ਕੁਰਾਲੀ: ਕੈਮੀਕਲ ਫੈਕਟਰੀ ’ਚ ਦੂਜੇ ਦਨਿ ਵੀ ਧੁਖਦੀ ਰਹੀ ਅੱਗ
ਮਿਹਰ ਸਿੰਘ
ਕੁਰਾਲੀ, 28 ਸਤੰਬਰ
ਇੱਥੋਂ ਦੇ ਉਦਯੋਗਿਕ ਫੋਕਲ ਪੁਆਇੰਟ ਦੀ ਸ਼ੈਮਰੌਕ ਕੈਮੀਕਲਜ਼ ਫੈਕਟਰੀ ਨੂੰ ਲੱਗੀ ਅੱਗ ’ਤੇ ਭਾਵੇਂ ਕਾਬੂ ਪਾ ਲਿਆ ਗਿਆ ਹੈ ਪਰ ਫੈਕਟਰੀ ਵਿੱਚ ਅੱਗ ਹਾਲੇ ਵੀ ਧੁਖ ਰਹੀ ਹੈ ਅਤੇ ਧੂੰਆਂ ਲਗਾਤਾਰ ਨਿਕਲ ਰਿਹਾ ਹੈ। ਉਧਰ ਹਸਪਤਾਲ ’ਚ ਦਾਖ਼ਲ ਹਾਦਸਾ ਪੀੜਤ ਪੰਜ ਮਹਿਲਾਵਾਂ ’ਚੋਂ ਦੋ ਦੀ ਹਾਲਤ ਗੰਭੀਰ ਅਤੇ ਇੱਕ ਦੀ ਹਾਲਤ ਅਤਿ ਨਾਜ਼ੁਕ ਦੱਸੀ ਜਾ ਰਹੀ ਹੈ। ਇਸੇ ਦੌਰਾਨ ਇੱਕ ਵਿਅਕਤੀ ਨੇ ਉਸ ਦੀ ਪਤਨੀ ਦੇ ਫੈਕਟਰੀ ਅੰਦਰ ਲੱਗੀ ਅੱਗ ’ਚ ਸੜਨ ਦਾ ਦਾਅਵਾ ਕੀਤਾ ਹੈ। ਘਟਨਾ ਕਾਰਨ ਫੈਕਟਰੀ ਦੀ ਇਮਾਰਤ ਅਤੇ ਅੰਦਰ ਖੜ੍ਹੇ ਦੋ ਟੈਂਕਰ, ਇੱਕ ਪਿਕਅੱਪ ਗੱਡੀ, ਕਈ ਮੋਟਰਸਾਈਕਲ ਅਤੇ ਸਾਈਕਲ ਸੜ ਸੁਆਹ ਹੋ ਗਏ ਹਨ ਜਦਕਿ ਜ਼ਖ਼ਮੀਆਂ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਹਾਲੇ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਹੈ।
ਫੈਕਟਰੀ ’ਚ ਅੱਜ ਵੀ ਕਈ ਥਾਵਾਂ ’ਤੇ ਅੱਗ ਦੀਆਂ ਲਪਟਾਂ ਉੱਠਦੀਆਂ ਰਹੀਆਂ। ਕਾਰਜਸਾਧਕ ਅਫ਼ਸਰ ਪਰਮਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਸੈਨੇਟਰੀ ਵਿਭਾਗ ਦੀ ਟੀਮ ਫੈਕਟਰੀ ਵਿੱਚੋਂ ਮਲਬਾ ਕੱਢ ਰਹੀ ਹੈ ਜਦਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਧੁਖਦੀ ਅੱਗ ਬੁਝਾਉਣ ’ਚ ਜੁਟੀਆਂ ਹਨ। ਇਸੇ ਦੌਰਾਨ ਫੌਰੈਂਸਿਕ ਟੀਮਾਂ ਨੇ ਫੈਕਟਰੀ ਦਾ ਦੌਰਾ ਕੀਤਾ ਅਤੇ ਘਟਨਾ ਦੇ ਕਾਰਨਾਂ ਅਤੇ ਅੰਦਰ ਹੋਏ ਕਿਸੇ ਜਾਨੀ ਨੁਕਸਾਨ ਸਬੰਧੀ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ।
ਦੂਜੇ ਪਾਸੇ ਫੈਕਟਰੀ ’ਚ ਕੰਮ ਕਰਨ ਵਾਲੀ ਮਹਿਲਾ ਚਾਨਣੀ ਦੇਵੀ ਦਾ ਪਤੀ ਰਣਵੀਰ ਸਿੰਘ ਉਸ ਦੀ ਭਾਲ ਲਈ ਅੱਜ ਘਟਨਾ ਸਥਾਨ ’ਤੇ ਗੇੜੇ ਮਾਰਦਾ ਰਿਹਾ। ਉਸ ਨੇ ਫੈਕਟਰੀ ’ਚੋਂ ਆਪਣੀ ਪਤਨੀ ਦੀਆਂ ਹੱਡੀਆਂ ਮਿਲਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਰਣਵੀਰ ਨੇ ਕਿਹਾ ਕਿ ਉਸ ਦੇ ਦਾਅਵੇ ਦੇ ਬਾਵਜੂਦ ਮੌਕੇ ’ਤੇ ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਸ ਦੀ ਗੱਲ ਵੱਲ ਤਵੱਜੋ ਨਹੀਂ ਦਿੱਤੀ ਗਈ। ਹਾਲੇ ਤੱਕ ਇਹ ਵੀ ਪਤਾ ਨਹੀਂ ਲੱਗਾ ਹੈ ਕਿ ਘਟਨਾ ਵੇਲੇ ਫੈਕਟਰੀ ’ਚ ਕਿੰਨੇ ਕਾਮੇ ਸਨ ਅਤੇ ਕੰਪਨੀ ਦੇ ਦਫ਼ਤਰ ਹਾਜ਼ਰੀ ਵਾਲਾ ਰਿਕਾਰਡ ਵੀ ਨਹੀਂ ਮਿਲਿਆ ਹੈ। ਸਥਾਨਕ ਥਾਣਾ ਸਿਟੀ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਦੇ ਫੈਕਟਰੀ ਦੇ ਅੰਦਰ ਹੋਣ ਦੇ ਸਬੂਤ ਨਹੀਂ ਮਿਲੇ ਅਤੇ ਘਟਨਾ ਸਬੰਧੀ ਕਾਨੂੰਨੀ ਕਾਰਵਾਈ ਲਈ ਅਧਿਕਾਰੀਆਂ ਤੋਂ ਅਗਵਾਈ ਲਈ ਜਾ ਰਹੀ ਹੈ।