।
ਤਤਕਾਲੀ ਖੇਡ ਮੰਤਰੀ ਜਗਮੋਹਨ ਸਿੰਘ ਕੰਗ ਦੇ ਉਪਰਾਲੇ ਸਦਕਾ ਬਣਾਏ ਇਸ ਸਟੇਡੀਅਮ ਵਿੱਚ ਲੰਬੇ ਸਮੇਂ ਤੱਕ ਕੋਚ ਅੰਮ੍ਰਿਤਪਾਲ ਦੀ ਅਗਵਾਈ ਹੇਠ ਹਾਕੀ ਦੀ ਸਿਲਖਾਈ ਦਿੱਤੀ ਜਾਂਦੀ ਰਹੀ ਜਿਸ ਕਾਰਨ ਇਸ ਸਟੇਡੀਅਮ ਨੇ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਕਪਤਾਨ ਅਤੇ ਭਾਰਤੀ ਟੀਮ ਦੇ ਮੈਂਬਰ ਰਹੇ ਹਰਜੀਤ ਸਿੰਘ ਤੁਲੀ ਜਿਹੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਤੋਂ ਇਲਾਵਾ ਕਈ ਕੌਮੀ ਖਿਡਾਰੀ ਪੈਦਾ ਕੀਤੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਹਾਕੀ ਸਟੇਡੀਅਮ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੈ।
ਇਸ ਹਾਕੀ ਸਟੇਡੀਅਮ ਦਾ ਦੌਰਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਇਸ ਸਟੇਡੀਅਮ ਨੂੰ ਅਣਗੌਲਿਆਂ ਕਰਨ ‘ਤੇ ਅਫ਼ਸੋਸ ਜ਼ਾਹਿਰ ਕੀਤਾ। ਸ੍ਰੀ ਕੰਗ ਨੇ ਨਗਰ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਇਸ ਖੇਡ ਸਟੇਡੀਅਮ ਦੀ ਸਾਰ ਲਈ ਜਾਵੇ ਅਤੇ ਇਸ ਸਟੇਡੀਅਮ ਨੂੰ ਪਹਿਲਾਂ ਵਾਲੇ ਰੂਪ ਵਿੱਚ ਲਿਆਂਦਾ ਜਾਵੇ।
ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਮੱਸਿਆ ਪੇਸ਼ ਆ ਰਹੀ ਹੈ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਹਾਕੀ ਸਟੇਡੀਅਮ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਤਾਂ ਹੈ ਪਰ ‘ਆਪ’ ਸਰਕਾਰ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਮੱਸਿਆ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਕੰਗ ਸਾਹਿਬ ਦੀ ਪਾਰਟੀ ਦੀ ਹੀ ਹੈ, ਇਸ ਲਈ ਕੰਗ ਸਾਹਿਬ ਹੀ ਸਰਕਾਰ ਰਾਹੀਂ ਸਟੇਡੀਅਮ ਦੀ ਦਿੱਖ ਨੂੰ ਸੰਵਾਰਨ ਲਈ ਉਪਰਾਲਾ ਕਰਨ।